ਸੁਖਪਾਲ

ਕੋਮਲ

ਐ ਮਨ!
ਯਤਨ ਇਹ ਕਰਨਾ –
ਹਰ ਪਲ ਕੋਮਲ ਰਹਿਣਾ…

ਕੋਮਲ ਹੱਥੀਂ ਛੋਹਣਾ ਸਭ ਕੁਝ
ਸਾਹ ਨੂੰ ਹੌਲੀ ਦੇਣੀ ਕੋਮਲ ਸੱਦਣਾ
ਪੱਬ ਵੀ ਧਰਨੇ ਕੋਮਲ ਕੋਮਲ
ਅੱਖਾਂ ਹੱਥਾਂ ਰਸਨਾ ਸੰਗ ਜੋ ਕਹਿਣਾ
ਕੋਮਲ ਹੀ ਕੁਛ ਕਹਿਣਾ …

ਜਦ ਜੰਮੇ ਸਾਂ–ਅਸੀਂ ਸਾਂ ਕੋਮਲ
ਸਾਡੀ ਇਕ ਇਕ ਛੁਹ ਸੀ ਕੋਮਲ
ਇਕ ਇਕ ਹਿਲਜੁਲ ਕੋਮਲ
ਦਾਸ ਕਬੀਰ ਜਤਨ ਸੇ ਓੜ੍ਹੀ
ਜਿਉਂ ਕੀ ਤਿਓਂ ਧਰ ਦੀਨੀ ਚਦਰੀਆ”
ਅਸਾਂ ਵੀ ਸਾਈਂ ਦੇ ਘਰ ਕੋਮਲ ਰਹਿ ਪਰਤਣਾ …

ਧੌਲ ਧਰਮ ਜੇ ਪੂਤ ਦਇਆ ਤਾਂ
ਕੋਮਲਤਾ ਧੀ ਕਰੁਣਾ ਦੀ
ਕਰੁਣਾ ਧੀ ਧੀਰਜ ਦੀ

ਧੀਰਜ ਰੱਖਣਾ…
ਕਾਹਲ਼ੀ ਜੱਫੀ ਕੋਮਲਤਾ ਦਾ ਗਲ਼ ਘੁੱਟ ਦੇਂਦੀ
ਕਾਹਲ਼ੀ ਵਿਚ ਨਾ ਜਾਣਾ ਕਿਧਰੇ
ਭੁੱਖੇ ਰਹਿਣਾ ਪਰ ਰੋਟੀ ਛੇਤੀ ਨਾ ਖਾਣੀ
ਕਾਹਲ਼ੀ ਵਿਚ ਉੱਤਰ ਨਾ ਦੇਣਾ ਪਿਆਰੇ ਨੂੰ
ਭੱਜਦੇ ਭੱਜਦੇ ਨਹੀਂ ਸੋਚਣਾ
ਗੱਡੀ ਛੁਟਦੀ ਤਾਂ ਛੁੱਟ ਜਾਵੇ ਮਿਲ ਜਾਵੇ ਤਾਂ-
ਅਗਲੀ ਗੱਡੀ ਫ਼ੜਣਾ… ਲੇਕਿਨ ਕੋਮਲ ਰਹਿਣਾ !

ਕਲ੍ਹ ਦੇ ਚੇਤੇ–ਅੱਜ ਨੂੰ ਕੋਮਲ ਰਹਿਣ ਨਾ ਦੇਣਾ
ਭੁੱਲ ਜਾਣਾ-ਕਲ੍ਹ ਕੀ ਹੋਇਆ ਸੀ
ਜੋ ਅਨਿਆਂ ਕਲ੍ਹ ਵਾਪਰਿਆ ਸੀ–
ਸ਼ਾਇਦ ਅੱਜ ਨਾ ਆਵੇ

ਜੇ ਅਨਿਆਂ ਅੱਜ ਵੀ ਆਇਆ ਤਾਂ ਸਿੱਝ ਲਵਾਂਗੇ
ਪਰ ਲੜਣੇ ਲਈ ਆਪਣਾ ਆਪਾ ਅੱਜ ਸਖ਼ਤ ਨਾ ਰਖਣਾ

ਫ਼ਿਕਰ ਨਾ ਕਰਨਾ –
ਕੋਮਲਤਾ – ਕਮਜ਼ੋਰ ਨਹੀਂ ਹੁੰਦੀ
ਚੁੱਪ – ਹਮੇਸ਼ਾ ਡਰ ਨਹੀਂ ਹੁੰਦੀ
ਹੜ੍ਹ ਦੇ ਵਿਚ ਖੜੇ ਰਹਿਣਾ – ਰੁਕਣਾ ਨਹੀਂ ਹੁੰਦਾ
ਅਹੀਂਸਾ – ਅਕਰਮ ਨਹੀਂ ਹੁੰਦੀ …
ਵੈਰੀ ਕੋਲ਼ੋਂ ਬਚਣ ਲਈ ਜੇ ਕੋਮਲਤਾ ਛੱਡ ਦਿੱਤੀ
ਅੰਦਰ ਰੱਕੜ ਉੱਗਣਾ
ਬੰਦ ਪਲਕਾਂ ਅੰਦਰੋਂ ਵੀ ਕੰਡਿਆਂ ਨੇ ਚੁੱਭਣਾ
ਬਚ ਜਾਣਾ ਪਰ ਸੁੱਖ ਦੀ ਨੀਂਦੇ ਸੌਂ ਨਾ ਸਕਣਾ …

ਜੇ ਦੁੱਖ ਆਖੇ ਤਕੜਾ ਹੋ ਜਾ – ਤਕੜਾ ਹੋਣਾ
ਜੇ ਦੁੱਖ ਆਖੇ ਹਿੰਸਕ ਹੋ ਜਾ – ਦੁੱਖ ਦਾ ਹੁਕਮ ਨਾ ਮੰਨਣਾ
ਜਿਸ ਪਲ ਮਨ ਵਿਚ ਦੁੱਖ ਉਤਰੇ
ਅਨਿਆਂ ਜਾਂ ਅਪਮਾਨ ਘਟੇ
ਬਦਲਾ ਜਾਗੇ ਹਿੰਸਾਂ ਉੱਠੇ
ਚੁੱਪ ਹੋ ਜਾਣਾ …
ਜਦ ਤਕ ਅੰਦਰ ਵਗਦੀ ਨੇਰ੍ਹੀ ਠੱਲ੍ਹ ਨਾ ਜਾਵੇ
ਚੁਪ ਹੀ ਰਹਿਣਾ …
ਫਿਰ ਜੋ ਕਰਨਾ – ਕੋਮਲ ਹੋ ਕੇ ਕਰਨਾ !
ਲੜਣਾ ਕੇਵਲ ਓਨਾ ਕੁ
ਅਨਿਆਂ ਰੋਕਣ ਲਈ ਲੋੜੀਂਦਾ – ਜਿੰਨਾ ਕੁ
ਭਾਂਜ ਤਾਂ ਦੇਣੀ ਦੁਸ਼ਮਣ ਦਾ ਪਿੱਛਾ ਨਾ ਕਰਨਾ
ਉਸ ਨੂੰ ਉਸ ਘਰ ਪਰਤਣ ਦੇਣਾ
ਜਿੱਥੇ ਪੁੱਜ ਉਹ – ਲੜਣਾ ਭੁੱਲ ਸਕੇ
ਉਹ ਵੀ   – ਕੋਮਲ ਹੋ ਸਕੇ
ਉਹ ਵੀ ਆਪਣੀ ਚਾਦਰ –
“ਜਿਉਂ ਕੀ ਤਿਉਂ ਦੀ ਧਰ ਸਕੇ”

ਐ ਮਨ –
ਇਹ ਜੋ ਨਵਾਂ ਵਰ੍ਹਾ ਚੜ੍ਹਿਆ ਹੈ
ਤੈਨੂੰ ਪਤਾ ਨਹੀਂ – ਤੇਰੇ ਲਈ ਕਿੰਨਾ ਕੁ ਹੈ।
ਪਰ ਜਿੰਨਾ ਕੁ ਵੀ ਬਚਿਆ ਹੈ ਵੇਲ਼ਾ ਕੋਲ ਤੇਰੇ
ਉਸ ਵਿਚ ਔਖਾ ਕੰਮ ਇਹ ਕਰਨਾ –
ਪਲ ਪਲ ਕੋਮਲ ਰਹਿਣਾ … !