ਜ਼ਿੰਦਗੀ ਕੁਛ ਗ਼ਮ ਨਾ ਕਰ,
ਇਹ ਕੁਝ ਵੀ ਕਰ ਜਾਵਾਂਗਾ ਮੈਂ
ਜ਼ਿੰਦਗੀ ਕੁਛ ਗ਼ਮ ਨਾ ਕਰ,
ਇਹ ਕੁਝ ਵੀ ਕਰ ਜਾਵਾਂਗਾ ਮੈਂ।
ਤੂੰ ਜਦੋਂ ਚ੍ਹਾਵੇਂ,
ਤਿਰੇ ਕੋਲੋਂ ਗੁਜ਼ਰ ਜਾਵਾਂਗਾ ਮੈਂ।
ਹਰ ਕਦਮ ‘ਤੇ ਨਾਲ ਹਸਦੀ
ਜਾ ਰਹੀ ਹੈ ਚਾਂਦਨੀ,
ਪਰ ਹਨੇਰਾ ਨਾਲ ਜਾਵੇਗਾ,
ਜਾਂ ਘਰ ਜਾਵਾਂਗਾ ਮੈਂ।
ਮੈਂ ਕਿਸੇ ਵੀ ਹਾਦਸੇ ਕੋਲੋਂ
ਕਦੇ ਡਰਿਆ ਨਾ ਸਾਂ,
ਕੀ ਪਤਾ ਸੀ ਵੇਖ ਕੇ ਸ਼ੀਸ਼ੇ ‘ਚ
ਡਰ ਜਾਵਾਂਗਾ ਮੈਂ।
ਚਿਪਕਿਆ ਹੋਵੇਗਾ ਪਿਠ ‘ਤੇ
ਨਿੰਦਿਆ ਦਾ ਇਸ਼ਤਿਹਾਰ ,
ਉੱਠ ਕੇ ਜਿਗਰੀ ਦੋਸਤਾਂ ‘ਚੋਂ
ਜਦ ਵੀ ਘਰ ਜਾਵਾਂਗਾ ਮੈਂ।
ਕੀ ਪਤਾ ਸੀ ਲਾਲ ਬੱਤੀ ਵਾਂਗ
ਰਾਹ ਰੋਕੇਗੀ ਉਹ,
ਛਡ ਕੇ ਜਾਂ ਉਸ ਦਾ ਨਗਰ
ਆਪਣੇ ਨਗਰ ਜਾਵਾਂਗਾ ਮੈਂ।
ਜਦ ਵੀ ਮੈਂ ਤੇਰੇ ਬਦਨ ਵਿਚ
ਰਚ ਗਿਆ ਖ਼ੁਸ਼ਬੂ ਤਰ੍ਹਾਂ,
ਖ਼ੁਦ-ਬਖ਼ੁਦ ਪੌਣਾਂ ‘ਚ
ਫੁਲ ਵਾਂਗੂੰ ਬਿਖ਼ਰ ਜਾਵਾਂਗਾ ਮੈਂ।
ਜ਼ਿੰਦਗੀ! ਕਦ ਤਕ ਛੁਪੇਂਗੀ ਤੇ
ਰਹੇਂਗੀ ਦੂਰ ਦੂਰ,
ਮੌਤ ਦੇ ਘਰ ਤੀਕ ਵੀ
ਤੇਰੇ ਮਗਰ ਜਾਵਾਂਗਾ ਮੈਂ।
ਜੇ ਪਲਕ ‘ਤੇ ਆਇਆ ਤਾਂ
ਚਮਕਾਂਗਾ ਤਾਰੇ ਦੀ ਤਰ੍ਹਾਂ,
ਹੁਸਨ ਬਣ ਜਾਵਾਂਗਾ
ਜਦ ਚਿਹਰੇ ‘ਤੇ ਠਰ ਜਾਵਾਂਗਾ ਮੈਂ ।
ਹੋ ਕੇ ਤੇਰੇ ਤੋਂ ਜ਼ੁਦਾ
ਟੁੱਟੇ ਹੋਏ ਪੱਤੇ ਤਰ੍ਹਾਂ,
ਕੀ ਪਤਾ ਸੀ ਖਾਕ ਹੋ ਕੇ
ਦਰ-ਬ-ਦਰ ਜਾਵਾਂਗਾ ਮੈਂ।
ਲੋਕ ਇਨ੍ਹਾਂ ਨਾਲ ਭਰਿਆ
ਕਰਨਗੇ ਅਪਣੇ ਖ਼ਲਾ,
ਦਰਦ ਤੇ ਆਪਣਾ ਲਹੂ
ਸ਼ਿਅਰਾਂ ‘ਚ ਭਰ ਜਾਵਾਂਗਾ ਮੈਂ।
****

Read more
ਕਹਾਣੀ : ਪੇਮੀ ਦੇ ਨਿਆਣੇ
ਇੱਕ ਕਵੀ ਹੁੰਦਾ ਸੀ ਰਾਜਬੀਰ
ਅਫ਼ਰੋਜ਼ ਅੰਮ੍ਰਿਤ