
ਕੁੜੀਆਂ, ਚਿੜੀਆਂ ਤੇ ਪੱਥਰ
ਕੁੜੀਆਂ ਤਾਂ ਪੱਥਰ ਹੁੰਦੀਆਂ ਨੇ
ਅੰਦਰੋ ਅੰਦਰੀ ਸਿੰਮਦੀਆਂ ਨੇ
ਫਿਰ ਪੱਥਰ ਹੋ ਜਾਂਦੀਆਂ ਨੇ
ਕਿਉਂ ਪੱਥਰ ਹੋ ਜਾਂਦੀਆਂ ਨੇ?
ਇਸ ਗੱਲ ਦੀ ਸਮਝ ਨਾ ਆਵੇ
ਕੁੜੀਆਂ ਤਾਂ ਚਿੜੀਆਂ ਵੀ ਹੁੰਦੀਆਂ ਨੇ
ਭਲਾ ਕੁੜੀਆਂ ਚਿੜੀਆਂ ਕਿਵੇਂ ਹੋਈਆਂ?
ਚਿੜੀਆਂ ਦੇ ਪਰਾਂ ‘ਚ
ਤਾਂ ਅਵਾਰਗੀ ਵੀ ਹੁੰਦੀ ਏ
ਤੇ ਅਜ਼ਾਦੀ ਵੀ
ਉਹ ਤਾਂ ਹਰ ਰੁੱਖ ਨੂੰ
ਆਪਣਾ ਘਰ ਸਮਝ ਸਕਦੀਆਂ ਨੇ
ਨਾ ਚਾਹੁਣ ਤਾਂ ਬੇਦਾਵਾ ਵੀ ਦੇ ਸਕਦੀਆਂ ਨੇ
ਤੇ ਜਦੋਂ ਚਾਹੁਣ ਫੁਰਰ
ਕਰਕੇ ਉੱਡ ਵੀ ਜਾਂਦੀਆਂ ਨੇ
ਹੁਣ ਤੁਸੀਂ ਹੀ ਦੱਸੋ ਭਲਾ
ਕੁੜੀਆਂ ਚਿੜੀਆਂ ਕਿਵੇਂ ਹੋਈਆਂ?
ਕੁੜੀਆਂ ਦੇ ਪਰਾਂ ‘ਚ ਤਾਂ ਉਡਾਣ ਨਹੀਂ
ਰਿਸ਼ਤਿਆਂ ਦੇ ਬੰਨੇ ਹੋਏ ਪੱਥਰ ਹੁੰਦੇ ਨੇ
ਪੱਥਰਾਂ ‘ਤੇ ਖੁਣੀ ਹੋਈ ਗੁਲਾਮੀ ਦੀ ਇਬਾਰਤ
ਮੁਰਝਾਏ ਅਹਿਸਾਸਾਂ ਦੇ ਮਰਸੀਏ ਹੁੰਦੇ ਨੇ
ਅੱਖਾਂ ‘ਚ ਸੁੱਕ ਚੁੱਕੇ ਅੱਥਰੂ
ਚੀਖ਼ ਹੁੰਦੀ ਹੈ
ਵਿਲਕਣੀ ਹੁੰਦੀ ਏ
ਪਰ ਚਿੜੀਆਂ ਵਰਗੀ ਚੀਂ ਚੀਂ ਕਿਤੇ ਵੀ ਨਹੀਂ
ਕੁੜੀਆਂ ਤਾਂ ਪੱਥਰ ਹੁੰਦੀਆਂ ਨੇ
ਉਹਨਾਂ ਦੇ ਪੈਰਾਂ ਵਿੱਚ
ਰਫ਼ਤਾਰ ਨਹੀਂ ਬਰੇਕ ਹੁੰਦੀ ਏ
ਰਿਸ਼ਤਿਆਂ ਦੇ ਮਖੌਟੇ ਹੁੰਦੇ ਨੇ
ਗੁੰਨੇ ਹੋਏ ਅਹਿਸਾਸਾਂ ‘ਚ
ਲਰਜ਼ਦੀ ਮੁਹੱਬਤ ਹੁੰਦੀ ਏ
ਤਵੇ ‘ਤੇ ਪੱਕ ਰਹੀ ਨਫ਼ਰਤ ਹੁੰਦੀ ਏ
ਵੇਖਣ ਲਈ ਅੱਖਾਂ ਤਾਂ ਹੁੰਦੀਆਂ ਨੇ
ਪਰ ਅੱਖਾਂ ਉੱਤੇ ਪਹਿਰੇ ਬੈਠੀ ਐਨਕ ਹੁੰਦੀ ਏ
ਉਹ ਹੱਸ ਤਾਂ ਸਕਦੀਆਂ ਨੇ
ਪਰ ਹਾਸਿਆਂ ‘ਤੇ ਕੇਤੂ ਦਾ ਕਬਜ਼ਾ ਹੁੰਦਾ ਹੈ
ਉਸਦੀ ਖੜੀ ਖਲੋਤੀ ਸੁਪਨਿਆਂ ਦੀ ਫਸਲ ਨੂੰ
ਕੋਈ ਵੀ ਕਿਸੇ ਵੇਲੇ ਵੀ ਚਰ ਸਕਦਾ ਹੈ
ਉਹ ਚੀਕ ਵੀ ਨਹੀਂ ਸਕਦੀਆਂ
ਉਹ ਵਿਲਕ ਵੀ ਨਹੀਂ ਸਕਦੀਆਂ
ਉਹ ਰੋ ਵੀ ਨਹੀਂ ਸਕਦੀਆਂ
ਹਕੂਕ ਜਤਾਉਣਾ ਤਾਂ
ਉਨ੍ਹਾਂ ਦੇ ਹਿੱਸੇ ਆਇਆ ਹੀ ਨਹੀਂ
ਇਸ ਲਈ ਕੁੜੀਆਂ ਪੱਥਰ ਹੁੰਦੀਆਂ ਨੇ
ਉਹਨਾਂ ਦੀ ਕਥਾ ਦਾ
ਨਾਇਕ ਵੀ ਪੱਥਰ ਦਾ ਹੁੰਦਾ ਹੈ
ਖਲਨਾਇਕ ਵੀ ਪੱਥਰ ਦਾ
ਉਹਨਾਂ ਦਾ ਕੋਈ ਘਰ ਨਹੀਂ ਹੁੰਦਾ
ਉਹਨਾਂ ਦਾ ਕੋਈ ਵਜੂਦ ਨਹੀਂ ਹੁੰਦਾ
ਉਹਨਾਂ ਕੋਲ ਸੁਪਨੇ ਤਾਂ ਹੁੰਦੇ ਨੇ
ਪਰ ਮੀਟਣ ਵਾਲੀਆਂ ਅੱਖਾਂ ਨਹੀਂ ਹੁੰਦੀਆਂ
ਕੁੜੀਆਂ ਤਾਂ ਪੱਥਰ ਹੁੰਦੀਆਂ ਨੇ
ਜਾਂ ਮਿਰਜ਼ੇ ਦਾ ਖਾਲੀ ਤਰਕਸ਼
ਜਾਂ ਕੋਈ ਖਲਾਅ
ਜਾਂ ਮੱਛੀ ਦੀ ਅੱਖ ਵਿੰਨ ਕੇ ਆਇਆ
ਬੂਹੇ ‘ਤੇ ਸਜੀ ਸਜਾਈ ਨੂੰ
ਪੰਜਾਂ ‘ਚ ਨੱਥੀ ਕਰ ਜਾਏ ਕੋਈ ਪੱਥਰ
ਦੋ
ਤੁਸੀਂ ਤਾਂ ਕੁੜੀਆਂ ਨੂੰ ਮਨ ਲਿਆ
ਮਹਿਜ਼ ਪੱਥਰ ! ਕਵੀ ਜੀ
ਕੁੜੀਆਂ ਪੱਥਰ ਨਹੀਂ ਹੁੰਦੀਆ
ਜੇ ਇਤਿਹਾਸ ਦੀ ਪਰਤ ਫਰੋਲਣੀ ਹੋਵੇ
ਤਾਂ ਵੇਖ ਲੈਣਾ ਝਾਂਸੀ ਦੀ ਰਾਣੀ ਨੂੰ
ਕਿਵੇਂ ਹਥਿਆਰ ਤੇ ਤਰਕ ਨਾਲ
ਅਨਿਆਂ ਦੇ ਖਿਲਾਫ ਡੱਟਦੀ ਹੈ
ਲੜਦੀ ਹੈ
ਡਰਦੀ ਕਿਤੇ ਵੀ ਨਹੀਂ
ਕੁੜੀਆਂ ਪੱਥਰ ਨਹੀਂ ਹੁੰਦੀਆ ! ਕਵੀ ਜੀ
ਕੁੜੀਆਂ ਪਦਮਨੀ ਵਾਂਗ ਨਿਡਰ ਹੁੰਦੀਆ ਨੇ
ਕਿ ਆਪਣੇ ਸਤ ਖਾਤਰ
ਜ਼ੋਹਰ ਕਰਨ ਤੋਂ ਵੀ ਪਿੱਛੇ ਨਹੀਂ ਹੱਟਦੀਆ
ਤੇ ਵਹਿਸ਼ੀ ਦਰਿੰਦਿਆਂ ਨੂੰ
ਅੱਗ ‘ਚ ਸੁੱਟਣ ਤੋਂ ਵੀ ਗੁਰੇਜ਼ ਨਹੀਂ ਕਰਦੀਆਂ
ਕੁੜੀਆਂ ਸੀਤਾ ਵਰਗੀਆਂ ਵੀ ਹੁੰਦੀਆ ਨੇ
ਜੋ ਅਗਨੀ ਪ੍ਰੀਖਿਆ ‘ਚੋਂ ਲੰਘ ਵੀ ਜਾਂਦੀਆ ਨੇ
ਤੇ ਆਪਣੀ ਪਹਿਚਾਣ ਲਈ
ਧਰਤੀ ਅੰਦਰ ਸਮਾ ਵੀ ਸਕਦੀਆ ਨੇ
ਕੁੜੀਆਂ ਪੱਥਰ ਨਹੀਂ ਹੁੰਦੀਆ ਕਵੀ ਜੀ
ਪੰਜਾਂ ‘ਚ ਨੱਥੀ ਹੋ ਕੇ ਵੀ
ਕੌਰਵ ਸਭਾ ਦਾ ਬਦਲਾ ਲੈਣ ਲਈ
ਆਪਣੇ ਕੇਸਾਂ ਨੂੰ ਖੂਨ ਨਾਲ ਰੰਗ ਲੈਂਦੀਆ ਨੇ
ਜ਼ਰਾ ਮਿਥਿਹਾਸ ਦੇ ਰੂਬਰੂ ਹੋ ਕੇ ਤਾਂ ਦੇਖੋ
ਕਿਵੇਂ ਇੰਦਰ ਛਲ ਤਾਂ ਕਰ ਗਿਆ
ਪਰ ਸਰਾਪੀ ਅਹੱਲਿਆ ਹੀ ਗਈ ਹੈ
ਅੋਰ ਤਪ ਦੇਖੋ
ਯੁੱਗ ਪਲਟ ਗਿਆ
ਦੁਆਪਰ ਤੋਂ ਪਹਿਲਾ ਤੇ?ਤਾ
‘ਰਾਮ’ ਸਰਾਪ ਮੁੱਕਤ ਕਰਨ ਆਏ ਨੇ
ਏਸ ਲਈ ਸਰਾਪੀ ਕਥਾ ਦਾ ਨਾਇਕ
ਗੋਤਮ ਰਿਸ਼ੀ ਨਹੀਂ
ਅਹੱਲਿਆ ਹੀ ਹੈ
ਤਦੇ ਕੁੜੀਆਂ ਪੱਥਰ ਨਹੀਂ ਹੁੰਦੀਆ
ਕੁੜੀਆਂ ਤਾਂ
ਸਤੀ ਅਨਸੂਈਆ ਵਰਗੀਆਂ ਹੁੰਦੀਆ ਨੇ
ਨੌ-ਨੌ ਰਾਤਾਂ ਨੂੰ ਇੱਕ ਕਰ ਦਿੰਦੀਆ ਨੇ
ਧਰਤ ਤੇ ਅੰਨ ਉਗਾਉਦਿਆਂ ਨੇ
ਭੁੱਖੇ ਲੋਕਾਂ ਦਾ ਢਿੱਡ ਭਰਦੀਆਂ
ਪਿਆਸ ਲਈ ਨਦੀਆਂ ਬਣਦੀਆਂ
ਕੁੜੀਆਂ ਤਾਂ ਹੁੰਦੀਆਂ ਨੇ
ਮੇਨਕਾ
ਉਰਵਸੀ
ਰਾਧਾ
ਮਦਰਟਰੈਸਾ
ਅਣਖ
ਪਛਾਣ
ਵਿਸ਼ਵਾਸ
ਉਹਨਾਂ ਦੇ ਗਹਿਣੇ
ਮੜਕ
ਸੁਪਨੇ
ਇੱਛਾ
ਉਹਨਾਂ ਦੀਆਂ ਚੁੰਨੀਆ
ਪਰ ਹਾਂ
ਕਿਤੇ ਉਹ ਪੱਥਰ ਹੁੰਦੀਆ ਨੇ
ਵਿਚਾਰੀ ਕੁੱਖ ਰੋਂਦੀ ਹੈ !
Read more
ਫ਼ੈਜ਼ ਅਹਿਮਦ ਫ਼ੈਜ਼
ਸਾਹਿਰ ਲੁਧਿਆਣਵੀ
ਫ਼ਹਮੀਦਾ ਰਿਆਜ਼