ਬੇਬੇ ਨਾਨਕੀ
ਫ਼ੈਸਲ ਅਰਸ਼ਦ ਬੱਟ
(ਸੀਨੀਅਰ ਰਿਸਰਚ ਆਫ਼ੀਸਰ, ਦਿਆਲ ਸਿੰਘ
ਰਿਸਰਚ ਐਂਡ ਕਲਚਰਲ ਫ਼ੌਰਮ, ਪਾਕਿਸਤਾਨ)
ਲਾਹੌਰ ਦੇ ਨੇੜੇ ਇਕ ਪਿੰਡ ਦੇ ਵਾਸੀ ਮਹਿਤਾ ਸੇਵ ਰਾਮ ਜ਼ਾਤ ਦੇ ਬੇਦੀ ਖੱਤਰੀ ਸਨ ਤੇ ਉਨ੍ਹਾਂ ਦੀ ਪਤਨੀ ਦਾ ਨਾਂ ਬਨਾਰਸੀ ਸੀ। ਮਹਿਤਾ ਸੇਵ ਰਾਮ ਦੇ ਦੋ ਪੁੱਤਰ ਸਨ। ਵੱਡੇ ਦਾ ਨਾਂ ਮਹਿਤਾ ਕਾਲੂ ਤੇ ਛੋਟੇ ਦਾ ਨਾਮ ਲਾਲੋ ਸੀ।
ਮਹਿਤਾ ਕਾਲੂ ਦਾ ਵਿਆਹ ਰਾਮ ਚੰਦ ਖੱਤਰੀ ਦੀ ਧੀ ਨਾਲ ਹੋਇਆ ਜਦ ਕਿ ਨਿੱਕਾ ਭਰਾ ਕੁਆਰਾ ਹੀ ਰਿਹਾ।
ਮਹਿਤਾ ਕਾਲੂ ਦੇ ਘਰ 1464 ਈਸਵੀ ਵਿਚ ਇਕ ਕੁੜੀ ਪੈਦਾ ਹੋਈ। ਇਹ ਕੁੜੀ ਜਨਮ ਤੋਂ ਹੀ ਸੁੱਘੜ ਤੇ ਸਿਆਣੀ ਸੀ। ਆਪਣੀ ਤੋਤਲੀ ਬੋਲੀ ਵਿਚ ਮਿੱਠੀਆਂ-ਮਿੱਠੀਆਂ ਗੱਲਾਂ ਕਰ ਕੇ ਮਾਤਾ ਪਿਤਾ ਤੇ ਚਾਚੇ ਦਾ ਮਨ ਨਿਹਾਲ ਕਰਦੀ ਸੀ।
ਕੁਝ ਸਿਆਣੀ ਹੋਣ ਮਗਰੋਂ ਉਹ ਘਰ ਦੇ ਕੰਮਾਂ ਵਿਚ ਵੀ ਮਾਤਾ ਦਾ ਹੱਥ ਵੰਡਾਉਣ ਲੱਗ ਪਈ। ਖੂਹ ਤੋਂ ਪਾਣੀ ਭਰ ਕੇ ਲਿਆਂਦੀ, ਭਾਂਡੇ ਮਾਂਝਦੀ, ਕੱਪੜੇ ਧੋਂਦੀ ਅਤੇ ਮਾਂ ਕੁਝ ਬਿਮਾਰ ਹੋ ਜਾਂਦੀ, ਤਾਂ ਰਸੋਈ ਦਾ ਕੰਮ ਵੀ ਸਾਂਭ ਲੈਂਦੀ। ਉਹਦੇ ਵਿਚ ਆਲਸ ਨਾਂ ਦੀ ਵੀ ਨਹੀਂ ਸੀ। ਨਾ ਉਹ ਜ਼ਿਦਲ ਸੀ ਅਤੇ ਨਾ ਲੜਾਕੀ। ਮਾਂ ਨੇ ਉਹਨੂੰ ਆਉਣ ਵਾਲੇ ਵਿਆਹਿਕ ਜੀਵਨ ਨੂੰ ਕਾਮਯਾਬੀ ਨਾਲ ਹੰਢਾਉਣ ਲਈ ਸਾਰਾ ਸੁਘੜਪਣ ਸਿਖਾ ਦਿੱਤਾ ਸੀ। ਇਹ ਲਾਡਲੀ ਤੇ ਨੇਕ ਧੀ ਨਾਨਕੀ ਸੀ। ਜਿਹਦਾ ਨਾਂ “ਨਾਨਕੀ” ਇਸ ਵਾਸਤੇ ਰੱਖਿਆ ਗਿਆ ਪਈ ਉਸ ਦਾ ਜਨਮ ਨਾਨਕੇ ਘਰ ਹੋਇਆ ਸੀ। ਉਸ ਵੇਲੇ ਕਿਹਨੂੰ ਪਤਾ ਸੀ ….. ਇਹ ਕੁੜੀ ਇਕ ਦਿਨ ਸਿੰਘਾਂ ਦੀ ਬੇਬੇ ਨਾਨਕੀ ਹੋਵੇਗੀ ਤੇ ਨਾਨਕ ਜੀ ਦੀ ਵੱਡੀ ਭੈਣ।
ਬੇਬੇ ਨਾਨਕੀ ਆਪਣੇ ਭਰਾ ਨਾਨਕ ਜੀ ਕੋਲੋਂ ਪੰਜ ਵਰ੍ਹੇ ਵੱਡੀ ਸਨ। ਉਨ੍ਹਾਂ ਨੂੰ ਨਾਨਕ ਜੀ ਨਾਲ ਅੰਤਾਂ ਦਾ ਮੋਹ ਸੀ। ਉਹ ਨਾਨਕ ਜੀ ਨੂੰ ਤਕਲੀਫ਼ ਵਿਚ ਵੇਖ ਕੇ ਦੁਖੀ ਹੁੰਦੀ, ਹੱਸਦਾ ਵੇਖ ਕੇ ਉਨ੍ਹਾਂ ਦੀ ਰੂਹ ਰਾਜ਼ੀ ਰਹਿੰਦੀ। ਇਸ ਵੇਲੇ ਤਲਵੰਡੀ ਦੇ ਮੁਸਲਮਾਨ ਹਾਕਮ ਰਾਏ ਬੁਲਾਰ ਹੋਰੀਂ ਵੀ ਬਾਲ ਨਾਨਕ ਨੂੰ ਵੇਖ ਕੇ ਬਹੁਤ ਖ਼ੁਸ਼ ਹੁੰਦੇ ਸਨ।
ਇਕ ਵਾਰੀ ਮਹਿਤਾ ਕਾਲੂ ਨੇ ਕੁਝ ਧੰਨ (ਉਸ ਸਮੇਂ ਦੇ 20 ਰੁਪਏ) ਕੋਈ ਚੰਗਾ ਸੌਦਾ (ਵਪਾਰ) ਕਰਨ ਲਈ ਨਾਨਕ ਜੀ ਨੂੰ ਦਿੱਤੇ। ਉਨ੍ਹਾਂ ਨੇ ਇਹ ਧਨ ਭੁੱਖੇ ਫਕੀਰਾਂ ਨੂੰ ਖਾਣਾ ਖੁਆਉਣ ਉੱਤੇ ਖਰਚ ਦਿੱਤਾ। ਇਸ ਗੱਲੋਂ ਪਿਤਾ ਮਹਿਤਾ ਕਾਲੂ ਨੇ ਨਾਨਕ ਜੀ ਨੂੰ ਡਾਂਟਿਆ ਤਾਂ ਬੇਬੇ ਨਾਨਕੀ ਨੇ ਨਾਨਕ ਜੀ ਦੇ ਲੋੜਵਦਾਂ ਦੀ ਸੇਵਾ ਦੇ ਕਾਰਜ ਨੂੰ ਸਹੀ ਮੰਨਦੇ ਹੋਏ ਪਿਤਾ ਜੀ ਨੂੰ ਅਜਿਹਾ ਨਾ ਕਰਨ ਦੀ ਗੁਜ਼ਾਰਿਸ਼ ਕੀਤੀ। ਧੀ ਨੂੰ ਭਰਾ ਦਾ ਸਾਥ ਦਿੰਦਿਆਂ ਵੇਖ ਕੇ ਪਿਓ ਦਾ ਕਲੇਜਾ ਵੀ ਪੰਘਰ ਗਿਆ ਤੇ ਉਹਨੇ ਨਾਨਕ ਜੀ ਨੂੰ ਡਾਂਟਣਾ ਛੱਡ ਦਿੱਤਾ।
ਕਪੂਰਥਲਾ ਵਿਚ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ, ਇਕ ਪੰਝੀਆਂ (25) ਵਰ੍ਹਿਆਂ ਦਾ ਜਵਾਨ ਪਟਵਾਰੀ, ਇਕ ਵਾਰ ਰਾਏ ਬੁਲਾਰ ਹੋਰਾਂ ਨੂੰ ਮਿਲਣ ਆਇਆ। ਉਹਨੇ ਆਖਿਆ ਕਿ ਤੁਹਾਡੇ ਪਿੰਡ ਵਿਚ ਖੱਤਰੀਆਂ ਦੇ ਬਹੁਤ ਸਾਰੇ ਪਰਿਵਾਰ ਨੇ ਤੇ ਮੇਰਾ ਚੰਗੇ ਘਰ ਵਿਆਹ ਕਰਾ ਦਿਓ। ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨਾਲ ਗੱਲ ਕਰਕੇ ਸੁਲਤਾਨਪੁਰ ਦੇ ਜੈ ਰਾਮ ਪਟਵਾਰੀ ਨਾਲ ਬੇਬੇ ਨਾਨਕੀ ਜੀ ਦਾ ਰਿਸ਼ਤਾ ਤੈਅ ਕਰ ਦਿੱਤਾ। ਵਿਸਾਖ ਵਿਚ ਹੋਣ ਵਾਲੇ ਇਸ ਵਿਆਹ ਵਿਚ ਰਾਏ ਬੁਲਾਰ ਹੋਰਾਂ ਨੇ ਚੌਖਾ ਹਿੱਸਾ ਪਾਇਆ ਤੇ ਧੀਆਂ ਵਾਂਗੂੰ ਬੇਬੇ ਨਾਨਕੀ ਨੂੰ ਸਹੁਰੇ ਤੋਰਿਆ। ਹੱਸ ਮੁੱਖ ਤਬੀਅਤ, ਵਧੀਆ ਸੁਭਾਅ ਤੇ ਸਾਫ਼ ਦਿਲ ਹੋਣ ਕਰਕੇ ਬੇਬੇ ਨਾਨਕੀ ਹੋਰਾਂ ਦੀਆਂ ਦੋ ਨਨਾਣਾਂ, ਇਕਲੌਤੇ ਦੇਵਰ ਅਤੇ ਆਂਢ ਗੁਆਂਢ ਦੇ ਲੋਕਾਂ ਉਨ੍ਹਾਂ ਨੂੰ ਅਪਣਾ ਆਈਡੀਅਲ ਲਿਆ।
ਬੇਬੇ ਨਾਨਕੀ ਜੀ ਦੇ ਭਰਾ ਨਾਨਕ ਜੀ ਆਪਣੇ ਬੇਲੀ ਭਾਈ ਬਾਲਾ ਦੇ ਨਾਲ, ਉਨ੍ਹਾਂ ਨੂੰ ਸਹੁਰਿਓਂ ਲੈਣ ਗਏ ਤੇ ਨਾਨਕੀ ਜੀ ਦੇ ਪਤੀ ਨੇ ਉਨ੍ਹਾਂ ਦੀ ਚੰਗੀ ਟਹਿਲ ਸੇਵਾ ਕੀਤੀ। ਅਸਲ ਵਿਚ ਉਹ ਵੀ ਆਪਣੀ ਪਤਨੀ ਰਾਹੀਂ ਨਾਨਕ ਜੀ ਨੂੰ ਜਾਣ ਗਏ ਸਨ। ਨਾਨਕੀ ਜੀ ਦਾ ਦਿਲ ਤੇ ਦਿਮਾਗ਼ ਕਿੰਨਾਂ ਰੌਸ਼ਨ ਸੀ, ਉਹਦਾ ਪਤਾ ਇਨ੍ਹਾਂ ਅੱਖਰਾਂ ਤੋ ਲਗਦਾ ਹੈ ਜਿਹੜੇ ਬੇਬੇ ਨਾਨਕੀ ਜੀ ਨੇ ਨਾਨਕ ਜੀ ਦੇ ਬਾਰੇ ਆਪਣੇ ਪਤੀ ਜੈ ਰਾਮ ਨੂੰ ਆਖੇ। ਉਹ ਅੱਖਰ ਇਹ ਸਨ:
“ਇਹਦਾ ਕਹਿਣਾ ਕਰਨ ਵਿਚ ਹੀ ਸਾਡਾ ਭਲਾ ਹੈ। ਮੈਨੂੰ ਇਹਦੇ ਅਚਰਜ ਕੌਤਕਾਂ ਦੇ ਬਹੁਤ ਸਾਰੇ ਸੁਫ਼ਨੇ ਆਂਦੇ ਹਨ। ਇਹ ਕੋਈ ਵੱਡਾ ਅਵਤਾਰੀ ਪੁਰਖ ਹੈ। ਜੋ ਕੁੱਝ ਮੂੰਹੋਂ ਆਖਦਾ ਹੈ ਉਹ ਗਲ ਸੱਚ ਹੋ ਜਾਂਦੀ ਹੈ।”
ਇੰਝ ਭੈਣ ਦੇ ਘਰ ਚਾਰ ਦਿਹਾੜੇ ਰਹਿਣ ਮਗਰੋਂ ਉਹ ਭੈਣ ਨੂੰ ਨਾਲ ਲੈ ਕੇ ਭਾਈ ਬਾਲੇ ਨਾਲ ਵਾਪਸ ਤਲਵੰਡੀ ਰਾਏ ਭੋਏ ਟੁਰ ਪਏ। ਰਾਏ ਬੁਲਾਰ ਨੂੰ ਵੀ ਗੁਰੂ ਨਾਨਕ ਜੀ ਨਾਲ ਢੇਰ ਸਾਰਾ ਪਿਆਰ ਸੀ। ਜਦੋਂ ਬੇਬੇ ਨਾਨਕੀ ਨੂੰ ਲੈ ਕੇ ਨਾਨਕ ਜੀ ਵਾਪਸ ਆਏ ਤੇ ਰਾਏ ਬੁਲਾਰ ਹੋਰਾਂ ਉਨ੍ਹਾਂ ਨੂੰ ਆਪਣੇ ਮਹਿਲ ਵਿਚ ਈ ਰੱਖ ਲਿਆ। ਉਨ੍ਹਾਂ ਦੀ ਆਪਣੀ ਔਲਾਦ ਕੋਈ ਨਹੀਂ ਸੀ। ਰਾਏ ਬੁਲਾਰ ਹੋਰਾਂ ਦੀ ਪਤਨੀ ਵੀ ਨਾਨਕ ਜੀ ਨੂੰ ਪੁੱਤਰ ਸਮਝ ਕੇ ਮਾਂ ਵਾਂਗੂੰ ਪਿਆਰ ਕਰਦੇ ਸਨ।
ਜੈ ਰਾਮ ਜਦੋਂ ਆਪਣੀ ਪਤਨੀ ਨੂੰ ਲਿਆਣ ਲਈ ਤਲਵੰਡੀ ਆਇਆ ਤਾਂ ਰਾਏ ਹੋਰਾਂ ਉਸ ਨੂੰ ਸੱਦ ਕੇ ਆਖਿਆ, ਭਈ ਨਾਨਕ ਰੱਬ ਦਾ ਵਲੀ ਏ ਤੇ ਕਾਲੂ ਮਾਇਆ ਦਾ ਪੁਜਾਰੀ ਏ। ਇਸ ਵਾਸਤੇ ਕਾਲੂ ਉਸ ਤੋਂ ਖਿਝਦਾ ਹੈ। ਤੂੰ ਨਾਨਕ ਨੂੰ ਨਾਲ ਲੈ ਜਾ ਕੇ ਓਥੇ ਕਿਸੇ ਕੰਮ ਕਾਰ ਲਾ ਦੇ। ਜੈ ਰਾਮ ਨੇ ਇਸ ਗੱਲ ਦੀ ਹਾਮੀ ਭਰ ਲਈ। ਇਕ ਵਾਰੀ ਜਦੋਂ ਮਹਿਤਾ ਕਾਲੂ ਨੇ ਨਾਨਕ ਜੀ ਦੀ ਡਾਂਟ ਡਪਟ ਕੀਤੀ ਤੇ ਰਾਏ ਹੋਰਾਂ ਜੈ ਰਾਮ ਵਾਸਤੇ ਇਕ ਚਿੱਠੀ ਦੇ ਕੇ ਨਾਨਕ ਜੀ ਨੂੰ ਉਹਦੇ ਕੋਲ ਘੱਲ ਦਿੱਤਾ। ਚਿੱਠੀ ਵਿਚ ਲਿਖਿਆ ਹੋਇਆ ਸੀ ਭਈ ਨਾਨਕ ਜੀ ਨੂੰ ਨਿਰਾ ਸਾਲਾ ਨਾ ਸਮਝੀਂ। ਇਹ ਬੰਦਾ ਰੱਬ ਦਾ ਖ਼ਾਸ ਬੰਦਾ ਏ। ਭਰਾ ਆਪਣੀ ਭੈਣ ਦੇ ਘਰ ਅਪੜਿਆ ਤੇ ਭੈਣ ਉਸਦੇ ਪੈਰੀਂ ਹੱਥ ਲਗਾਉਣ ਲਈ ਝੁਕੀ ਤਾਂ ਭਰਾ ਨੇ ਵੱਡੀ ਭੈਣ ਨੂੰ ਮਾਣ ਦਿੱਤਾ ਤੇ ਆਖਿਆ ਪਈ ਤੁਸੀਂ ਮੇਰੇ ਤੋਂ ਵੱਡੇ ਓ ਅਤੇ ਇੰਝ ਕਿਉਂ ਕੀਤਾ ਏ? ਭੈਣ ਨੇ ਆਖਿਆ “ਤੁਸੀਂ ਛੋਟੇ ਜ਼ਰੂਰ ਓ, ਪਰ ਮੈਨੂੰ ਰੱਬ ਦਾ ਰੂਪ ਜਾਪਦੇ ਓ।”
ਆਪਣੀ ਭੈਣ ਕੋਲ ਰਹਿਣ ਦੌਰਾਨ, ਨਾਨਕ ਜੀ ‘ਤੇ ਕਈ ਇਲਜ਼ਾਮ ਲੱਗੇ, ਪਰ ਹਰ ਵਾਰ ਉਨ੍ਹਾਂ ਉੱਤੇ ਲੱਗੇ ਇਲਜ਼ਾਮ ਝੂਠੇ ਈ ਸਾਬਤ ਹੋਏ ਅਤੇ ਹਰ ਪੈਰ ‘ਤੇ ਭੈਣ ਨੇ ਭਰਾ ਦਾ ਸਾਥ ਦਿੱਤਾ।
ਬਾਬੇ ਮਰਦਾਨੇ ਨੂੰ ਸਾਰੀ ਹਯਾਤੀ ਨਾਨਕ ਜੀ ਦੇ ਨਾਲ ਜੋੜਨ ਵਿਚ ਵੀ ਬੇਬੇ ਨਾਨਕੀ ਹੋਰਾਂ ਦਾ ਬੜਾ ਹੱਥ ਏ। ਨਾਨਕ ਜੀ ਦੇ ਉਦਾਸੀਆਂ ਉੱਤੇ ਜਾਣ ਸਮੇਂ ਇਸ ਭੈਣ ਨੇ ਆਪਣੇ ਭਰਾ ਦੇ ਪੁੱਤਰ ਸ੍ਰੀ ਚੰਦ ਨੂੰ ਗੋਦ ਲੈ ਲਿਆ ਤੇ ਉਹਦੀ ਬੜੇ ਪ੍ਰੇਮ ਨਾਲ ਪਰਵਰਿਸ਼ ਕੀਤੀ। ਜੇ ਅਸੀਂ ਥੋੜਾ ਜਿਹਾ ਗਹੁ ਕਰੀਏ ਤਾਂ ਸਾਨੂੰ ਬੇਬੇ ਜੀ ਵਿਚ ਇਕ ਆਈਡੀਅਲ ਅਤੇ ਮਿਸਾਲੀ ਬੀਬੀ ਦੇ ਸਾਰੇ ਗੁਣ ਨਜ਼ਰੀਂ ਆਉਂਦੇ ਨੇ।
ਬੇਬੇ ਨਾਨਕੀ ਦੇ ਮਾਮੂਲਾਤ
ਬੇਬੇ ਨਾਨਕੀ ਇਕ ਮਿਸਾਲੀ ਪਤਨੀ ਵੀ ਸਨ। ਉਹ ਸਵੇਰ ਨੂੰ ਆਪਣੇ ਪਤੀ ਤੋਂ ਪਹਿਲਾਂ ਉੱਠ ਕੇ ਘਰ ਦੀ ਸਫ਼ਾਈ ਕਰਦੇ। ਫ਼ਿਰ ਰਸੋਈ ਦਾ ਕੰਮ-ਕਾਰ ਕਰਦੇ ਤੇ ਸਿਆਲ ਵਿਚ ਪਤੀ ਵਾਸਤੇ ਪਾਣੀ ਗਰਮ ਕਰਦੇ। ਮੱਝਾਂ, ਗਾਵਾਂ ਦਾ ਗਤਾਵਾ ਕਰਾਉਂਦੇ ਤੇ ਉਨ੍ਹਾਂ ਦੇ ਬੈਠਣ ਦੀ ਥਾਂ ਸਾਫ਼ ਕਰਾਉਂਦੇ, ਫ਼ਿਰ ਦੁੱਧ ਚੋਣ ਮਗਰੋਂ ਦੁੱਧ ਕੜ੍ਹਨਾ ਰੱਖਦੇ ਤੇ ਸਰਘੀ ਵੇਲੇ ਦੁੱਧ ਰਿੜਕ ਕੇ ਮੱਖਣ ਕਢਦੇ, ਰੋਟੀ ਪਾਣੀ ਦਾ ਪ੍ਰਬੰਧ ਕਰਦੇ ਤੇ ਪਤੀ ਨੂੰ ਖਵਾਣ ਮਗਰੋਂ ਆਪ ਖਾਂਦੇ। ਉਹ ਗੁਆਂਢਣਾਂ ਨੂੰ ਕੰਮ ਕਾਰ ਸਿਖਾਉਂਦੇ ਤੇ ਚੰਗੀਆਂ ਮੱਤਾਂ ਦਿੰਦੀ ਰਹਿੰਦੇ। ਬੇਬੇ ਜੀ ਨੂੰ ਸਿਲਾਈ ਕੜ੍ਹਾਈ ਤੇ ਚਰਖ਼ਾ ਕੱਤਣ ਦਾ ਵੀ ਬੜਾ ਚੱਜ ਸੀ ਤੇ ਉਹ ਸਾਰਾ ਦਿਨ ਕੰਮ ਕਰਦੇ ਸਨ।
ਬੇਬੇ ਨਾਨਕੀ ਦਾ ਸੁਭਾਅ
ਬੇਬੇ ਨਾਨਕੀ ਜੀ ਦਾ ਸੁਭਾਅ ਬਹੁਤ ਮਿੱਠਾ ਅਤੇ ਮਿਲਾਪੜਾ ਸੀ। ਜਿਸ ਵੇਲੇ ਪਤੀ ਘਰ ਆਉਂਦਾ, ਉਹ ਖਿੜੇ ਮਥੇ ਨਾਲ ਮਿਲਦੇ, ਅਤੇ ਹਰ ਵੇਲੇ ਖ਼ੁਸ਼ ਦਿੱਸਦੇ। ਇਸ ਕਰ ਕੇ ਆਂਢ ਗੁਆਂਢ ਦੀਆਂ ਜ਼ਨਾਨੀਆਂ ਉਨ੍ਹਾਂ ਕੋਲ ਚਾਉ ਚਾਈਂ ਬਹਿੰਦੀਆਂ ਤੇ ਓਥੇ ਈ ਅਪਣਾ ਕੰਮ ਕਰਦੀਆਂ ਸਨ। ਉਹ ਹਰ ਆਏ ਗਏ ਦਾ ਬਹੁਤ ਆਦਰ ਕਰਦੇ ਤੇ ਉਨ੍ਹਾਂ ਦੇ ਘਰ ਰੌਣਕ ਮੇਲਾ ਰਹਿੰਦਾ।
ਬਾਲਾਂ ਦੀ ਮੁਆਲਿਜ
ਬੇਬੇ ਨਾਨਕੀ ਵਿਚ ਹੋਰਨਾਂ ਗੁਣਾਂ ਤੋਂ ਇਲਾਵਾ ਇਕ ਗੁਣ ਇਹ ਵੀ ਸੀ ਕਿ ਉਹ ਬਾਲਾਂ ਦਾ ਇਲਾਜ ਕਰਨਾ ਜਾਣਦੇ ਸਨ। ਜਿਸ ਵੇਲੇ ਕੋਈ ਬਾਲ ਬਿਮਾਰ ਹੁੰਦਾ ਤਾਂ ਉਹਦੀ ਮਾਂ ਜਾਂ ਭੈਣ ਉਹਨੂੰ ਬੇਬੇ ਨਾਨਕੀ ਕੋਲ ਲੈ ਆਉਂਦੀ। ਬੇਬੇ ਨਾਨਕੀ ਆਪਣੇ ਸਾਰੇ ਕੰਮ ਛੱਡ ਕੇ ਬਾਲ ਨੂੰ ਵੇਖਦੇ ਤੇ ਉਹਦਾ ਰੋਗ ਦੂਰ ਕਰਦੇ। ਬਦਲੇ ਵਿਚ ਉਹ ਕਿਸੇ ਸ਼ੈਅ ਦੀ ਮੰਗ ਨਹੀਂ ਸਨ ਕਰਦੇ। ਜੇਕਰ ਕੋਈ ਉਹਨੂੰ ਮੁਆਵਜ਼ੇ ਦੇ ਤੌਰ ‘ਤੇ ਕੁਝ ਘਲਦਾ, ਤਾਂ ਉਹ ਬੁਰਾ ਮਨਾਂਦੇ ਤੇ ਫ਼ੋਰਨ ਉਹ ਸ਼ੈਅ ਭੇਜਣ ਵਾਲੇ ਨੂੰ ਪਰਤਾ ਦਿੰਦੇ।
ਬੇਬੇ ਨਾਨਕੀ ਜੀ ਦੇ ਯਾਦ ਕਰਨ ਉੱਤੇ ਨਾਨਕ ਜੀ ਨੇ ਕੱਤਕ ਸੰਮਤ 1575 ਬਿਕਰਮੀ ਨੂੰ ਉਨ੍ਹਾਂ ਵੱਲ ਫੇਰਾ ਪਾਇਆ। ਬੇਬੇ ਨਾਨਕੀ ਜੀ ਨੇ ਭਰਾ ਨੂੰ ਆਖਿਆ ਕਿ ਪਰਸੋਂ ਮੇਰੀ ਹਯਾਤੀ ਦਾ ਅਖ਼ੀਰਲਾ ਦਿਹਾੜਾ ਹੋਵੇਗਾ, ਉਦੋਂ ਤੀਕਰ ਤੁਸੀਂ ਮੈਨੂੰ ਦਰਸ਼ਨ ਦੇਵੋ ਤਾਂ ਚੰਗਾ ਏ। ਗੁਰੂ ਜੀ ਨੇ ਹੁੰਗਾਰਾ ਭਰਿਆ ਤੇ ਭੈਣ ਦੀ ਗੱਲ ਮੰਨ ਲਈ।
ਉਸੇ ਦਿਹਾੜੇ ਬੇਬੇ ਨਾਨਕੀ ਨੂੰ ਤਾਪ ਚੜ੍ਹਿਆ। ਹਯਾਤੀ ਦੇ ਅਖ਼ੀਰਲੇ ਦਿਹਾੜੇ ਉਨ੍ਹਾਂ ਨੇ ਜੈ ਰਾਮ ਨੂੰ ਆਖਿਆ ਕਿ ਜੇ ਕਰ ਤੁਹਾਡੀ ਮਰਜ਼ੀ ਹੋਵੇ ਤਾਂ ਤੁਸੀਂ ਵੀ ਪਰਸੋਂ ਆ ਜਾਣਾ। ਇਸ ਮਗਰੋਂ ਉਨ੍ਹਾਂ ਸ੍ਰੀ ਚੰਦ ਨੂੰ ਪਿਆਰ ਦਿੱਤਾ ਤੇ “ਵਾਹਿਗੁਰੂ ਵਾਹਿਗੁਰੂ” ਆਖਦਿਆਂ ਜੋਤੀ ਜੋਤ ਸਮਾ ਗਏ। ਤੀਜੇ ਦਿਹਾੜੇ ਭਾਈ ਜੈ ਰਾਮ ਵੀ ਰੱਬ ਨਾਲ ਜਾ ਮਿਲੇ। ਦੋਵੇਂ ਪਤੀ ਪਤਨੀ ਦੇ ਅਕਾਲ ਚਲਾਣੇ ਉੱਤੇ ਨਗਰ ਵਿਚ ਹਾਹਾਕਾਰ ਮੱਚ ਗਈ। ਇਸ ਦੁਖਾਂਤ ਉੱਤੇ ਹਰ ਨਗਰ ਵਾਸੀ ਦਾ ਦਿਲ ਰੋ ਰਿਹਾ ਸੀ। ਬੇਬੇ ਨਾਨਕੀ ਦਾ ਜੀਵਨ ਪੰਜਾਬ ਦੀਆਂ ਸੁਆਣੀਆਂ ਨੂੰ ਜੀਵਨ ਦੇ ਔਖੇ ਪੈਂਡੇ ਵਿਚ ਸੁਖਾਲੇ ਹੋ ਕੇ ਲੰਘਣ ਦਾ ਰਾਹ ਦੱਸਦਾ ਏ।
ਬਾਪ ਮਰੇ ਸਿਰ ਨੰਗਾ ਹੁੰਦਾ, ਵੀਰ ਮਰੇ ਕੰਡ ਖ਼ਾਲੀ
ਮਾਵਾਂ ਬਾਅਦ ਮੁਹੰਮਦ ਬਖਸ਼ਾ ਕੌਣ ਕਰੇ ਰਖਵਾਲੀ
Read more
ਮੇਰੀ ਸਭ ਤੋਂ ਉੱਤਮ ਰਚਨਾ
ਆਲੋਚਨਾਤਮਕ ਲੇਖ : ਪੰਜਾਬੀ ਮਿੰਨੀ ਕਹਾਣੀ : ਇੱਕ ਵਿਸ਼ਲੇਸ਼ਣ
ਸੰਦੂਕੜੀ ਖੋਲ੍ਹ ਨਰੈਣਿਆ