January 19, 2026

ਪੁਸਤਕ ਰੀਵਿਊ : ਕੁੰਭਕਾਰ

ਪੁਸਤਕ : ਕੁੰਭਕਾਰ


ਲੇਖਕ : ਇਬਲੀਸ


ਰੀਵੀਊਕਾਰ :  ਡਾ: ਸਰਦੂਲ ਸਿੰਘ ਔਜਲਾ

ਮਨੁੱਖੀ ਮਾਨਸਿਕਤਾ ਅਤੇ ਸਮਾਜਿਕ ਯਥਾਰਥ ਦੀਆਂ
ਵਿਵਿਧ ਰੰਗੀ ਪਰਤਾਂ ਨੂੰ ਪੇਸ਼ ਕਰਦਾ ਇਬਲਿਸ ਦਾ
ਕਾਵਿ ਸੰਗ੍ਰਹਿ ‘ਕੁੰਭਕਾਰ’

ਇਬਲੀਸ ਜੋਬਨ ਰੁੱਤੇ ਤੁਰ ਜਾਣ ਵਾਲਾ ਅਜਿਹਾ ਸਾਹਿਤਕਾਰ ਹੈ ਜਿਸਨੇ ਆਪਣੀ ਛੋਟੀ ਜਿਹੀ ਹਯਾਤੀ ਦੌਰਾਨ ਗੌਲਣਯੋਗ ਕਾਰਜ ਕੀਤੇ ਜੋ ਉਸਦੇ ਸਨੇਹੀਆਂ ਅਤੇ ਉਸ ਦੀਆਂ ਲਿਖਤਾਂ ਨੂੰ ਪਿਆਰ ਕਰਨ ਪਾਠਕਾਂ ਦੇ ਚੇਤਿਆਂ ਵਿਚੋਂ ਸਦੀਵੀ ਰੂਪ ਵਿਚ ਸਾਹ ਲੈਂਦੇ ਰਹਿਣਗੇ। ਇਬਲੀਸ ਭਾਵੇਂ ਮੌਜੂਦਾ ਰੂਪ ਵਿਚ ਪੱਤਰਕਾਰੀ ਦੇ ਖੇਤਰ ਵਿਚ ਸਰਗਰਮੀ ਨਾਲ ਹਿੱਸਾ ਪਾ ਰਿਹਾ ਸੀ ਪਰ ਉਹ ਕਵੀ ਅਤੇ ਇਤਿਹਾਸਾਰ ਵੀ ਸੀ ਜਿਸਨੇ ‘ਨਾਗਮਣੀ’ ਸਾਹਿਤਕ ਪਰਚੇ ਤੋਂ ਲੈ ਕੇ ਅੱਜ ਤੱਕ ਨਿਰੰਤਰ ਰੂਪ ਵਿਚ ਕਾਵਿ-ਸਾਧਨਾ ਕੀਤੀ ਅਤੇ ਨਾਲ ਦੀ ਨਾਲ ਕਪੂਰਥਲਾ ਜ਼ਿਲ੍ਹੇ ਦੀ ਵਿਰਾਸਤ ਨਾਲ ਸੰਬੰਧਿਤ ਇਤਿਹਾਸਕ ਤੱਥ ਭਰਪੂਰ ਜਾਣਕਾਰੀ ਪਾਠਕਾਂ ਦੇ ਰੂ-ਬਰੂ ਕੀਤੀ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਵੇਲੇ ਸੁਲਤਾਨਪੁਰ ਲੋਧੀ ਬਾਰੇ ਵੀ ਮੁੱਲਵਾਨ ਕਿਰਤਾਂ ਦੇ ਰੂਪ ਵਿਚ ‘ਪੰਜਾਬੀ ਜਾਗਰਣ’ ਵਿਚ ਆਪਣੇ ਲੇਖ ਪ੍ਰਕਾਸ਼ਿਤ ਕੀਤੇ। ਬੜਾ ਹੀ ਸਾਹਿਤਕ ਕਾਰਜ ਸੀ ਜੋ ਇਬਲੀਸ ਨੇ ਕਰਨਾ ਅਤੇ ਪ੍ਰਕਾਸ਼ਿਤ ਕਰਵਾਉਣਾ ਸੀ ਪਰ ਆਪਣੇ ਦਿਲ ਦੀਆਂ ਰੀਝਾਂ ਦਿਲ ਵਿਚ ਹੀ ਲੈ ਕੇ ਇਬਲੀਸ ਕਿਧਰੇ ਉਡਾਰੀ ਮਾਰ ਗਿਆ। ਇਬਲੀਸ ਦੀਆਂ ਲਿਖਤਾਂ ਨੂੰ ਵਿਸ਼ੇਸ਼ ਕਰਕੇ ਉਸਦੀ ਕਾਵਿ-ਰਚਨਾ ਨੂੰ ਪਿਆਰ ਕਰਨ ਵਾਲੇ ਚਾਹੁੰਦੇ ਸਨ ਕਿ ਉਸ ਦੀਆਂ ਕਵਿਤਾਵਾਂ ਦਾ ਕੋਈ ਸੰਗ੍ਰਹਿ ਜ਼ਰੂਰ ਪ੍ਰਕਾਸ਼ਿਤ ਹੋਵੇ ਤਾਂ ਕਿ ਇਬਲੀਸ ਹਮੇਸ਼ਾ ਹੀ ਉਨ੍ਹਾਂ ਦੇ ਕੋਲ ਰਹੇ। ਇਬਲੀਸ ਦੇ ਪਰਿਵਾਰ ਅਤੇ ਦੋਸਤਾਂ ਦੇ ਉੱਦਮ ਸਦਕਾ ਉਸਦਾ ਪਲੇਠਾ ਕਾਵਿ-ਸੰਗ੍ਰਹਿ ‘ਕੁੰਭਕਾਰ’ ਪਾਠਕਾਂ ਦੇ ਹੱਥਾਂ ਵਿਚ ਪਹੁੰਚ ਚੁੱਕਾ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਦੀ ਇਕੱਤਰਤਾ ਅਤੇ ਤਰਤੀਬ ਕਰਕੇ ਇਬਲੀਸ ਖੁਦ ਹੀ ਇਸਦਾ ਬਾਨਣੂੰ ਬੰਨ੍ਹ ਗਿਆ ਸੀ।
ਜਦੋਂ ਅਸੀਂ ਇਬਲੀਸ ਦੇ ਇਸ ਕਾਵਿ-ਸੰਗ੍ਰਹਿ ‘ਕੁੰਭਕਾਰ’ ਨੂੰ ਵਿਚਾਰਦੇ ਹਾਂ ਤਾਂ ਇਸ ਵਿਚਲੀ ਮੂਲ ਸੁਰ ‘ਘਾੜਤ’ ਨਾਲ ਜੁੜੀ ਹੋਈ ਹੈ ਘਾੜਤ ਹੀ ਜਰਖੇਜਤਾ, ਉਪਜਾਇਤਾ, ਪੈਦਾਵਾਰ, ਸਿਰਜਣਾ ਦਾ ਪ੍ਰਤੀਕ ਬਣਦੀ ਹੈ ਇਹੀ ਪ੍ਰਤੀਕ ਪੁਸਤਕ ਦੇ ਆਰ-ਪਾਰ ਫੈਲਿਆ ਹੋਇਆ ਹੈ। ਇਬਲੀਸ ਦੀ ਕਵਿਤਾ ਨੂੰ ਪੜ੍ਹਦਿਆਂ ਥਹੁ-ਲਗਦੀ ਹੈ ਕਿ ਇਬਲੀਸ ਜ਼ਿੰਦਗੀ ਦੇ ਕਿਸੇ ਵੀ ਵਰਤਾਰੇ ਨੂੰ ਸਧਾਰਨ ਅੱਖ ਨਾਲ ਨਹੀਂ ਦੇਖਦਾ ਸਗੋਂ ਉਹ ਕਿਸੇ ਵੀ ਵਰਤਾਰੇ ਨੂੰ ਇਹ ਖਾਸ ਨਜ਼ਰੀਏ ਤੋਂ ਕਾਵਿਕ ਜ਼ੁਬਾਨ ਦਿੰਦਾ ਹੈ। ਇਹੀ ਉਸਦੀ ਕਵਿਤਾ ਦਾ ਹੈਰਾਨੀਜਨਕ ਪੱਖ ਹੈ, ਜੋ ਪਾਠਕ ਨੂੰ ਆਨੰਦਿਤ ਵੀ ਕਰਦਾ ਹੈ ਅਤੇ ਕਵਿਤਾ ਦੀਆਂ ਕਈ ਦਿਸ਼ਾਵਾਂ ਅਤੇ ਪੱਧਰਾਂ ਦੀ ਸੋਝੀ ਵੀ ਕਰਵਾਉਂਦਾ ਹੈ ਜਿਵੇਂ ਉਸਦੇ ਲਿਖੇ ਕਾਵਿ-ਚਿਤਰਾਂ ਵਿਚੋਂ ਇਕ ਉਦਾਹਰਣ ਪੇਸ਼ ਹੈ—
ਕਾਂ ਤਾਂ ਬੱਸ ਪ੍ਰਤੀਕ ਹੈ।
ਉਹ ਇਕੱਲੇ ਕਾਂ ਨਾਲ ਨਹੀਂ
ਕਾਲ ਦੀ ਅੱਖ ਵਿਚ ਅੱਖ ਪਾ ਕੇ
ਗੱਲ ਕਰ ਰਿਹਾ ਏ
ਕਾਲ ਦਾ ਕਾਲਾ ਸਾਇਆ
ਉਸ ਨੂੰ ਮਿੱਟੀ ਦੀ ਢੇਰੀ ਸਮਝ
ਮਿੱਟੀ ਵਿਚ ਮਿਲਾਉਣ ਦਾ ਯਤਨ ਕਰ ਰਿਹਾ
ਪਰ ਉਹ
ਕਾਲ ਦੇ ਘੇਰੇ ਤੋਂ ਦੂਰ
ਉਸ ਨੂਰ ਦੇ ਜ਼ੇਰੇ-ਸਾਇਆ ਹੈ
ਜਿਸਨੇ ਉਸ ਨੂੰ ਕਾਲ ਮੁਕਤ ਕਰ ਦਿੱਤਾ ਹੈ।
(ਸ਼ੇਖ ਫ਼ਰੀਦ)
ਇਸੇ ਤਰ੍ਹਾਂ ਧਾੜਵੀ ਕਵਿਤਾ ਵਿਚ ਵੀ ਉਹ ਧਾੜਵੀਆਂ ਦੀ ਸ਼ਨਾਖ਼ਤ ਕਰਦਾ ਹੈ ਕਿ ਇਕ ਤਾਂ ਉਹ ਧਾੜਵੀ ਸੀ ਜੋ ਹਿੰਦੁਸਤਾਨ ਨੂੰ ਲੁੱਟਦੇ ਰਹੇ ਪਰ ਇਕ ਉਹ ਧਾੜਵੀ ਹਨ ਜੋ ਰੋਜ਼ਾਨਾ ਨੇਕ ਨੀਤੀ ਦੇ ਥੱਲੇ ਬਦਨੀਤੀ, ਛੁਪਾ ਕੇ ਲੋਕਾਂ ਨਾਲ ਖਿਲਾਵੜ ਕਰਦੇ ਹਨ। ਉਸ ਦੀ ਕਵਿਤਾ ਵਿਚ ਇਕ ਛੁਪਿਆ ਵਿਅੰਗ ਵੀ ਹੈ ਅਤੇ ਉਸ ਦੇ ਸੁਭਾਅ ਵਰਗੀ ਮਿੱਠੀ ਚੋਭ ਵੀ ਹੈ ਜੋ ਪਾਠਕ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ। ਜਿਵੇਂ ‘ਵਜੂਦ’ ਕਵਿਤਾ ਦੀ ਉਦਾਹਰਣ ਪੇਸ਼ ਹੈ—
ਪਾਣੀ ਵਿਚ ਪਤਾਸਾ ਘੁਲ ਕੇ
ਮਿੱਠਾ ਹੋ ਰਿਆ ਹੈ ਪਾਣੀ
ਪਰ
ਪਤਾਸੇ ਦਾ ਵਜੂਦ ਗੁਆਚ ਗਿਆ
ਨੇਤਾ ਦੇ ਵਾਅਦੇ
ਮਨੁੱਖੀ ਮਾਨਸਿਕਤਾ ਵਿਚ ਘੁਲ ਗਏ ਨੇ
ਹੁਣ ਵਾਅਦੇ ਦਾ ਵਜੂਦ
ਬਦਲ ਜਾਵੇਗਾ ਲਾਰੇ ਵਿਚ
ਤੇ ਗਰੀਬ ਆਦਮੀ
ਨਿਰੰਤਰ ਪੰਜ ਸਾਲ
ਲੈਂਦਾ ਰਹੇਗਾ ਮਿੱਠੇ ਸੁਪਨੇ।
ਇਬਲੀਸ ਦੀ ਕਵਿਤਾ ਪਾਠਕ ਦੇ ਮਨ ਨੂੰ ਇਹ ਚੇਤਨਾਤਮਕ ਸੋਝੀ ਪ੍ਰਦਾਨ ਕਰਦੀ ਹੈ ਕਿ ਕਦੇ ਵੀ ਬਣੇ ਬਣਾਏ ਰਸਤਿਆਂ ਉੱਤੇ ਤੁਰਦਿਆਂ ਤਰੱਕੀ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਭੀੜ ਵਿਚ ਰਲਕੇ ਵੱਖਰੀ ਪਹਿਚਾਣ ਸਥਾਪਿਤ ਹੋ ਸਕਦੀ ਹੈ। ਇਸੇ ਲਈ ਉਸ ਦੀ ਕਵਿਤਾ ਭੀੜ ਤੋਂ ਅਲੱਗ ਹੋ ਕੇ ਤੁਰਨ ਦੀ ਤਾਗੀਦ ਕਰਦੀ ਹੈ। ਭਾਵੇਂ ਕਿ ਇਸ ਰਸਤੇ ਉਤੇ ਤੁਰਨਾ ਐਨਾ ਆਸਾਨ ਵੀ ਨਹੀਂ ਹੈ ਇਸ ਰਸਤੇ ਉੱਤੇ ਤੁਰਨ ਲਈ ਕੁਰਬਾਨੀ ਦਾ ਜ਼ਜ਼ਬਾ ਪੱਲੇ ਜ਼ਰੂਰ ਹੋਣਾ ਚਾਹੀਦਾ ਹੈ ਜਿਵੇਂ ਉਹ ਲਿਖਦਾ ਹੈ—
ਖੁਦਾ ਇੱਕਲਾ ਹੈ
ਆਦਮੀ ਜਦ ਇੱਕਲਾ ਹੁੰਦਾ ਹੈ
ਤਾਂ ਖੁਦਾ ਦੇ ਨੇੜੇ ਹੁੰਦਾ ਹੈ
ਤਾਂ ਪੈਰ
ਭੀੜ ਦੇ ਬਣਾਏ ਰਸਤਿਆਂ ਨੂੰ ਛੱਡ ਕੇ
ਆਪਣੀ ਪਗਡੰਡੀ ਸਿਰਜਦੇ ਨੇ
ਆਦਮੀ ਜਦ ਵੱਖਰੀ ਪਗਡੰਡੀ ਸਿਰਜਦਾ ਹੈ
ਤਾਂ ਭੀੜ ਦੀ ਨਫ਼ਰਤ ਦਾ ਪਾਤਰ ਬਣਦਾ ਹੈ
ਤਾਂ
ਸੂਲੀ ਮਿਲਦੀ ਹੈ
ਗੋਲੀ ਮਿਲਦੀ ਹੈ
ਸਲੀਬ ਮਿਲਦੀ ਹੈ।
ਇਬਲੀਸ ਕਵਿਤਾ ਇਸ ਗੱਲ ਦੀ ਵੀ ਗਵਾਹੀ ਭਰਦੀ ਹੈ ਚੇਤਨਾ ਹੀ ਮਨੁੱਖ ਮਨ ਨੂੰ ਜੜ੍ਹ ਤੋਂ ਚੇਤਨ ਬਣਾਉਂਦੀ ਹੈ। ਚੇਤੰਨ ਮਨੁੱਖ ਕਦੇ ਵੀ ਛਲਾਵਿਆਂ ਅਤੇ ਠੱਗੀਆਂ ਦੇ ਭੁਲਾਵੇ ਵਿਚ ਨਹੀਂ ਆਉਂਦਾ :
ਮੈਂ ਆਪਣਾ ਸੀਸ
ਰੁੱਖ ਦੇ ਤਣੇ ਨੂੰ ਦੇ ਦਿੱਤਾ
ਹੁਣ ਰੁੱਖ ਕੋਲ
ਸੋਚਾਂ ਨੇ
ਤੇ ਮੈਂ ਆਪਣੀਆਂ ਜੜ੍ਹਾਂ
ਪਤਾਲ ਤੱਕ ਪਕੀਆਂ ਕਰ ਲਈਆਂ ਨੇ
‘ਚਿੜੀ ਆਖਦੀ ਏ’ ਕਵਿਤਾ ਵੀ ਇਸੇ ਤਰਜ ‘ਤੇ ਲਿਖੀ ਕਵਿਤਾ ਹੈ ਜਿਸ ਵਿਚ ਦਮਨਕਾਰੀ ਤਾਕਤਾਂ ਦੀ ਸ਼ਨਾਖਤ ਕੀਤੀ ਗਈ ਹੈ।
ਇਬਲੀਸ ਦੀ ਕਵਿਤਾ ਸਮਾਜ ਵਿਚਲੇ ਅੰਤਰ-ਵਿਰੋਧਾਂ ਨੂੰ ਬੜੀ ਸੂਖਮ ਨਜ਼ਰ ਨਾਲ ਪਕੜਦੀ ਹੈ। ਰਿਆਜ ਵਜੋਂ ਸਮਾਜਿਕ ਰਿਸ਼ਤਿਆਂ ਬਾਰੇ ਲਿਖੀ ਉਸਦੀ ਲੰਮੀ ਕਵਿਤਾ ਦੇਖੀ ਜਾ ਸਕਦੀ ਹੈ ਜਿਸ ਵਿਚ ਉਸਨੇ ਰਿਸ਼ਤਿਆਂ ਦੀ ਪਰਿਭਾਸ਼ਾ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਬਲੀਸ ਇਨ੍ਹਾਂ ਰਿਸ਼ਤਿਆਂ ਦੀ ਤਹਿ ਥੱਲੇ ਛੁਪੇ ਸੱਚ ਨੂੰ ਪੇਸ਼ ਕਰਦਿਆਂ ਇਨ੍ਹਾਂ ਨੂੰ ਵੱਖ-ਵੱਖ ਬਿੰਬਾਂ ਰਾਹੀਂ ਪੇਸ਼ ਰਕਦਾ ਹੈ ਪਰ ਏਥੇ ਇਕ ਗੱਲ ਵਰਨਣਯੋਗ ਹੈ ਕਿ ਜਦੋਂ ਇਬਲੀਸ ਇਹ ਕਹਿ ਰਿਹਾ ਹੈ ਕੋਈ ਵੀ ਰਿਸ਼ਤਾ ‘ਖੇਸੀ ਦੀ ਬੁੱਕਲ ਵਾਂਗ ਨਿੱਘਾ ਨਹੀਂ ਰਿਹਾ ਤਾਂ ਇਸ ਵੇਲੇ ਉਹ ਸਮਾਜਿਕ ਯਥਾਰਥ ਤੋਂ ਉਛਾੜ ਲਾਹ ਰਿਹਾ ਹੈ ਅਤੇ ਅਤੀਤ ਨਾਲ ਵੀ ਸੰਵਾਦ ਰਚਾ ਰਿਹਾ ਹੈ ਕਿਉਂਕਿ ਅਤੀਤ ਵਰਗਾ ਨਿੱਘ ਹੁਣ ਇਹਨਾਂ ਰਿਸ਼ਤਿਆਂ ਵਿਚੋਂ ਨਹੀਂ ਰਿਹਾ ‘ਹੁਣ’ ਸ਼ਬਦ ਇਸਦੇ ਵਰਤਮਾਨ ਸਰੂਪ ਦੀ ਨਿਸ਼ਾਨਦੇਹੀ ਕਰ ਰਿਹਾ ਹੈ। ਜਿਵੇਂ—
ਕੋਈ ਰਿਸ਼ਤਾ ਪਰ ਹੁਣ
ਖੇਸੀ ਦੀ ਬੁੱਕਲ ਵਾਂਗ ਨਿੱਘਾ ਨਾ ਰਿਹਾ
ਮੈਂ ਹਰ ਰਿਸ਼ਤੇ ਨੂੰ
ਗਲੋਅ ਦੇ ਕਾੜ੍ਹੇ ਵਾਂਗ ਹੀ ਪੀ ਰਿਹਾ
ਜੋ ਨਾ ਹਲਕ ‘ਚੋਂ ਉਤਰੇ
ਨਾ ਥੁੱਕ ਹੀ ਹੋਵੇ….।
‘ਮੱਛੀ ਹੋਣ ਦਾ ਸਰਾਪ’ ਕੀ ਅਜਿਹੀ ਹੀ ਕਵਿਤਾ ਹੈ। ਪਰ ਕਵੀ ਤਾਂ ਮੁਹੱਬਤੀ ਲੋਅ ਵੰਡਣੇ ਲਈ ਯਤਨਸ਼ੀਲ ਹੈ ਉਸ ਦੀ ਕਵਿਤਾ ਨਿਰਾਸ਼ਾ ਦੇ ਅਜਿਹੇ ਆਲਮ ਵਿਚ ਵੀ ਆਸ ਦੀਆਂ ਕਿਰਨਾਂ ਨੂੰ ਫੈਲਾਉਣਾ ਚਾਹੁੰਦੀ ਹੈ। ਉਹ ਚਿਰਾਗਾਂ ਵਿਚ ਤੇਲ ਪਾਉਣ ਦੀ ਗੱਲ ਕਰਕਦਿਆਂ ਲਿਖਦਾ ਹੈ—
ਇਸ ਤੋਂ ਪਹਿਲਾਂ ਕਿ ਚਿਰਾਗ ਬੁਝ ਜਾਣ
ਇਨ੍ਹਾਂ ‘ਚ ਆਪਣੀ ਦੀਦ ਦਾ
ਥੋੜ੍ਹ ਜਿਹਾ ਤੇਲ ਪਾ ਜਾ
ਮੈਂ ਨਫ਼ਰਤ ਦੀ ਮਾਰੀ ਇਸ ਦੁਨੀਆਂ ‘ਚ
ਮੁਹੱਬਤ ਦੀ ਲੋਅ ਵੰਡਣੀ ਹੈ।
ਆਪਣੇ ਮੁਹੱਬਤੀ ਮਿੱਤਰਾਂ ਦੇ ਲਿਖੇ ਰੇਖਾ ਚਿਤਰ ਵੀ ਇਬਲੀਸ ਦੀ ਕਵਿਤਾ ਦੇ ਅਜਿਹੇ ਕਾਵਿਕ ਹੁੰਗਾਰੇ ਦੀ ਨਿਸ਼ਾਨਦੇਹੀ ਕਰਦੀ ਹੈ।
ਇਬਲੀਸ ਕੋਲ ਸ਼ਬਦ ਭੰਡਾਰ ਵੀ ਹੈ ਅਤੇ ਸ਼ਬਦਾਂ ਨੂੰ ਵਰਤਣ ਦੀ ਚੇਤਨਾਮਈ ਸੋਝੀ ਵੀ ਹੈ ਇਸ ਕਰਕੇ ਹੀ ਉਸ ਦੀ ਕਵਿਤਾ ਵਿਚ ਇਕ ਹੀ ਸ਼ਬਦ ਨੂੰ ਵੱਖ-ਵੱਖ ਕੌਣਾਂ ਤੋਂ ਵਿਚਾਰਨ ਅਤੇ ਪੇਸ਼ ਕਰਨ ਦੀ ਰੁਚੀ ਵੀ ਦਿਖਾਈ ਦਿੰਦੀ ਹੈ ਜਿਵੇਂ ਅਸੀਂ ਰਿਸ਼ਤਿਆਂ ਦੀ ਗੱਲ ਕੀਤੀ ਹੈ ਉਵੇਂ ਹੀ ‘ਪ੍ਰੇਮ’ ਕਵਿਤਾ ਵਿਚ ‘ਪ੍ਰੇਮ’ ਦੀਆਂ ਵਿਸ਼ੇਸ਼ ਕਰਕੇ ‘ਪ੍ਰੇਮ’ ਸ਼ਬਦ ਦੀਆਂ ਕਵੀ ਡੂੰਘਾਈਆਂ ਅਤੇ ਦਿਸ਼ਾਵਾਂ ਇਬਲੀਸ ਨੇ ਕੁਝ ਇਸ ਤਰ੍ਹਾਂ ਪੇਸ਼ ਕੀਤੀਆਂ ਹਨ—
ਪ੍ਰੇਮ ਜਦ ਨੈਣਾਂ ‘ਚ ਉਭਰਦਾ ਹੈ
ਤਾਂ ਨਰੁਣਾ ਬਣ ਜਾਂਦਾ ਹੈ
ਪ੍ਰੇਮ ਜਦ ਸਾਹਾਂ ‘ਚ ਉਤਰਦਾ ਹੈ
ਤਾਂ ਸਾਜ਼ ਬਣ ਜਾਂਦਾ ਹੈ।
*****
ਪ੍ਰੇਮ ਜਦ ਵਜੂਦ ‘ਚ ਉਤਰਦਾ ਹੈ
ਤਾਂ ਮੌਨ ਬਣ ਜਾਂਦਾ ਹੈ।
ਮੌਨ ਜਦ ਵਜੂਦ ‘ਚ ਉਤਰਦਾ ਹੈ ਤਾਂ
ਆਦਮੀ ‘ਖ਼ੁਦ’ ਤੋਂ ‘ਖੁਦਾ’ ਬਣ ਜਾਂਦਾ ਹੈ।
ਇਹ ਇਬਲੀਸ ਦੀ ਕਵਿਤਾ ਦੀ ਖਾਸੀਅਤ ਹੈ ਉਹ ਪਾਠਕ ਨੂੰ ਇਸ ਆਪਣੀ ਕਵਿਤਾ ਦੇ ਧੁਰ ਅੰਦਰ ਉਤਰਨ ਲਈ ਮਜ਼ਬੂਰ ਕਰਦਾ ਹੈ ਪਾਠਕ ਇਸਨੂੰ ਪੜ੍ਹਦਾ ਹੋਇਆ ਇਸਦਾ ਰਸ ਮਾਣਦਾ ਹੈ। ਇਸੇ ਤਰ੍ਹਾਂ ਹੀ ਇਬਲੀਸ ਦੀ ਕਵਿਤਾ ‘ਅੱਜ ਦੀਆਂ ਘੁੰਮਣ ਘੇਰੀਆਂ’ ‘ਚ ਵੀ ਦੇਖੀ ਜਾ ਸਕਦੀ ਹੈ। ਇਬਲੀਸ ਦੀ ਕਵਿਤਾ ਇਸ ਗੱਲ ਦਾ ਵੀ ਅਹਿਦ ਕਰਦੀ ਹੈ ਕਿ ਉਹ ਅੱਜ ਵਿਚਲੇ ਕੌੜੇ ਸੱਚਾਂ ਨੂੰ ਦੇਖਕੇ ਪਾਸਾ ਨਹੀਂ ਵੱਟਦੀ ਸਗੋਂ ਇਨ੍ਹਾਂ ਦੀਆਂ ਪਰਤਾਂ ਉਘੇੜਦੀ ਹੈ ਤਾਂ ਕਿ ਆਉਣ ਵਾਲੀਆਂ ਪੀੜੀਆਂ ਨੂੰ ਰੌਸ਼ਨੀ ਪ੍ਰਦਾਨ ਹੋ ਸਕੇ ਜਿਵੇਂ ਉਹ ਆਪਣੀ ਕਵਿਤਾ ‘ਦਿਸਹੱਦਿਆਂ ਤੋਂ ਪਾਰ’ ਵਿਚ ਲਿਖਦਾ ਹੈ—
ਮੈਂ ਨਜ਼ਰ ਅੰਦਾਜ਼ ਕਰ ਦੇਣਾ ਚਾਹੁੰਦਾ ਹਾਂ
ਹਕੀਕਤ ਨੂੰ
ਪਰ ਅਜਿਹਾ ਹੋ ਨਹੀਂ ਸਕਿਆ
ਅਜਿਹਾ ਹੋ ਹੀ ਨਹੀਂ ਰਿਹਾ
ਅਜਿਹਾ ਹੋ ਹੀ ਨਹੀਂ ਸਕਦਾ
ਜਦੋਂ ਵੇਖਦਾ ਹਾਂ
ਆਪਣੇ ਨੰਨ੍ਹੇ ਬੇਟੇ ਨੂੰ
ਕਾਗਜ਼ ਦੀ ਬੇੜੀ ਨੂੰ
ਪਾਣੀ ਦੀ ਹਿੱਕ ਉੱਪਰ ਠੇਲਦਿਆਂ
ਤੇ ਦਿਸਹੱਦੇ ਤੋਂ ਪਾਰ ਝਾਕਣ ਦਾ ਯਤਨ ਕਰਦਿਆਂ
ਉਸ ਦੀਆਂ ਨਜ਼ਰਾਂ ਨੂੰ….।
ਇਬਲੀਸ ਦੀ ਸ਼ਾਇਰੀ ਪੰਜਾਬੀ ਕਵਿਤਾ ਦੇ ਅਜੋਕੇ ਮੂੰਹ ਮੁਹਾਂਦਰੇ ਨੂੰ ਪੇਸ਼ ਕਰਦੀ ਹੋਈ ਇਕੋ ਸਮੇਂ ਆਪਣੇ ਆਪ ਨਾਲ ਅਤੇ ਪਾਠਕਾਂ ਨਾਲ ਸੰਵਾਂਦ ਰਚਾਉਂਦੀ ਹੈ। ਪੁਸਤਕ ‘ਕੁੰਭਕਾਰ’ ਵਿਚੋਂ ਉਸ ਦੀਆਂ ਲੰਮੀਆਂ ਕਵਿਤਾਵਾਂ ਵੀ ਸ਼ਾਮਿਲ ਹਨ ਅਤੇ ਛੋਟੀਆਂ ਵੀ। ਪਰ ਕਿਹਾ ਜਾ ਸਕਦਾ ਹੈ ਕਿ ਇਹਨਾਂ ਦਾ ਆਪਾ ਵਿਹਾਰਕ ਹੈ ਕਿਉਂਕਿ ਇਹ ਕਵੀ ਦੇ ਅਨੁਭਵ ਵਿਚੋਂ ਗੁਜ਼ਰਦੀਆਂ ਹੋਈਆਂ ਪੇਸ਼ ਹੋਈਆਂ ਹਨ ਅਤੇ ਕਾਵਿਕ-ਧਰਾਤਲ ਤੇ ਉਕਰੀਆਂ ਗਈਆਂ ਹਨ।
ਇਬਲੀਸ ਦੀ ਕਵਿਤਾ ਦੇ ਕਈ ਰੰਗ ਹਨ ਕਿਤੇ ਕਿਤੇ ਇਹ ਕਵਿਤਾ ਰੁਮਾਂਟਿਕ ਜਾਪਦੀ ਹੈ ਕਦੇ ਦਾਰਸ਼ਨਿਕ ਡੂੰਘਾਈ ਦੇ ਰੰਗ ਨੂੰ ਦਿਖਾਉਂਦੀ ਹੈ ਕਦੇ ਰੋਹ ਅਤੇ ਵਿਦਰੋਹ ਦੇ ਜ਼ਜ਼ਬੇ ਨੂੰ ਉਭਾਰਦੀ ਹੈ, ਕਿਤੇ ਲੋਕ ਧਾੜਕ ਬਿੰਬਾਂ ਪ੍ਰਤੀਕ ਨੂੰ ਪੇਸ਼ ਕਰਦੀ ਹੋਈ ਲੋਕ-ਕਾਵਿ ਵਰਗਾ ਮੁਹਾਂਦਰਾ ਅਖਤਿਆਰ ਕਰ ਲੈਂਦੀ ਹੈ। ਜਿਵੇਂ ਕੁੰਭਕਾਰ ਵੱਖ-ਵੱਖ ਬਰਤਨਾਂ ਨੂੰ ਮਿੱਟੀ ਵਿਚੋਂ ਆਕਾਰ ਪ੍ਰਦਾਨ ਕਰਦਾ ਹੈ ਇਵੇਂ ਹੀ ਇਬਲੀਸ ਨੇ ‘ਕੁੰਭਕਾਰ’ ਕਾਵਿ-ਸੰਗ੍ਰਹਿ ਵਿਚ ਮਨੁੱਖੀ ਮਨ ਅਤੇ ਸਮਾਜ ਦੀਆਂ ਵਿਵਿਧ ਪਰਤਾਂ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ ਹੈ। ਇਬਲੀਸ ਦੀ ਕਿਰਤ ‘ਕੁੰਭਕਾਰ’ ਪਾਠਕਾਂ ਦੇ ਹੁੰਗਾਰੇ ਲਈ ਪੇਸ਼ ਹੈ। ਉਮੀਦ ਹੈ ਪਾਠਕ ਆਪਣੇ ਇਸ ਪਿਆਰ ਸ਼ਾਇਰ ਅਤੇ ਚਿੰਤਕ ਦੀ ਇਸ ਕਾਵਿ-ਰਚਨਾ ਨੂੰ ਪਿਆਰ ਅਤੇ ਸਤਿਕਾਰ ਦੇਣਗੇ।