February 6, 2025

ਗੂੜਾ ਪੰਨਾ : ਸਵਿੱਤਰੀਬਾਈ ਫੁਲੇ

ਪੇਸ਼ਕਸ਼ : ਡਾ. ਕੁਲਦੀਪ ਸਿੰਘ ਦੀਪ

ਦੋ ਸਦੀਆਂ ਪਹਿਲਾਂ ਭਾਰਤ ਦੇ ਗੁਲਾਮੀ ਭਰੇ ਆਕਾਸ਼ ਵਿਚ ਸਿਤਾਰੇ ਜਿਉਂ ਚਮਕਣ ਵਾਲੀ ਬੁਲੰਦ ਔਰਤ ਸਵਿੱਤਰੀਬਾਈ ਫੁਲੇ ਦੇ ਨਾਂ…

ਉਹ
ਪੱਥਰ ਨਹੀਂ ਸੀ

ਉਸ ਨੇ
ਚਬੂਤਰਿਆਂ ਤੇ ਸਜਾਏ
ਪੱਥਰਾਂ ਨੂੰ ਪੱਥਰ ਕਹਿਣ ਦਾ ਹੀਆਂ ਕੀਤਾ
ਉਹ ਪੱਥਰ
ਡਾਹਢੇ ਘਬਰਾਏ
ਤਿਲਮਿਲਾਏ
ਤੇ ਉਸ ਦੇ ਸਿਰ ਨੂੰ ਆਏ…

ਸਦੀਆਂ ਤੀਕ
ਸਾਡੀਆਂ ਔਰਤਾਂ
ਪੱਥਰ ਬਣਦੀਆਂ ਰਹੀਆਂ
ਤੇ ਆਪਣੀ ਕੁੱਖੋਂ
ਪੱਥਰ ਹੀ ਜਣਦੀਆਂ ਰਹੀਆਂ
ਉਸ ਨੇ
ਉਨ੍ਹਾਂ ਪੱਥਰਾਂ ਨੂੰ
ਘੜਿਆ
ਤਰਾਸ਼ਿਆ
ਸਜ਼ਾਇਆ
ਤੇ ਧੜਕਣ ਲਾਇਆ
ਕਿਉਂਕਿ
ਉਹ ਪੱਥਰ ਨਹੀਂ ਸੀ…

ਉਸ ਨੇ ਵਰਜਿਤ ਪਾਣੀਆਂ ਨੂੰ
ਸਦੀਆਂ ਦੀ ਤੇਹ ਦੇ
ਨਾਮ ਕਰ ਦਿੱਤਾ
ਜਤੀਆਂ-ਤਪੀਆਂ
ਤੇ ਪਤੀਆਂ ਦੀ
ਅੱਗ ਵਿਚ ਝੁਲਸਦੀਆਂ
ਸਤੀਆਂ ਦੀ ਹਿੱਕ ਵਿਚ
ਲਾਵਾ ਭਰ ਦਿੱਤਾ

ਉਸ ਨੇ
ਸਦੀਆਂ ਤੋਂ ਪਥਰਾਈ ਵਿਵਸਥਾ ‘ਤੇ
ਪਹਿਲਾ ਹਥੌੜਾ ਮਾਰਿਆ
ਪੱਥਰਾਂ ਵਿਚ ਤਰੇੜ ਕੀ ਆਈ
ਉਹ ਪੱਥਰ ਉਸ ਦੇ ਉੱਪਰ ਵਰ੍ਹਨ ਲੱਗੇ
ਉਸ ਦੀ ਚਿੱਟੀ ਸਾੜ੍ਹੀ
ਗੰਦ ਨਾਲ ਭਰਨ ਲੱਗੇ…
ਉਹ ਨਾ ਡਰੀ
ਨਾ ਘਬਰਾਈ
ਬਸ ਹਲਕਾ ਜਿਹਾ ਮੁਸਕਰਾਈ
ਤੇ ਉਨ੍ਹਾਂ ਪੱਥਰਾਂ ਨੂੰ ਚੁੱਕ
ਨੀਹਾਂ ‘ਚ ਟਿਕਾ ਦਿੱਤਾ
ਤੇ ਉਨ੍ਹਾਂ ਨੀਹਾਂ ਤੇ
ਆਸਾਂ ਦਾ ਇਕ ਮਹਿਲ ਬਣਾ ਦਿੱਤਾ..

ਤਵਾਰੀਖ ਬੋਲਦੀ ਹੈ
ਕਿ ਦੋ ਸਦੀਆਂ ਪਹਿਲਾਂ
ਉਸ ਆਸਾਂ ਦੇ ਮਹਿਲ ਵਿਚ
ਖੁਦ ਪੱਥਰ ਹੋਣ ਨੂੰ ਚੁਣੌਤੀ ਦੇਣ ਵਾਲੀਆਂ
ਉਹ ਪਹਿਲੀਆਂ ਨੌ ਕੁੜੀਆਂ
ਹੁਣ ਨੌ ਹਜ਼ਾਰ ਨਹੀਂ
ਨੌ ਲੱਖ ਨਹੀਂ
ਨੌ ਕਰੋੜ ਬਣ ਗਈਆਂ ਨੇ
ਇਨਸਾਨ ਹੋਣ ਦੇ ਰਾਹ ਪਈਆਂ ਨੇ…

ਕਿਉਂਕਿ
ਉਹ ਪੱਥਰ ਨਹੀ ਸੀ..
ਉਸ ਨੇ ਪੱਥਰ ਹੋ ਚੁੱਕੀ
ਵਿਵਸਥਾ ਤੇ ਪਹਿਲਾ ਪੱਥਰ ਮਾਰਿਆ ਸੀ…