ਜਿਊਣ ਜੋਗੀ
ਚਲੋ ਹੁਣ ਉਸਦੀ ਗੱਲ
ਕਿਸੇ ਹੋਰ ਲਹਿਜੇ ‘ਚ ਕਰੀਏ
ਪਾਣੀ ‘ਚ ਸੁੱਟ ਗੁਲਾਬ ਦੀਆਂ ਪੱਤੀਆਂ
ਖੁਸ਼ਬੂ ਨਾਲ ਆਪਣਾ ਆਪਾ ਭਰੀਏ!
ਚਲੋ ਹੁਣ ਜੀਊਣ ਜੋਗੀ ਦੀ ਗੱਲ
ਕੁਝ ਇੰਝ ਕਰੀਏ-
ਉਹ ਕੁਦਰਤ ਦਾ ਇਕ ਸ਼ਗਨ
ਉਹ ਧਰਤੀ,
ਉਹ ਗਗਨ,
ਉਹ ਪੌਣ-ਪਾਣੀ ਤੇ ਅਗਨ !
ਵੀਣਾ ਵੀ ਉਹੀ, ਸੰਗੀਤ ਵੀ ਉਹੀ
ਉਹ ਸਿਰਜਣਹਾਰੀ, ਪ੍ਰੀਤ ਵੀ ਉਹੀ!
ਉਹ ਸੂਰਜ ਦੇ ਨਾਲ ਚੜ੍ਹਦੀ
ਸੂਰਜ ਦੇ ਵਾਂਗ ਚਮਕਦੀ
ਚੁਫੇਰਾ ਰੌਸ਼ਨ ਕਰਕੇ
ਸੂਰਜ ਦੇ ਨਾਲ ਅਸਤਦੀ
ਸੂਰਜ ਵਾਂਗ ਹੀ
ਮੁੜ ਉੱਗ ਆਉਣ ਦਾ ਵਾਅਦਾ ਕਰਦੀ!
ਰਾਤ ਪਈ ਜਦ ਪੰਛੀ ਘਰ ਨੂੰ ਮੁੜਦੇ
ਉਹ ਬੋਝਲ ਪਲਕਾਂ ਬੰਦ ਕਰਦੀ
ਸੁਪਨ-ਲੋਕ ਵਿਚ ਤੁਰੀ ਫਿਰਦੀ
ਚੰਨ ਦੀਆਂ ਰਿਸ਼ਮਾਂ ਵੰਡਦੀ!
ਦਿਨ ਭਰ ਦੇ ਕਾਲ਼ੇ ਸਾਏ
ਜੋ ਉਸਦੀਆਂ ਸੋਚਾਂ ਦੇ ਕਾਸੇ ‘ਚ ਭਰ ਆਏ
ਕੌਫੀ ਦੇ ਪਿਆਲੇ ਦੀ ਭਾਫ਼ ‘ਚ ਉਡਾ ਛੱਡਦੀ
ਹੌਲੀ ਹੌਲੀ ਘੁੱਟ ਭਰਦੀ
ਸਹਿਜੇ-ਸਹਿਜੇ ਮਨ ਸਹਿਜ ਕਰਦੀ!
ਤਨਹਾ ਸ਼ਾਮਾਂ ਨੂੰ
ਮੋਮਬੱਤੀਆਂ ਬਾਲ਼ ਲੋਅ ਕਰਦੀ
ਰੂਹ ਦੇ ਜ਼ਖ਼ਮਾਂ ਨੂੰ ਟਕੋਰ ਕਰਦੀ
ਕੋਸੇ ਕੋਸੇ ਡੂੰਘੇ ਪਾਣੀਆਂ ‘ਚ ਉੱਤਰ ਜਾਂਦੀ
ਰੋਜ਼ਮੇਰੀ, ਵਨੀਲਾ, ਲੈਵੰਡਰ ਅਤੇ ਸਿਨੇਮਨ
ਅਰੋਮਾ ਥੈਰੇਪੀ ਅਤੇ ਨੈਚਰੋਪੈਥੀ
ਉਸਦੀਆਂ ਨਾਸਾਂ ‘ਚੋਂ ਲੰਘ
ਉਸਦੀਆਂ ਨਸਾਂ ‘ਚ ਦੌੜਣ ਲੱਗਦੇ
ਉਹ ਹੋਰ ਨਿੱਖਰ ਜਾਂਦੀ
ਹੋਰ ਮਜ਼ਬੂਤ ਹੋ ਜਾਂਦੀ!
ਵਾਰ-ਐਤਵਾਰ ਦੀਆਂ ਸੀਤ ਰਾਤਾਂ ਦੇ ਹਨੇਰੇ
ਉਸ ਦੇ ਗੱਲ ‘ਚ ਬਾਹਾਂ ਪਾ
ਸਲੋਅ ਡਾਂਸ ਕਰਦੇ
ਉਹ ਆਪਣੇ ਦਿਲ ਦੀਆਂ
ਬੰਜਰ ਗਹਿਰਾਈਆਂ ‘ਚੋਂ
ਇਕ ਗੀਤ ਕੱਢਦੀ
ਖੂਬ ਹੱਸਦੀ
ਉਦਾਸੀ ਦਾ ਕਤਲ ਕਰਦੀ !
ਉਹ ਇਕ ਕੁਕਨੂਸ
ਰੋਜ਼ ਮਰਦੀ
ਰੋਜ਼ ਆਪਣੀ ਰਾਖ ‘ਚੋਂ ਉੱਠ ਖੜਦੀ
ਦਿਨ ਚੜ੍ਹਦਿਆਂ ਆਪਣੇ ਸੁਪਨਿਆਂ ‘ਤੇ
ਇਤਰ ਛਿੜਕਦੀ
ਅਤੇ ਦਿਸਹੱਦਿਆਂ ਵੱਲ ਨੂੰ ਤੁਰ ਪੈਂਦੀ!
ਉਹ ਇਕ ਹਕੀਕਤ
ਇਕ ਤਵਾਰੀਖ
ਵਕਤ ਉਸਨੂੰ ਹੋੜ ਸਕਦਾ ਨਹੀਂ
ਕੋਈ ਉਸਦੇ ਖੰਭ ਤੋੜ ਸਕਦਾ ਨਹੀਂ
ਕੋਈ ਉਸਦੇ ਕਦਮ ਮੋੜ ਸਕਦਾ ਨਹੀਂ!
ਉਹ ਜਾਣਦੀ ਹੈ ਕਿ
ਉਹ ਐਵੈਂ ਹੀ ਨਹੀਂ ਜਨਮੀ;
ਉਹ ਵੀਰਾਂਗਣਾ ਹੈ
ਉਸਨੇ ਸਿਰਜਣਾ ਹੈ
ਉਸਨੇ ਇਸ ਸਦੀ ਦੀ ਤਲੀ ‘ਤੇ
ਸ਼ਾਂਤੀ ਦਾ ਪੈਗ਼ਾਮ ਧਰਨਾ ਹੈ
ਅਤੇ ਵਕਤ ਨੂੰ ਜਿਊਣ ਜੋਗਾ ਕਰਨਾ ਹੈ!
ਇਹ ਸਿਲਸਿਲਾ
ਧੁੱਪਾਂ ਤੇ ਬਾਰਿਸ਼ਾਂ ਦਾ ਹੈ ਜੋ ਸਿਲਸਿਲਾ
ਇਹ ਜੋ ਮਹਿਕਦੀ ਹੈ ਚੁਫੇਰੇ ਚੰਚਲ ਹਵਾ
ਇਹ ਜੋ ਇਨ੍ਹਾਂ ਬਰਫ਼ਾਂ ਦਾ ਹੈ ਆਗਮਨ
ਇਹ ਜੋ ਸੀਤ ਲਹਿਰ ਦਾ ਹੈ ਚਲਨ
ਇਹ ਜੋ ਪੈ ਜਾਂਦਾ ਅੰਬੀਆਂ ਨੂੰ ਬੂਰ
ਇਹ ਸਭ ਉਸਦੀ ਰਹਿਮਤ ਦਾ ਨੂਰ
ਇਹ ਮਿੱਟੀ ‘ਚ ਕੋਈ ਮੋਹ ਜਗਾ ਦਿੰਦੈ
ਇਹ ਫੁੱਲਾਂ ਨੂੰ ਸੂਹੇ ਰੰਗ ਚੜ੍ਹਾ ਦਿੰਦੈ!

Read more
ਬਲਵਿੰਦਰ ਸੰਧੂ
ਹਰਮੀਤ ਵਿਦਿਆਰਥੀ
ਅਮਰਜੀਤ ਕੌਂਕੇ