
ਪੁਸਤਕ : ਤੇਰੀ ਰੰਗਸ਼ਾਲਾ
ਲੇਖਕ : ਸੁਰਜੀਤ
ਰੀਵੀਊਕਾਰ : ਡਾ. ਸਰਦੂਲ ਸਿੰਘ ਔਜਲਾ
ਜੀਵਨ ਯਥਾਰਥ ਦੀਆਂ ਹਕੀਕਤਾਂ ਨੂੰ ਦਾਰਸ਼ਨਿਕ ਸ਼ੈਲੀ ਵਿਚ ਪੇਸ਼ ਕਰਦੀ ਪਰਵਾਸੀ ਸ਼ਾਇਰਾ ਸੁਰਜੀਤ ਦੀ ਕਵਿਤਾ ‘ਤੇਰੀ ਰੰਗਸ਼ਾਲਾ’ ਦੇ ਪ੍ਰਸੰਗ ਵਿਚ
ਕਵਿਤਾ ਵਰਗੀ ਜ਼ਿੰਦਗੀ ਜਿਊਣਾ ਹੀ ਅਸਲ ਵਿਚ ਕਵਿਤਾ ਦੀ ਥਾਹ ਪਾਉਣਾ ਹੈ। ਕਵਿਤਾ ਦਰੱਖਤਾਂ ਦੇ ਪੱਤਿਆਂ ਵਿਚ ਹੈ, ਹਵਾਵਾਂ ਦੀ ਸਰਸਰਾਹਟ ਵਿਚ ਹੈ, ਅੰਦਰ ਦੀਆਂ ਛੱਲਾਂ ਵਿਚ ਤੇ ਸੰਵੇਦਨਸ਼ੀਲ ਮਨ ਮਸਤਨ ਅਜਿਹੇ ਪਲਾਂ ਨੂੰ ਆਪਣੀ ਕਲਮ ਨਾਲ ਸਫ਼ੇ ‘ਤੇ ਉਕਰ ਲੈਂਦਾ ਹੈ ਤੇ ਸ਼ਬਦ ਧੜਕਣ ਲੱਗਦੇ ਹਨ ਇਹੀ ਕਵਿਤਾ ਹੈ। ਸੁਰਜੀਤ ਕੈਨੇਡਾ ਵੱਸਦੀ ਪੰਜਾਬੀ ਕਵਿਤਰੀ ਹੈ, ਜਿਸ ਕਵਿਤਾ ਵਿਚ ਕਾਦਰ ਅਤੇ ਕੁਦਰਤ ਦੀ ਅਭੇਦਤ ਦੇ ਦਰਸ਼ਨ ਤਾਂ ਹੁੰਦੇ ਹੀ ਹਨ ਪਰ ਇਹ ਕਵਿਤਾ ਦਾਰਸ਼ਨਿਕ ਗਹਿਰਾਈ ਗ੍ਰਹਿਣ ਕਰਦੀ ਹੋਈ ਵੀ ਅਕਾਲੀ ਜੀਵਨ ਯਥਾਰਥ ਨਾਲੋਂ ਕਿੱਧਰੇ ਵੀ ਵਿੱਥ ‘ਤੇ ਨਹੀਂ ਵਿਚਰਦੀ ਨਾ ਹੀ ਸਮਕਾਲ ਦੇ ਉਨ੍ਹਾਂ ਮੁੱਦਿਆਂ ਅਤੇ ਸਮੱਸਿਆਵਾਂ ਨਾਲ ਵੀ ਸੰਵਾਦ ਰਚਾਉਂਦੀ ਹੈ, ਜੋ ਮਨੁੱਖੀ ਮਾਨਸਿਕਤਾ ਨੂੰ ਕਿਤੇ ਨਾ ਕਿਤੇ ਦੁੱਖਦਾਈ ਪ੍ਰਸਥਿਤੀਆਂ ਪ੍ਰਦਾਨ ਕਰਦੇ ਹਨ ਪਰ ਉਸ ਦੀ ਕਵਿਤਾ ਚੁੱਪ-ਚਾਪ ਸਹਿਣ ਕਰਨ ਦੀ ਬਿਰਤੀ ਨਹੀਂ ਅਪਣਾਉਂਦੀ, ਸਗੋਂ ਕਿਸੇ ਵਰਤਾਰੇ ਨਾਲ ਸੰਵਾਦੀ ਸੁਰ ਵਿਚ ਮੁਖਾਤਿਬ ਹੁੰਦੀ ਹੈ ਉਹ ਜ਼ਿੰਦਗੀ ਕਵਿਤਾ ਵਰਗੀ ਜਿਊਣਾ ਚਾਹੁੰਦੀ ਹੈ ਜਿਸ ਵਿਚ ਸਰਬਪੱਖੀ ਆਜ਼ਾਦੀ ਹੋਵੇ ਅਤੇ ਕਵਿਤਾ ਨੂੰ ਜ਼ਿੰਦਗੀ ਵਾਂਗ ਲਿਖਣਾ ਚਾਹੁੰਦੀ ਹੈ, ਜੋ ਹਰੇਕ ਪ੍ਰਕਾਰ ਦੀ ਬੰਦਿਸ਼ ਤੋਂ ਮੁਕਤ ਹੋਵੇ। ਜੇ ਬੰਦਿਸ਼ ਵਿਚਾਰਾਂ ਦੀ ਵੀ ਹੋ ਸਕਦੀ ਹੈ ਅਤੇ ਕਵਿਤਾ ਤੇ ਨਿਯਮਾਂ ਦੀ ਵੀ, ਕਿਉਂਕਿ ਉਹ ਆਪਣੀ ਕਵਿਤਾ ਵਿਚ ਲਿਖਦੀ ਹੈ—
ਮੈਂ ਖੁੱਲ੍ਹੀ ਕਵਿਤਾ ਲਿਖਦੀ ਹਾਂ
ਜਿਵੇਂ ਬੱਦਲ ਲਿਖਦੇ ਨੇ ਅੰਬਰ ‘ਤੇ
ਖੁੱਲ੍ਹੀ ਕਵਿਤਾ
….
ਮੈਨੂੰ ਕਵਿਤਾ ਦੀ ਆਵਾਰਗੀ ਚੰਗੀ ਲੱਗਦੀ ਹੈ
ਕਿਵੇਂ ਨਾਪਾਂ ਤੋਲਾਂ ਕਵਿਤਾ ਨੂੰ
ਕਵਿਤਾ ਵੀ ਤਾਂ ਹੁੰਦੀ ਏ
ਕੁਦਰਤ ਵਰਗੀ ਖੁੱਲ੍ਹੀ ਤੇ ਖੂਬਸੂਰਤ
ਸੁਰਜੀਤ ਕਵਿਤਾ ਵਿਚੋਂ ਜਦੋਂ ਅਸੀਂ ਦਾਰਸ਼ਨਿਕ ਪੱਖ ਨੂੰ ਦੇਖਦੇ ਹਾਂ ਤਾਂ ਉਹ ਕੁਦਰਤ ਅਤੇ ਕਾਦਰ ਦੀ ਇਕਮਿਕਤਾ ਵਿਚੋਂ ਵਿਸਮਾਦੀ ਪਲਾਂ ਨੂੰ ਮਹਿਸੂਸ ਕਰਦੀ ਹੈ ਇਹੀ ਅਨੁਭੂਤੀ ਪਾਠਕ ਨੂੰ ਵੀ ਪ੍ਰਾਪਤ ਹੁੰਦੀ ਹੈ। ਇੱਥੇ ਕਵਿਤਾ ਵਿਚਲੀ ਚੁੱਪ ਵੀ ਬੋਲਣ ਲੱਗਦੀ ਹੈ। ਖੂਬਸੂਰਤ ਬਿੰਬ ਅਤੇ ਪ੍ਰਤੀਕ ਕੁਦਰਤ ਦੀ ਵਿਸ਼ਾਲਤਾ ਨੂੰ ਵਿਵਿਧ ਰੰਗਾਂ ਵਿਚ ਰੰਗ ਕੇ ਪੇਸ਼ ਕਰਦੇ ਹਨ। ਕਵਿਤਾ ਵਿਚਲਾ ਅਜਿਹਾ ਦਾਰਸ਼ਨਿਕ ਵਾਤਾਵਰਣ ਪਾਠਕ ਦੇ ਧੁਰ ਅੰਦਰ ਉਤਰਦਾ ਹੈ ਅਤੇ ਸਹਿਜਤਾ ਦੀ ਅਵਸਥਾ ਪਾਠਕ ਦੀ ਮਾਨਸਿਕਤਾ ਨੂੰ ਟਿਕਾਓ ਮਹਿਸੂਸ ਕਰਵਾਉਂਦੀ ਹੈ, ਕਿਉਂਕਿ ਸੁਰਜੀਤ ਦੀ ਕਵਿਤਾ ਉੱਚੀ ਨਹੀਂ, ਸਗੋਂ ਧੀਮੀ ਸੁਰ ਵਿਚ ਗਹਿਰੇ ਅਰਥਾਂ ਨੂੰ ਜਨਮ ਦਿੰਦੀ ਹੈ—
ਤੇਰੀ ਰੰਗਸ਼ਾਲਾ ‘ਚ ਮਦਹੋਸ਼ ਖੜ੍ਹੀ ਹਾਂ
ਤਨ ਗੁਲਾਲ, ਮਸਤਕ ਜਲਾਲ
ਸ਼ਾਂਤ ਬੜੀ ਹਾਂ।
ਤੇਰੇ ਭਵਸਾਗਰ ‘ਚ ਮੈਂ ਖੇਲ ਰਹੀ ਹਾਂ
ਕਾਗਤਾਂ ਦੀ ਬੇੜੀ
ਸਮੁੰਦਰ ‘ਚ ਠੇਲ ਰਹੀ ਹਾਂ।
ਤੇਰਿਆਂ ਬਾਗਾਂ ‘ਚ ਨਾਜ਼ਕ ਤਿੱਤਲੀਆਂ
ਮਸਤੀ ਉਠਦੀਆਂ
ਸੰਮੋਹਿਤ ਹੋਈ ਵੇਖ ਰਹੀ ਹਾਂ।
ਅਸਲ ਬਿੰਦੂ ਇਹੀ ਕਵਿਤਾ ਦਾ ਮਾਣੇ ਜਾਣ ਦੀ ਨਿਸ਼ਾਨੀ ਹੈ, ਜਿੱਥੇ ਮਨੁੱਖੀ ਭੋਲਾਪਨ ਪ੍ਰਸ਼ਨ ਚਿੰਨ੍ਹ ਲਾਉਣ ਦੀ ਬਜਾਇ ਸਿਰਫ਼ ਤੇ ਸਿਰਫ਼ ਆਨੰਦਿਤ ਹੁੰਦਾ ਹੈ ਜਿੱਥੇ ‘ਕਾਗਜ਼ਾਂ’ ਦੀ ਥਾਂ ‘ਕਾਗਤ’ ਹੀ ਸਭ ਕੁਝ ਪੇਸ਼ ਕਰ ਦਿੰਦੇ ਹਨ।
ਕਦੇ ਕਦੇ ਉਹ ਕਵਿਤਾ ਨੂੰ ‘ਨਖਰੇਲੋ ਕਾਰ’ ਦਾ ਰੂਪ ਵੀ ਦਿੰਦੀ ਹੈ। ਪਰ ਉਸ ਦੀ ਕਵਿਤਾ ਵਿਚਲੀ ‘ਨਾਰੀ’ ਸਿਰਫ਼ ਨਖਰੇਲੋ ਹੀ ਨਹੀਂ ਵਕਤ ਦੀ ਹਕੀਕਤਾਂ ਨਾਲ ਟੱਕਰ ਲੈਣ ਵਾਲੀ ਬਹਾਦਰ ਔਰਤ ਹੈ, ਜੋ ਕਦੇ ਵੀ ਆਪਣੇ ਦ੍ਰਿੜ੍ਹ ਇਰਾਦੇ ਤੋਂ ਡੋਲਦੀ ਨਹੀਂ, ਸਗੋਂ ਵੀਰਾਂਗਵਾਂ ਦੀ ਤਰ੍ਹਾਂ ਜੂਝਣ ਦਾ ਜੇਰਾ ਵੀ ਰੱਖਦੀ ਹੈ ਅਤੇ ‘ਬਦਲਾਅ’ ਲਈ ਲੜਨ ਦੀ ਤਾਕਤ ਵੀ ਰੱਖਦੀ ਹੈ। ਜਿਵੇਂ ਉਹ ਆਪਣੀ ਕਵਿਤਾ ‘ਕੁਕਨੂਸ’ ਵਿਚ ਲਿਖਦੀ ਹੈ—
ਉਹ ਇਕ ਹਕੀਕਤ,
ਇਕ ਤਵਾਰੀਖ
ਵਕਤ ਉਸਨੂੰ ਰੋੜ ਸਕਦਾ ਨਹੀਂ
ਕੋਈ ਉਸ ਦੇ ਖੰਭ ਤੋੜ ਸਕਦਾ ਨਹੀਂ
ਕੋਈ ਉਸ ਦੇ ਕਦਮ ਮੋੜ ਸਕਦਾ ਨਹੀਂ
ਉਹ ਜਾਣਦੀ ਹੈ ਕਿ
ਉਹ ਐਵੇਂ ਹੀ ਨਹੀਂ ਜੰਮੀ
ਉਹ ਵੀਰਾਂਗਣਾਂ ਹੈ
ਉਸਨੇ ਸਿਰਜਣਾ ਹੈ
ਉਸਨੇ ਇਸ ਸਦੀ ਦੀ ਤਲੀ ਤੇ
ਸ਼ਾਂਤੀ ਦਾ ਪੈਗ਼ਾਮ ਧਰਨਾ ਹੈ
ਅਤੇ ਵਕਤ ਨੂੰ ਜੀਊਣ ਜੋਗਾ ਕਰਨਾ ਹੈ।
ਸੁਰਜੀਤ ਕਵਿਤਾ ਵਿਚ ਅਜੋਕੇ ਤਕਨੀਕੀ ਯੁੱਗ ਵਿਚ ਮਸ਼ੀਨ ਦੀ ਗੁਲਾਮ ਬਣਦੀ ਜਾ ਰਹੀ ਮਨੁੱਖੀ ਮਾਨਸਿਕਤਾ ਦਾ ਵੀ ਕਾਵਿ ਅਨੁਭਵ ਪੇਸ਼ ਹੈ। ਮਨੁੱਖ ਮਨੁੱਖ ਨਾਲੋਂ ਮਸ਼ੀਨ ਨੂੰ ਜ਼ਿਆਦਾ ਤਰਜੀਹ ਦੇ ਰਿਹਾ ਹੈ। ਰਿਸ਼ਤੇਦਾਰੀਆਂ, ਸਾਂਝਾ, ਭਾਈਚਾਰਾਂ, ਸਭ ਕੁੱਝ ਮਸ਼ੀਨ ਦੀ ਭੇਟ ਚੜ੍ਹ ਰਿਹਾ ਹੈ, ਕਿਉਂਕਿ ਸੁਰਜੀਤ ਬਹੁਤ ਹੀ ਅਡਵਾਂਸ ਤਕਨੀਕ ਵਾਲੇ ਮੁਲਕ ਵਿਚ ਰਹਿ ਰਹੀ ਹੈ ਇਸ ਕਰਕੇ ਉਹ ਅਜਿਹੇ ਵਰਤਾਰੇ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ। ਉਸ ਦੀ ‘ਆਓ ਮਿਲੀਏ’ ਕੁੱਝ ਅਜਿਹੇ ਹੀ ਸੂਖਮ ਵਿਅੰਗ ਨਾਲ ਰਹਿਕੇ ਅਰਥਾਂ ਨੂੰ ਪੇਸ਼ ਕਰ ਜਾਂਦੀ ਹੈ—
ਦੋਸਤੋ/ਮੁਆਫ਼ ਕਰਨਾ
ਮੇਰੇ ਘਰ ਆ ਕੇ ਨਾ ਮੰਗਣਾ
ਵਾਈ ਫਾਈ ਦਾ ਪਾਸਵਰਡ/ਫ਼ੋਨ ਸਾਈਲੈਂਟ ਤੇ ਰੱਖਣਾ
ਨਾ ਵਟਸਐਪ/ਨਾ ਚਿਟ ਚੈਟ/ਨਾ ਟਿਕ ਟੌਕ/ਨਾ ਇੰਸਟਾ/
ਨਾ ਫੇਸ ਬੁੱਕ/ਨਾ ਟਵਿਟਰ/ਨਾ ਯੂ ਟਿਊਬ/
*** *** *** ***
ਲਗਦੈ ਸਦੀਆਂ ਹੀ ਬੀਤ ਗਈਆਂ
ਇਕ ਦੂਜੇ ਦੇ ਮੋਢੇ ‘ਤੇ ਹੱਥ ਧਰਿਆਂ
ਦੁੱਖ ਸੁੱਖ ਕੀਤਿਆਂ
ਆਓ ਕਦੇ ਬਹਿ ਕੇ ਦਿਲ ਫਰੋਲੀਏ
ਦੱਬੀਆਂ ਗੱਲਾਂ ਬਾਹਰ ਕੱਢੀਏ
ਸਵਾਲ ਕਰੀਏ
ਜਵਾਬ ਮੰਗੀਏ।
ਇਹੀ ਸੁਰਜੀਤ ਦੀ ਕਵਿਤਾ ਦੀ ਸੰਵਾਦੀ ਸੁਰ ਹੈ ਜੋ ਹੁੰਗਾਰਾ ਉਡੀਕਦੀ ਹੈ ਕਿ ਕਿਧਰੇ ਜ਼ਿੰਦਗੀ ਵਿਚੋਂ ਸੰਵਾਦ ਮਰ ਗਿਆ ਤਾਂ ਜ਼ਿੰਦਗੀ ਰਸਹੀਣ ਤਾਂ ਹੋਵੇਗੀ ਹੀ ਨਾਲ ਦੀ ਨਾਲ ਸਾਹ ਹੀਣ ਵੀ ਹੋ ਜਾਵੇਗੀ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਜਦੋਂ ਸੁਰਜੀਤ ਆਪਣੀ ਵਿਚਾਰਅਧੀਨ ਕਾਵਿ ਪੁਸਤਕ ਦਾ ਨਾਮ ‘ਤੇਰੀ ਰੰਗਸ਼ਾਲਾ’ ਰੱਖਦੀ ਹੈ ਤਾਂ ਇੱਥੇ ਵੀ ਉਹ ਇਕ ਤਰ੍ਹਾਂ ਨਾਲ ਸੰਵਾਦ ਹੀ ਰਚਾ ਰਹੀ ਹੈ ਜਿੱਥੇ ‘ਤੇਰੀ ਰੰਗਸ਼ਾਲਾ’ ਬਹੁਆਰਥਕਤਾ ਦੀ ਧਾਰਨੀ ਬਣ ਕੇ ਸਾਹਮਣੇ ਆਉਂਦੀ ਹੈ। ਇਸੇ ਕਰਕੇ ਹੀ ਸੁਰਜੀਤ ਦੀ ਕਵਿਤਾ ਪਾਠਕ ਤੋਂ ਪਰੇ ਨਹੀਂ ਹੁੰਦੀ-ਸਗੋਂ ਉਸਦੇ ਅੰਗ ਸੰਗ ਹੀ ਵਿਚਰਦੀ ਹੈ, ਸੰਵਾਦ ਰਚਾਉਂਦੀ ਹੈ।
ਕਿਉਂਕਿ ਸੁਰਜੀਤ ਪਰਵਾਸ ਵਿਚ ਰਹਿ ਰਹੀ ਹੈ। ਪਰਵਾਸੀ ਰੋਜ਼ੀ ਰੋਟੀ ਦੀ ਤਲਾਸ਼ ਵਿਚ ਆਪਣੀ ਜੰਮਣ ਭੋਇੰ ਨੂੰ ਛੱਡ ਕੇ ਕਿਸੇ ਹੋਰ ਧਰਤੀ ਉੱਤੇ ਵਿਚਰਦਾ ਹੈ ਪਰ ਉਸ ਦੇ ਮਨ ਵਿਚੋਂ ਆਪਣੀ ਧਰਤੀ ਪ੍ਰਤੀ ਹੇਰਵਾ ਸਦਾ ਹੀ ਬਣਿਆ ਰਹਿੰਦਾ ਹੈ। ਵਿਸ਼ੇਸ਼ ਕਰਕੇ ਜਦੋਂ ਪਰਾਈ ਧਰਤੀ ਦੀਆਂ ਪ੍ਰਸਥਿਤੀਆਂ ਪ੍ਰਤੀਕੂਲ ਹੋਣ। ਸੁਰਜੀਤ ਦੀ ਕਵਿਤਾ ਵਿਚ ਕੁਝ ਅਜਿਹੇ ਭਾਵ ਵੀ ਉਭਰਦੇ ਹਨ, ਜਿੱਥੇ ਪਰਾਈ ਧਰਤੀ ਦੇ ਮੂਲ ਵਾਸੀਆਂ ਦਾ ਵਤੀਰਾ ਪਰਵਾਸੀ ਵਿਅਕਤੀ ਲਈ ਅਤਿ ਦੁਖਦਾਈ ਹੁੰਦਾ ਹੈ। ਨਸਲੀ ਵਿਤਕਰਾ ਭਾਵੇਂ ਅਸੀਂ ਮੁਢਲੇ ਦੌਰ ਦੀ ਪਰਵਾਸੀ ਕਵਿਤਾ ‘ਚੋਂ ਮੂਲ ਸਰੋਕਾਰ ਦੇ ਰੂਪ ਵਿਚ ਦੇਖਦੇ ਹਾਂ ਪਰ ਅੱਜ ਵੀ ਜਦੋਂ ਸੁਰਜੀਤ ਕਵਿਤਾ ਲਿਖ ਰਹੀ ਹੈ ਤਾਂ ਪਰਵਾਸ ਵਿਚੋਂ ਹੁੰਦੇ ਨਸਲੀ ਵਿਤਕਰੇ ਬਾਰੇ ਆਪਣਾ ਭਾਵਪੂਰਤ ਕਾਵਿ-ਅਨੁਭਵ ਪੇਸ਼ ਕਰਦੀ ਹੈ—
ਹਾਂ ਮੈਂ ਪਰਵਾਸੀ ਹਾਂ
ਤੁਹਾਡੇ ਵਰਗਾ ਹੀ ਇਨਸਾਫ਼ ਹਾਂ ਮੈਂ ਵੀ
ਆਪਣੇ ਵੱਖਰੇ ਰੰਗ ਪਿੱਛੇ ਲੁਕਿਆ
ਬਿਲਕੁਲ ਤੁਹਾਡੇ ਜਿਹੇ ਹੀ
ਖੂਨ ਤੇ ਹੱਡਮਾਸ ਦਾ ਪੁਤਲਾ ਹਾਂ
**** **** ****
ਰਾਹ ਚਲਦਿਆਂ ਨੂੰ
ਤੁਸੀਂ ਸਾਨੂੰ ਆਵਾਜ਼ ਕੱਸਦੇ ਹੋ
‘ਗੋ ਹੋਮ ਪਾਕੀ’
ਕੀ ਹੁੰਦੈ ਪਾਕੀ?
ਸ਼ਾਇਰਾ ਇੱਥੇ ਵਧੀਕੀ ਸਹਿ ਕੇ ਚੁੱਪ ਨਹੀਂ ਕਰਦੀ, ਸਗੋਂ ਆਪਣੀ ਕਵਿਤਾ ਵਿਚੋਂ ਅਜਿਹੀ ਬਿਰਤੀ ਦੇ ਲੋਕਾਂ ਨੂੰ ਸਿੱਧਾ ਮੁਖਾਤਿਬ ਹੁੰਦੀ ਹੈ, ਜੋ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ। ਉਹ ਇਸ ਹੇਟ ਕਰਾਈਮ ਕਹਿ ਕੇ ਸੰਬੋਧਨ ਕਰਦੀ ਹੈ ਜਿਵੇਂ ਉਹ ਲਿਖਦੀ ਹੈ—
ਪਲੀਜ ਸਟੌਪ ਦਿਸ ਹੇਟ ਕਰਾਈਮ
ਜ਼ਰਾ ਤਾਂ ਸੋਚੋ
ਸਮਝੋ ਤੇ ਵਿਚਾਰੋ
ਨਫ਼ਰਤ ਦੀ ਅੱਗ ਵਿਚੋਂ
ਮਨੁੱਖਤਾ ਨੂੰ ਇੰਝ ਨਾ ਮਾਰੋ।
ਪਰਵਾਸ ਮਨੁੱਖ ਬੇਸ਼ੱਕ ਰੋਜ਼ੀ ਰੋਟੀ ਲਈ ਧਾਰਨ ਕਰਦਾ ਹੈ। ਪਰਵਾਸ ਵਿਚੋਂ ਉਸ ਨੂੰ ਮਿਹਨਤ ਸਦਕਾ ਸੁੱਖ ਸਹੂਲਤਾਂ ਵੀ ਪ੍ਰਾਪਤ ਹੋ ਜਾਂਦੀਆਂ ਹਨ ਪਰ ਆਪਣੀ ਧਰਤੀ ਪ੍ਰਤੀ ਭਾਵੁਕ ਮੋਹ ਪਰਵਾਸੀ ਕਦੇ ਵੀ ਛੱਡ ਨਹੀਂ ਸਕਦਾ। ਆਪਣੇ ਅਤੀਤ ਨਾਲ ਉਸ ਦੀ ਸਾਂਝ ਸਦਾ ਬਣੀ ਰਹਿੰਦੀ ਹੈ। ਅਤੀਤ ਦੀਆਂ ਯਾਦਾਂ ਅਤੇ ਵਰਤਮਾਨ ਦੀਆਂ ਸੁੱਖ ਸਹੂਲਤਾਂ ਵਿਚ ਪਰਵਾਸੀ ਹੇਰਵੇ ਦੀ ਸਥਿਤੀ ਵਿਚੋਂ ਵਿਚਰਦਾ ਹੈ ਇੱਥੇ ਸੁਰਜੀਤ ਦੀ ਕਵਿਤਾ ‘ਵਿਛੜੇ ਘਰ’ ਦੇਖੀ ਜਾ ਸਕਦੀ ਹੈ। ਜਿਵੇਂ ਉਹ ਲਿਖਦੀ ਹੈ—
ਮੁੱਦਤ ਬਾਅਦ
ਉਸ ਵਿਛੜੇ ਘਰ ਦੇ ਬੂਰੇ
ਜਦ ਮੈਂ ਛੋਹੇ
ਘੁਣ ਲੱਗੇ ਬੂਹੇ
ਮੇਰੇ ਗਲ ਲੱਗ ਭੁਰ ਭੁਰ ਰੋਏ
ਇਥੇ ਸ਼ਾਇਰਾ ਆਪਣੇ ਦੇਸ਼ ਦੀ ਆਰਥਿਕ ਸਥਿਤੀ ਤੇ ਵੀ ਪ੍ਰਸ਼ਨ ਚਿੰਨ੍ਹ ਲਾਉਂਦੀ ਹੈ ਕਿ ਜੇਕਰ ਆਪਣੇ ਦੇਸ਼ ਵਿਚ ਹੀ ਰੁਜ਼ਗਾਰ ਦੀ ਪ੍ਰਾਪਤੀ ਹੋ ਜਾਵੇ ਤਾਂ ਕੋਈ ਵੀ ਆਪਣਾ ਦੇਸ਼ ਛੱਡ ਕੇ ਅਤੇ ਮੋਹਖੋਰੇ ਰਿਸ਼ਤੇ ਤੋੜਕੇ ਕਦੇ ਵੀ ਪਰਵਾਸ ਧਾਰਨ ਨਾ ਕਰੇ—
ਜੇ ਦੇਸ਼ ‘ਚ ਰੋਟੀ ਦਾ ਗੁਜ਼ਰਾਨ ਹੋਵੇ
ਕੌਣ ਸੁੰਨੇ ਕਰਕੇ ਪਰਦੇਸ ਜਾਣਾ ਚਾਹਵੇ
ਇੰਝ ਆਪਣੇ ਪਿਆਰੇ ਘਰ ਦੇ ਵਿਹੜੇ।
ਜਿਵੇਂ ਕਿ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਜਿਵੇਂ ਸੁਰਜੀਤ ਦੀ ਕਵਿਤਾ ਵਿਚੋਂ ਹੋਰ ਬਹੁਤ ਸਾਰੇ ਕਾਵਿਕ ਰੰਗ ਉਭਰਦੇ ਹਨ ਉੱਥੇ ਉਹ ਸਮਕਾਲੀ ਸਮੱਸਿਆਵਾਂ ਬਾਰੇ ਵੀ ਚੁੱਪ ਨਹੀਂ। ਪਿਛਲੇ ਮਸੇਂ ਦੌਰਾਨ ਕੋਰੋਨਾ ਮਹਾਂਮਾਰੀ ਦੇ ਫੈਲਣ ਨਾਲ ਜਿਹੜਾ ਮਨੁੱਖਤਾ ਨੇ ਸੰਤਾਪ ਭੋਗਿਆ ਅਤੇ ਅੱਜ ਤੱਕ ਭੋਗ ਰਹੀ ਹੈ ਉਸ ਬਾਰੇ ਸੁਰਜੀਤ ਦੀ ਕਵਿਤਾ ਵਿਚ ਵਿਆਪਕ ਜ਼ਿਕਰ ਹੋਇਆ ਹੈ। ਇਸ ਮਹਾਂਮਾਰੀ ਨੂੰ ਕਿਵੇਂ ਆਪਣਿਆਂ ਤੋਂ ਆਪਣੇ ਖੋਹੇ, ਕਿਵੇਂ ਇਕ ਨਵੀਂ ਜੀਵਨ ਸ਼ੈਲੀ ਦੇ ਮਨੁੱਖਤਾ ਨੂੰ ਰੂ-ਬਰੂ ਕੀਤਾ ਸੁਰਜੀਤ ਦੀ ਕਵਿਤਾ ਵਿਚ ਅਜਿਹੀਆਂ ਕਾਵਿ ਸੁਰਾਂ ਵੀ ਪੇਸ਼ ਹੋਣੀਆਂ ਹਨ।
ਬੈਠਿਆਂ ਸੁੱਤਿਆਂ ਇਹ ਕਿਹਾ ਭੈਅ ਆ ਗਿਐ,
ਕੋਰੋਨਾ ਨਾ ਦਾ ਰਾਖਸ਼ਸ ਸਾਡੇ ਚੈਨ ਖਾ ਗਿਐ।
ਪਰ ਉਸਦੀ ਕਵਿਤਾ ਵਿਚੋਂ ਮਨੁੱਖ ਦੁਆਰਾ ਗੰਧਲੇ ਕੀਤੇ ਜਾ ਰਹੇ ਵਾਤਾਵਰਨ ਅਤੇ ਕੁਦਰਤ ਦੇ ਨਿਜ਼ਾਮ ਵਿਚੋਂ ਬੇਲੋੜੀ ਦਖ਼ਲ ਅੰਦਾਜ਼ੀ ਨੂੰ ਅਜਿਹੀ ਮਹਾਂਮਾਰੀ ਦਾ ਕਾਰਨ ਮੰਨਿਆ ਗਿਆ ਹੈ ਜਿਵੇਂ—
ਕੁਦਰਤ ਕੋਲ ਆਪਣਾ ਨਿਜ਼ਾਮ ਹੈ ਹੁੰਦਾ
ਜੋ ਬੀਜਣਾ ਉਹ ਵੱਢਣਾ ਹੁੰਦਾ
ਭੈਅ ਯੁੱਗ ਦੇ ਉਹ ਵਾਸੀ ਲੋਕੋ
ਅਜੇ ਵੀ ਕੁਦਰਤ ਦੀ ਕਦਰ ਕਰੋ
ਕੁਦਰਤ ਨਾਲ ਰਿਸ਼ਤਾ ਗੰਢਣਾ ਸਿੱਖੋ।
ਸੁਰਜੀਤ ਕਵਿਤਾ ਕਿਸਾਨੀ ਸੰਘਰਸ਼ ਦੇ ਦੌਰ ਨੂੰ ਵੀ ਆਪਣੇ ਕਾਵਿਕ-ਕਲਾਵੇ ਵਿਚ ਲੈਂਦੀ ਹੈ। ਭਾਰਤ ਦੀ ਕੇਂਦਰੀ ਸਰਕਾਰ ਦੁਆਰਾ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਪੇਸ਼ ਕੀਤੇ ਕਿਸਾਨੀ ਵਿਰੋਧੀ ਬਿੱਲਾਂ ਦੇ ਵਿਰੋਧ ਵਿਚ ਜਦੋਂ ਭਾਰਤ ਦੇ ਕਿਸਾਨਾਂ ਨੇ ਧਰਨੇ ਲਾਏ ਜਿਹਨਾਂ ਦੀ ਅਗਵਾਈ ਪੰਜਾਬ ਦੇ ਕਿਸਾਨਾਂ ਨੇ ਕੀਤੀ ਤਾਂ ਇਸ ਬਾਰੇ ਬਹੁਤ ਬਹੁਤ ਸਾਰੀਆਂ ਕਵਿਤਾਵਾਂ, ਸਾਹਮਣੇ ਆਈਆਂ ਕਿਉਂਕਿ ਖੇਤਾਂ ਨਾਲ ਕਿਸਾਨ ਦੀ ਹੋਂਦ ਦਾ ਮਸਲਾ ਜੁੜਿਆ ਹੋਇਾ ਸੀ ਤੇ ਉਹ ਕਦੇ ਵੀ ਕਾਰਪੋਰੇਟ ਨਿਜ਼ਾਮ ਦੇ ਹੱਥਾਂ ਵਿਚ ਆਪਣੀ ਧਰਤੀ ਨੂੰ ਪਰਾਈ ਹੁੰਦੀ ਨਹੀਂ ਦੇਖ ਸਕਦਾ ਇਸ ਕਰਕੇ ਇਨ੍ਹਾਂ ਬਿੱਲਾਂ ਦੇ ਖ਼ਿਲਾਫ਼ ਧਰਨੇ ਲਾ ਕੇ ਇਹ ਬਿੱਲ ਵਾਪਸ ਲੈਣ ਲਈ ਸਰਕਾਰ ਨੂੰ ਮਜਬੂਰ ਵੀ ਕੀਤਾ। ਸੁਰਜੀਤ ਦੀ ਕਵਿਤਾ ਵਿਚੋਂ ਇਹਨਾਂ ਕਿਸਾਨਾਂ ਦੀ ਰੋਹਮਈ ਆਵਾਜ਼ ਕੁੱਝ ਇੰਝ ਪੇਸ਼ ਹੋਈ ਹੈ—
ਉੱਠ ਖੜੋਏ ਹਾਂ ਅਸੀਂ ਖੇਤਾਂ ਵਾਲੇ
ਪੁੱਗਣੇ ਨਹੀਂ ਹੁਣ ਤੁਹਾਡੇ ਲਾਰੇ
ਅਸਾਂ ਦੇਣੀਆਂ ਜਬਰ-ਜ਼ੁਲਮ ਦੀਆਂ ਜੜ੍ਹਾਂ ਪੁੱਟ
ਅਸੀਂ ਖੇਤਾਂ ਦੇ ਪੁੱਤ!
ਸੁਰਜੀਤ ਕਵਿਤਾ ਵਿਚ ਜਿੱਥੇ ਹੋਰ ਬਹੁਤ ਸਾਰੇ ਕਾਵਿਕ ਸਰੋਕਾਰ ਪੇਸ਼ ਹੋਏ ਹਨ ਉੱਥੇ ਮਨੁੱਖ ਦੀ ਭ੍ਰਿਸ਼ਟਾਚਾਰੀ ਅਤੇ ਲੋਟੂ ਬਿਰਤੀ, ਬੇਵਿਸ਼ਵਾਸੀ ਸ਼ਖ਼ਸੀਅਤ, ਮੁੱਕਦਾ ਜਾ ਰਿਹਾ ਭਾਈਚਾਰਕ ਮੋਹ, ਖੰਡਿਤ ਮਨੁੱਖੀ ਆਪਾ ਆਦਿ ਦੀ ਉਸ ਦੀ ਕਵਿਤਾ ਦੇ ਰੰਗਾਂ ਨੂੰ ਹੋਰ ਗੂੜਾ ਕਰਨ ਵਾਲੇ ਸਰੋਕਾਰ ਹਨ। ‘ਤੇਰੀ ਰੰਗਸ਼ਾਲਾ’ ਵਿਚ ਰੂਪਕ ਪੱਖੋਂ ਵੀ ਵੰਨ-ਸੁਵੰਨਤਾ ਵੇਖਣ ਨੂੰ ਮਿਲਦੀ ਹੈ ਜਿਥੇ ਖੁੱਲ੍ਹੀ ਕਵਿਤਾ ਦੇ ਰੰਗ ਹੈ, ਉੱਥੇ ਖੁੱਲ੍ਹੀ ਕਵਿਤਾ ਵਿਚਲੀ ਲੈਅ ਅਤੇ ਸ਼ਬਦ ਜੜਨ ਦੀ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ। ਕਵਿਤਾਵਾਂ ਲੰਮੀਆਂ ਵੀ ਪੁਸਤਕ ਵਿਚ ਸ਼ਾਮਿਲ ਹਨ ਅਤੇ ਛੋਟੇ ਆਕਾਰ ਵਾਲੀਆਂ ਵੀ ਪਰ ਸੁਰਜੀਤ ਦੀ ਕਵਿਤਾ ਵਿਚ ਕਾਵਿਕ-ਗਹਿਰਾਈ ਪਾਠਕ ਨੂੰ ਪ੍ਰਭਾਵਿਤ ਕਰਨ ਯੋਗ ਹੈ।
ਡਾ. ਸਰਦੂਲ ਸਿੰਘ ਔਜਲਾ
ਮੁੱਖੀ ਪੋਸਟ ਗਰੈਜੂਏਟ ਪੰਜਾਬੀ ਵਿਭਾਗ
ਡਿਪਸ ਕਾਲਜ, ਢਿੱਲਵਾਂ
ਜ਼ਿਲ੍ਹਾ ਕਪੂਰਥਲਾ-144804 (ਪੰਜਾਬ)
੯੮੧੪੧-੬੮੬੧੧
5mail : sardulsinghaujla0gmail.com
Read more
ਪੁਸਤਕ ਰੀਵਿਊ : ਪੁਸਤਕ : ‘ਰੂਟਸ’
ਪੁਸਤਕ : ਮੱਲ੍ਹਮ
ਪੁਸਤਕ : ਚਾਲ਼ੀ ਦਿਨ