
ਬੁਝਿਆ ਹਾਂ ਦੀਪ ਵਾਗੂੰ,
ਧੁੰਦ ਵਾਂਗ ਛਟ ਗਿਆ ਹਾਂ
ਤੇਰੇ ਵਜੂਦ ਅੱਗੇ
ਕਿੰਨਾ ਸਿਮਟ ਗਿਆ ਹਾਂ
ਮੈਂ ਲਹਿ ਗਿਆ ਹਾਂ
ਹਉਂ ਦੇ ਝੂਠੇ ਚਬੂਤਰੇ ‘ਤੋਂ
ਮੈਂ ਕਲਪਨਾ ਦੇ ਫ਼ਰਜ਼ੀ ਰਾਹਾਂ ‘ਚੋਂ
ਹਟ ਗਿਆ ਹਾਂ
ਝੱਲੀ ਨਹੀਂ ਸੀ ਜਾਂਦੀ ਏਨੀ ਘੁਟਨ,
ਮੈਂ ਤਾਹੀਓਂ
ਦੁਨੀਆ ਦੀ ਭੀੜ ਵਿੱਚੋਂ
ਥੋੜਾ ਕੁ ਘਟ ਗਿਆ ਹਾਂ
ਦੁਨੀਆ ਦਾ ਕੂੜ ਮੈਨੂੰ
ਸੋਨਾ ਪਛਾਣਦਾ ਸੀ
ਲੈ ਵੇਖ, ਤੇਰੇ ਸਾਹਵੇਂ,
ਮਿੱਟੀ ‘ਚ ਵਟ ਗਿਆ ਹਾਂ
ਬਲ਼ਦਾ ਪਿਆ ਸਾਂ,
ਇਸਦੀ ਤੈਨੂੰ ਨਾ ਆਂਚ ਲੱਗੇ
ਇਹ ਸੋਚ ਕੇ ਹੀ ਤੇਰੇ ਰਸਤੇ ‘ਚੋਂ
ਹਟ ਗਿਆ ਹਾਂ
ਮੈਨੂੰ ਸੰਭਾਲ ਨਦੀਏ,
ਲੈ ਕੇ ਮੈਂ ਨਾਮ ਤੇਰਾ
ਤੇਰੇ ਵਹਾਅ ‘ਚ
ਕਿਸ਼ਤੀ ਵਾਗੂੰ ਉਲਟ ਗਿਆ ਹਾਂ
Read more
ਫ਼ੈਜ਼ ਅਹਿਮਦ ਫ਼ੈਜ਼
ਸਾਹਿਰ ਲੁਧਿਆਣਵੀ
ਫ਼ਹਮੀਦਾ ਰਿਆਜ਼