
ਪੁਸਤਕ : ਚਿਤਵਣੀ
ਲੇਖਕ : ਦਲਵੀਰ ਕੌਰ
ਰੀਵੀਊਕਾਰ : ਡਾ. ਵਨੀਤਾ
ਮਨੁੱਖ ਦੀਆਂ ਸਮੱਸਿਆਵਾਂ, ਜਟਲ ਪਹਿਲੂਆਂ ਨੂੰ ਸਮਝਦਿਆਂ ਉਨ੍ਹਾਂ ਦਾ ਕਥਾਰਸਿਸ ਕਰਦਾ ਕਾਵਿ ਸੰਗ੍ਰਹਿ ‘ਚਿਤਵਣੀ’
ਦਲਵੀਰ ਕੌਰ ਇੰਗਲੈਂਡ ਵੱਸਦੀ, ਵੱਖਰੀ ਪਛਾਣ ਰੱਖਣ ਵਾਲੀ ਪ੍ਰਬੁੱਧ ਸ਼ਾਇਰਾ/ਲੇਖਿਕਾ ਹੈ। ਕਿੱਤੇ ਵਜੋਂ ਮਨੋਰੋਗ-ਮਾਹਿਰ ਹੈ (ਸੀਨੀਅਰ ਕਲੀਨਿਕਲ ਪ੍ਰੈਕਟੀਸ਼ਨਰ, ਮੈਂਟਲ ਹੈਲਥ)। ਦਲਵੀਰ ਦੀ ਕਵਿਤਾ ਬਾਰੇ ਡਾ. ਵਨੀਤਾ (ਦਿੱਲੀ ਯੂਨੀਵਰਸਿਟੀ) ਦੇ ਸੰਖੇਪ ਵਿਚਾਰਾਂ ਰਾਹੀਂ ਉਸ ਦੀ ਹਾਲ ਹੀ ਵਿੱਚ ਆਈ ਕਵਿਤਾ ਦੀ ਕਿਤਾਬ ‘ਚਿਤਵਣੀ’ ਵਿਚੋਂ ਕੁਝ ਕਵਿਤਾਵਾਂ ਪਾਠਕਾਂ ਨਾਲ ਸਾਂਝੀਆਂ ਕਰਨ ਦੀ ਖੁਸ਼ੀ ਲੈ ਰਹੇ ਹਾਂ। ‘ਹਨੇਰਿਆਂ ਵਿਚੋਂ ਚੰਨ-ਰਿਸ਼ਮਾਂ ਸਿਰਜਦਾ ‘ਦਲਵੀਰ ਕੌਰ ਦਾ ਚੌਥਾ ਕਾਵਿ ਸੰਗ੍ਰਹਿ ‘ਚਿਤਵਣੀ’ ਪੰਜਾਬੀ ਪਰਵਾਸੀ ਕਾਵਿ ਵਿਚ ਇੱਕ ਪੈਰਾਡਾਇਮ ਸ਼ਿਫਟ ਲੈ ਕੇ ਆਇਆ ਹੈ, ਜਿਸ ਵਿਚ ਉਸ ਦੀ ਕਾਵਿ ਸਿਰਜਣ ਪ੍ਰਕਿਰਿਆ ਅਤੇ ਕਾਵਿ ਯਾਤਰਾ ਦੇ ਚਿਹਨ ਵੀ ਉਸ ਦੇ ਵਿੱਚ ਹੀ ਸਮਾਏ ਹੋਏ ਹਨ। ਦਲਵੀਰ ਜੀਵਨ ਦੇ ਯਥਾਰਥ, ਸੱਧਰਾਂ, ਸਮੱਸਿਆਵਾਂ, ਚੁਣੌਤੀਆਂ, ਜੀਵੇ ਤੇ ਅਣਜੀਵੇ ਜੀਵਨ ਦੇ ਨਾਲ-ਨਾਲ ਪ੍ਰਦੇਸ ਵਿਚ ਰਹਿੰਦਿਆਂ, ਮਨੁੱਖੀ ਮਨੋਵਿਗਿਆਨ ਨਾਲ ਸੰਬੰਧਿਤ ਪ੍ਰੋਫੈਸ਼ਨ ਵਿੱਚ ਮਨੁੱਖਾਂ ਦੇ ਸਮੱਸਿਆਕਾਰਾਂ, ਜਟਲ ਪਹਿਲੂਆਂ ਨੂੰ ਸਮਝਦੀ ਹੋਈ, ਉਨ੍ਹਾਂ ਦਾ ਕਥਾਰਸਿਸ ਕਰਦੀ, ਆਪਣੇ ਸਵੈ ਨਾਲ ਕਦੇ ਸੰਵਾਦ ਰਚਾਉਣ ਲੱਗਦੀ ਹੈ ਤੇ ਕਦੇ ਸਾਡੇ ਸੂਫ਼ੀ ਸ਼ਾਇਰਾਂ ਤੇ ਸੰਤਾਂ ਭਗਤ ਕਵੀਆਂ ਵਾਂਗ ਉਸ ਇਲਾਹੀ ਮਹਿਬੂਬ ਨਾਲ ਇਕੱਲਿਆਂ ਤੁਰਦੀ-ਫਿਰਦੀ ਸਮੁੰਦਰ ਕੰਢੇ ਬੈਠੀ ਸੰਵਾਦ ਰਚਾਉਣ ਲੱਗਦੀ ਹੈ, ਵਿਸਮਾਦੀ ਸ਼ਬਦ ਸਹਿਜੇ ਹੀ ਕਾਗਜ਼ ਦੀ ਹਿੱਕ ‘ਤੇ ਵਾਹੁਣ ਲੱਗਦੀ ਹੈ। ਉਸ ਦਾ ਸਵੈ ਸਮੁੱਚਤਾ ਵਿੱਚ ਤੇ ਸਮੁੱਚਤਾ ਸਵੈ ਵਿੱਚ ਘੁਲ ਮਿਲ ਜਾਂਦੀ ਹੈ। ਨਕਾਰਾਤਮਕਤਾ ਵਿਚੋਂ ਸਕਾਰਾਤਮਕਤਾ ਦੇ ਸ਼ਬਦ ਚਿਣਨ ਲੱਗਦੀ ਹੈ ਤੇ ਉਹ ਉਮਾਹ ਭਰਿਆ ਜੀਵਨ ਤੇ ਕਵਿਤਾ ਕਸ਼ੀਦ ਕਰਦੀ ਹੈ”। ਪੇਸ਼ ਨੇ ‘ਚਿਤਵਣੀ’ ਕਾਵ ਸੰਗ੍ਰਹਿ ਦੀਆਂ ਕੁਝ ਨਜ਼ਮਾਂ—
‘ਗੋਹਜ’
ਕੇਹੀ ਸੀ
ਉੁਹ ਲਾਟ ਫੜ੍ਹਕਦੀ!
ਹੈ ਇਹ ਕੈਸੀ ਲੈਅ-ਬੱਧ
ਧੜਕਣ….!
ਪੈੜਾਂ ਦੀ ਮਿੱਟੀ-ਸਰਦਲ ਦਾ ਦੀਵਾ….
ਗੋਲ ਚੰਦਰਮਾ – ਬ੍ਰਿਹਣ ਅਗਨੀ!
ਬੰਦ ਪਲਕਾਂ
ਆਤਮ ਦੀ ਨੁੱਕਰੇ….
ਛੱਲ-ਸਮੁੰਦਰ ਡੱਕਾਂ-ਡੋਲੇ!
….ਕੇਹੀ ਕੰਪਨ!
ਅੰਤਰ-ਮਨ-ਦੇਹੀ!
ਗੁੜ ਗੁੰਗੇ ਦਾ ਮੇਰੀ ਜੀਭਾ!
‘ਅਭੇਦ ਤੇ ਹੋਣਾ ਹੈ’
ਭੇਦ ਹੀ ਤਾਂ ਹੈ
ਆਦਿ ਨੂੰ ਓਹਲਾ ਕਰ
ਚਲ ਰਿਹੈ
ਮੇਰੇ ਦਿਨ ਰਾਤ ਵਿਚਕਾਰ
ਕਰ ਰਿਹੈ ਪਰਪੰਚੀ
ਜਲਵਾ!
ਹੋ ਰਿਹੈ ਹਯਾਤੀ ਦਾ ਜਸ਼ਨ
ਪਲ ਪਲ ਦਾ ਭੇਦ
….ਪਸਰਦਾ
ਹਰ ਸੱਜਰੀ ਸਵੇਰ!
ਮੇਰੀ ਅੱਖ ‘ਚ ਪਰਤਦੀ
ਰੌਸ਼ਨੀ ਦਾ ਹੈ
ਆਪਣਾ ਵੀ ਇੱਕ
ਸੰਸਾਰ!
‘ਮੌਨ’
ਅਕੀਦੇ ਦੀ ਤੰਦੀ ਤੇ
ਜਦ ਸ਼ਬਦ ਅਰਥ…
ਤਣਦਾ ਹੈ ਤਾਂ
ਧੁਨੀ ‘ਚ ਆਪਾ ਪ੍ਰਕਾਸ਼ਦਾ ਹੈ!
ਇੰਦਰੀਆਂ ਦਾ ਇਕੱਠ
ਇੱਕ ਜੋਤ ਹੋ ਉਭਰਦਾ ਹੈ
ਕੰਠ ਦੀ ਘੰਢੀ ਤੇ….
ਫਿਰ ਓਹੀ….
….ਅੰਤਰ ਰਾਗ ਵਿਰਾਜਦਾ ਹੈ
ਜੋ ਮਨ ਦੀਆਂ ਮੱਛੀਆਂ ਨੇ
….ਛਿਣ ਭਰ ਪਾਣੀ-ਸਤਹਿ ਤੇ ਆ
ਸਾਹ ਲੈਂਦਿਆਂ ਗਾਇਆ ਸੀ !
‘ਬੁਨਿਆਦ’
ਆਪਣੇ ਚਿਹਰੇ ਤੋਂ ਚਿਹਰਾ ਛੁਪਾ
ਢਲਦੀ ਸ਼ਾਮ ਦੀ ਬੁੱਕਲ ‘ਚ ਖੁੱਲ੍ਹੀਆਂ ਅੱਖਾਂ ਲੈ
ਮੈਂ ਸ਼ਬਦਾਂ ਤੋਂ
ਬੰਦੇ ਦੀ ਖੁਦ ਨਾਲ ਸੁਰ ਸਾਂਝ ਦਾ
ਥਹੁ-ਪਤਾ ਪੁੱਛਦੀ ਹਾਂ!
ਪਸ਼ੂ-ਪਰਿੰਦੇ-ਪਾਣੀ-ਜੜ੍ਹਾਂ -ਪੌਦੇ
ਪੱਥਰ ਕੰਕਰ ਕੀਟ-ਪਤੰਗ
ਮੇਰੇ ਸਾਹਵੇਂ ਧਰ
ਸ਼ਬਦ ਇੱਕ ਰੌਸ਼ਨ ਕਿਰਨ
ਮੇਰੇ ਮੱਥੇ ਤੇ ਇੰਜ ਪਾਉਂਦੇ ਨੇ
ਜਿਵੇਂ ਮੈਂ ਹੁਣੇ ਹੀ
….ਜਨਮੀ ਹੋਵਾਂ!
ਤੇ ਜੀਭਾ ਤੇ ਵਾਕ….
….ਯੁਗਾਂ ਪੁਰਾਣਾ!
‘ਲਿਬਾਸ’
ਇਹ ਕੇਹਾ ਲਿਬਾਸ
ਹੈ ਮੈਂ ਪਹਿਨ ਰੱਖਿਆ!
ਜੇ ਆਖਾਂ ਤਾਂ
ਉਤਰ ਜਾਂਦਾ ਹੈ
ਜੇ ਛੋਹਾਂ
ਤਾਂ ਬਿਖਰ ਜਾਂਦਾ ਹੈ!
ਕੱਖੋਂ ਹੌਲੀ ਹੋਵਾਂ ਤਾਂ
ਸਭ ਨਿੱਖਰ ਜਾਂਦਾ ਹੈ!!
‘ਮੌਲਦੇ ਕਣ’
ਤੱਕਲਾ – ਤੰਦ – ਜੀਵਨ ਤਰੰਗ
ਅਣਗਾਹੇ ਸਮੇਂ ਦਾ
ਸੂਤ ਕਤੀਂਦੇ!
….ਸ਼ਬਦ ਅਣਸਮਝੇ ਨੂੰ
ਲਿਖਣਾ ਚਾਹੰਦੇ ਨੇ….
ਮੈਂ ਮੁੱਠੀ ‘ਚ ਸਾਂਭੀ ਰੇਤ
….ਧਰਤ ਨੂੰ
ਵਾਪਿਸ ਕਰਦੀ ਹਾਂ
ਬੰਧਨ
ਬੀਜ ਹੋ ਗਿਆ ਹੈ!
‘ਮਾਂ ਦੇ ਦਿੱਤੇ ਸ਼ਬਦ’
ਸੱਜਣਾਂ ਦੀਆਂ ਸ਼ਬਦ ਸ਼ੋਹਾਂ
ਅਹਿਸਾਸ-ਨੁਮਾ ਰੋਸੇ
ਕਲਮ ਉਡੀਕਦਾ ਸ਼ਬਦ
ਅਣਵਰਤਿਆ ਕਾਲ
ਮੈਨੂੰ ਇਹ ਆਖ ਨਾਲ ਤੋਰ ਲੈਂਦੇ ਨੇ
ਕਿ “ਪੈਰੀਂ ਰਸਤਾ ਰੱਖਣਾ ਹੈ ਤੇਰੇ
ਤੂੰ ਛਿਣ ਭਰ….
ਅੱਖਾਂ ਮੀਟ!”
ਮੈਂ ਹਨੇਰੇ ਨੂੰ ਟੋਹ ਕੇ ਵੇਖਦੀ ਹਾਂ….
ਚੌਰਸਤਾ ਭਾਵੇਂ ਦਿਸ਼ਾ ਨਹੀਂ ਦੇ ਰਿਹੈ
ਪਰ ਸ਼ਬਦਾਂ ਦੀ ਚੁੱਪ ਗੂੰਜਦੀ ਹੈ!
Read more
ਪੁਸਤਕ ਰੀਵਿਊ : ਪੁਸਤਕ : ‘ਰੂਟਸ’
ਪੁਸਤਕ : ਮੱਲ੍ਹਮ
ਪੁਸਤਕ : ਚਾਲ਼ੀ ਦਿਨ