ਜਗਦੀਪ ਖਟਕਰ

ਵੱਡਾ ਜ਼ਿਗਰਾ

ਹੁਣ ਕਿੱਥੋਂ ਹਿੰਮਤਾਂ ਜੁਟਾਈਏ ਮਹਿਰਮਾ,
ਕਿਵੇਂ ਦਿਲ ਵਾਲੇ ਡਰ ਨੂੰ ਘਟਾਈਏ ਮਹਿਰਮਾ,
ਫੇਰ ਤੋਂ ਦੁਬਾਰਾ ਓਹੀ ਪੀੜ ਨੂੰ ਜਰਾਂ,
ਕਿੱਥੋਂ ਵੱਡਾ ਜਿਗਰਾ ਲਿਆਈਏ ਮਹਿਰਮਾ।

ਨਵੇਂ ਤੇ ਮਹੀਨ ਜਿਹੇ ਪਿਆਰ ਦਾ ਇਹ ਮੁੱਲ,
ਦਈਏ ਕਿਵੇਂ ਦਿਲ ਨੂੰ ਦੁਬਾਰਾ ਓਹੀ ਖੁੱਲ,
ਘੜੀਸ ਤੁਰ ਪੈਰਾਂ ਨੂੰ ਘਸਾਈਏ ਮਹਿਰਮਾ।
ਕਿੱਥੋਂ ਵੱਡਾ ਜਿਗਰਾ ਲਿਆਈਏ ਮਹਿਰਮਾ।

ਰੂਹ ‘ਚ ਸਮਾਂ ਗਈ ਲਾਲੀ ਲਾਲ ਫੁੱਲਾਂ ਦੀ,
ਨਜ਼ਾਕਤਾਂ ਨਹੀਂ ਭੁੱਲਦੀ ਹਾਏ ਸੂਹੇ ਬੁੱਲ੍ਹਾਂ ਦੀ,
ਫੇਰ ਉਹੀਓ ਮਿੰਨ੍ਹਾ ਮੁਸਕਾਈਏ ਮਹਿਰਮਾ।
ਕਿੱਥੋਂ ਵੱਡਾ ਜਿਗਰਾ ਲਿਆਈਏ ਮਹਿਰਮਾ।

ਤੇਰੀ ਚਿੱਠੀ ਰਹਿੰਦੀ ਮਹਿਕਾਂ ਛੱਡਦੀ,
‘ਖਟਕਰ’ ਦੀਆਂ ਸੋਚਾਂ ਦੇ ਕਸੀਦੇ ਕੱਡਦੀ,
ਕਿੱਥੇ ਤੇਰੀ ਯਾਦਾਂ ਦਫ਼ਨਾਈਏ ਮਹਿਰਮਾ।
ਕਿੱਥੋਂ ਵੱਡਾ ਜਿਗਰਾ ਲਿਆਈਏ ਮਹਿਰਮਾ।