ਪੰਜਾਬੀ ਮਾਂ-ਬੋਲੀ ਦੀ ਮਹੱਤਤਾ, ਸਥਿਤੀ, ਚੁਣੌਤੀਆਂ ਅਤੇ ਸੰਭਾਵਨਾਵਾਂ
ਡਾ. ਕੁਲਜੀਤ ਸਿੰਘ ਜੰਜੂਆ
ਮਾਂ-ਬੋਲੀ ਉਹ ਹੁੰਦੀ ਹੈ, ਜੋ ਵਿਅਕਤੀ ਜਨਮ ਸਮੇਂ ਆਪਣੀ ਮਾਂ ਤੋਂ ਸਿੱਖਦਾ ਹੈ ਅਤੇ ਇਹ ਵਿਅਕਤੀ ਦੀ ਪਛਾਣ ਅਤੇ ਸ਼ਖ਼ਸੀਅਤ ਦਾ ਅਨਿੱਖੜਵਾਂ ਅੰਗ ਹੁੰਦੀ ਹੈ। ਮਾਂ-ਬੋਲੀ ਵਿਅਕਤੀ ਦੀ ਸੋਚਣ ਦੀ ਪ੍ਰਕਿਰਿਆ ਅਤੇ ਜੀਵਨ ਜਿਊਣ ਦੇ ਢੰਗ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਹ ਕਿਸੇ ਵਿਸ਼ੇਸ਼ ਫਿਰਕੇ, ਜਾਤ, ਧਰਮ, ਰੰਗ ਜਾਂ ਨਸਲ ਨਾਲ ਸੰਬੰਧਿਤ ਨਹੀਂ ਹੁੰਦੀ, ਪਰ ਖਿੱਤੇ ਦੇ ਸਮੂਹਿਕ ਲੋਕਾਂ ਦੁਆਰਾ ਬੋਲੀ ਜਾਂਦੀ ਸਾਂਝੀ ਬੋਲੀ ਹੁੰਦੀ ਹੈ, ਜੋ ਉਸ ਇਲਾਕੇ ਦੇ ਲੋਕਾਂ ਨੂੰ ਆਪਸ ਵਿੱਚ ਜੋੜਦੀ ਹੈ। ਯੂਨੈਸਕੋ ਨੇ 17 ਨਵੰਬਰ, 1999 ਨੂੰ ਕੌਮਾਂਤਰੀ ਮਾਂ ਬੋਲੀ ਦਿਹਾੜੇ ਵਜੋਂ ਐਲਾਨਿਆ। ਜਿਸ ਨੂੰ ਸੰਯੁਕਤ ਰਾਸ਼ਟਰ ਦੁਆਰਾ ਪ੍ਰਵਾਨਗੀ ਦਿੱਤੀ ਗਈ ਤੇ 21 ਫਰਵਰੀ, 2000 ਤੋਂ ਕੌਮਾਂਤਰੀ ਮਾਂ ਬੋਲੀ ਦਿਹਾੜਾ ਵਿਸ਼ਵ ਪੱਧਰ ‘ਤੇ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਬੰਗਲਾਦੇਸ਼ ਦੇ 18 ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਕੀਤੀ ਗਈ ਸੀ, ਜਿਨ੍ਹਾਂ ਨੇ ਆਪਣੀ ਮਾਂ-ਬੋਲੀ ਬੰਗਾਲੀ ਲਈ ਜਾਨਾਂ ਵਾਰੀਆਂ ਸਨ ਪਰ ਹੁਣ ਇਹ ਦਿਨ ਦੁਨੀਆ ਭਰ ਵਿਚ ਆਪਣੀ ਮਾਂ ਬੋਲੀ ਪ੍ਰਤੀ ਸ਼ਰਧਾ ਅਤੇ ਸਤਿਕਾਰ ਦਿਖਾਉਣ ਲਈ ਮਨਾਇਆ ਜਾਂਦਾ ਹੈ। ਪੰਜਾਬੀ, ਪੰਜਾਬ ਦੇ ਲੋਕਾਂ ਦੀ ਮਾਂ ਬੋਲੀ ਹੈ। ਕਹਿਣ ਨੂੰ ਤਾਂ ਭਾਵੇਂ ਪੰਜਾਬ ‘ਚ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਪਰ 11 ਨਵੰਬਰ, 1966 ਤੋਂ ਲੈ ਕੇ ਹੁਣ ਤੱਕ ਪੰਜਾਬੀ ਨੂੰ ਆਪਣੇ ਵਿਹੜੇ ਵਿੱਚ ਵੀ ਬਣਦਾ ਮਾਣ-ਸਤਿਕਾਰ ਨਹੀਂ ਮਿਲਿਆ। ਸਮੇਂ-ਸਮੇਂ ਦੀਆਂ ਸਰਕਾਰਾਂ ਵੀ ਪੰਜਾ
ਬੀ ਬਾਰੇ ਬਹੁਤਾ ਸੁਹਿਰਦ ਨਹੀਂ ਰਹੀਆਂ। ਅਮੀਰ ਅਤੇ ਮਾਖ਼ਿਓਂ ਮਿੱਠੀ ਬੋਲੀ ਪੰਜਾਬੀ ਨਾਲ ਮਤਰੇਈ ਮਾਂ ਵਾਲਾ ਸਲੂਕ ਅੱਜ ਤੋਂ ਨਹੀਂ, ਸਗੋਂ ਪੁਰਾਣੇ ਸਮਿਆਂ ਤੋਂ ਹੀ ਚੱਲਦਾ ਆ ਰਿਹਾ ਹੈ। ਅੱਜ ਦੀ ਪੀੜ੍ਹੀ ਦੇ ਬਹੁਤੇ ਲੋਕ ਪੰਜਾਬੀ ਨੂੰ ਪੇਂਡੂ ਅਤੇ ਅਨਪੜ੍ਹ ਲੋਕਾਂ ਦੀ ਭਾਸ਼ਾ ਸਮਝਦੇ ਹਨ। ਉਹ ਹਿੰਦੀ ਜਾਂ ਅੰਗਰੇਜ਼ੀ ਬੋਲ ਕੇ ਮਾਣ ਮਹਿਸੂਸ ਕਰਦੇ ਹੋਏ ਆਪਣੇ-ਆਪ ਨੂੰ ਉੱਚਾ ਸਮਝਦੇ ਹਨ।
ਮਾਂ ਬੋਲੀ ਨੂੰ ਪੇਸ਼ ਆਉਂਦੀਆਂ ਚੁਣੌਤੀਆਂ
ਮਾਂ ਬੋਲੀ ਦਾ ਮਰਨ ਉਦੋਂ ਸ਼ੁਰੂ ਹੋ ਜਾਂਦਾ ਹੈ, ਜਦੋਂ ਮਾਂ ਬੋਲੀ ਦੇ ਮੁਹਾਵਰੇ ਗੁਆਚਣੇ ਸ਼ੁਰੂ ਹੋ ਜਾਣ। ਉਸ ਵੇਲੇ ਬੋਲੀ ਇਕਸੁਰਤਾ ਦਾ ਗੁਣ ਗੁਆਉਣ ਲੱਗ ਜਾਂਦੀ ਹੈ। ਮਿਸਾਲ ਦੇ ਤੌਰ ‘ਤੇ ਪੁਰਾਣੇ ਮੁਹਾਵਰੇ ਵਾਲੀ ਠੇਠ ਬੋਲੀ ਅੱਜ-ਕੱਲ੍ਹ ਸਿਰਫ਼ ਪਿੰਡ ਦੇ ਬਜ਼ੁਰਗਾਂ ਕੋਲੋਂ ਹੀ ਸੁਣੀ ਜਾ ਸਕਦੀ ਹੈ। ਇਸ ਵਰਤਾਰੇ ਨਾਲ ਭਾਸ਼ਾ ਦੀ ਸ਼ਬਦਾਵਲੀ ਦਾ ਘੇਰਾ ਛੋਟਾ ਹੋਣ ਲੱਗ ਜਾਂਦਾ ਹੈ ਅਤੇ ਦੂਸਰੀਆਂ ਭਾਸ਼ਾਵਾਂ ਦੇ ਸ਼ਬਦ ਪੁਰਾਣੇ ਤੇ ਠੇਠ ਸ਼ਬਦਾਂ ਦੀ ਥਾਂ ਲੈ ਲੈਂਦੇ ਹਨ। ਇਕ ਕਾਰਨ ਸੱਭਿਆਚਾਰਕ ਘੁਸਪੈਠ ਵੀ ਹੈ। ਜੇ ਅਸੀਂ ਪੰਜਾਬੀ ਉੱਤੇ ਹਿੰਦੀ ਅਤੇ ਅੰਗਰੇਜ਼ੀ ਦੇ ਪ੍ਰਭਾਵ ਦੀ ਗੱਲ ਕਰੀਏ ਤਾਂ ਪੰਜਾਬੀ ਲੋਕ ਅਚੇਤ ਪੱਧਰ ‘ਤੇ ਅੰਗਰੇਜ਼ੀ ਦੇ ਸ਼ਬਦਾਂ ਨੂੰ ਪੰਜਾਬੀ ਦੇ ਹੀ ਸ਼ਬਦ ਸਮਝ ਬਹਿੰਦੇ ਹਨ। ਪਰ ਹਿੰਦੀ ਦੇ ਸੰਬੰਧ ਵਿੱਚ ਇਹ ਗੱਲ ਗੌਰ ਕਰਨ ਯੋਗ ਹੈ ਕਿ ਹਿੰਦੀ ਦੇ ਲਫ਼ਜ਼ਾਂ ਨੂੰ ਪੰਜਾਬੀਆਂ ਨੇ ਸੁਚੇਤ ਪੱਧਰ ‘ਤੇ ਪੰਜਾਬੀ ਦੇ ਹੀ ਲਫ਼ਜ਼ ਮੰਨ ਲਿਆ ਹੈ- ਮਿਸਾਲ ਦੇ ਤੌਰ ‘ਤੇ ਦਿਹਾੜੇ-ਦਿਵਸ, ਕੌਮ-ਰਾਸ਼ਟਰ, ਭਾਖਾ-ਭਾਸ਼ਾ, ਮਹਿਕਮਾ-ਵਿਭਾਗ ਆਦਿ। ਕਿਸੇ ਵੀ ਬੋਲੀ ਦੀ ਮੌਤ ਦਾ ਇੱਕ ਹੋਰ ਮਹੱਤਵਪੂਰਨ ਕਾਰਨ ਇਹ ਹੈ ਕਿ ਜਦੋਂ ਲੋਕ ਆਪਣੀ ਮਾਂ ਬੋਲੀ ਬੋਲਣ ਵਿਚ ਸ਼ਰਮ ਮਹਿਸੂਸ ਕਰਨ ਲੱਗ ਪੈਣ। ਇਸ ਨਾਲ ਉਸ ਬੋਲੀ ਦੀ ਵਰਤੋਂ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਪੰਜਾਬੀ ਬੋਲੀ ਰੁਜ਼ਗਾਰ ਅਤੇ ਆਰਥਿਕਤਾ ਪੱਖੋਂ ਲਾਹੇਵੰਦ ਨਹੀਂ ਰਹੀ, ਪਰ ਇੱਥੇ ਬੋਲੀ ਦਾ ਦੋਸ਼ ਨਹੀਂ ਹੈ, ਸਗੋਂ ਇਹ ਬੋਲਣ ਵਾਲਿਆਂ ਦੀ ਯੋਗਤਾ ਅਤੇ ਇੱਛਾ ਸ਼ਕਤੀ ਹੈ। ਇੱਕ ਚਿੰਤਕ ਨੇ ਲਿਖਿਆ ਹੈ ਕਿ ਜਾਪਾਨ ਵਰਗਾ ਛੋਟਾ ਦੇਸ਼ ਵਪਾਰ ਵਿਚ ਅਮਰੀਕਾ ਨੂੰ ਅੱਖਾਂ ਦਿਖਾ ਰਿਹਾ ਹੈ, ਕਿਉਂਕਿ ਜਾਪਾਨੀ ਆਪਣੀ ਬੋਲੀ ਵਿਚ ਗਿਆਨ ਵਿਕਸਿਤ ਕਰਨ ਵਿਚ ਦੂਜਿਆਂ ਨਾਲੋਂ ਬਿਹਤਰ ਹਨ। ਪੰਜਾਬੀ ਬੋਲੀ ਦੀ ਵਰਤੋਂ ਅਤੇ ਬਣਤਰ ਵਿਚ ਵਿਗਾੜ ਦੀਆਂ ਉਦਾਹਰਣਾਂ ਵੀ ਸਾਹਮਣੇ ਆ ਰਹੀਆਂ ਹਨ। ਚੈਨਲਾਂ ‘ਤੇ ਪ੍ਰਸਾਰਿਤ ਹੋਣ ਵਾਲੀਆਂ ਖਬਰਾਂ ਵਿਚ ਪੰਜਾਬੀ ਬੋਲੀ ਦੀ ਵਾਕ ਬਣਤਰ ਅਤੇ ਸ਼ਬਦਾਂ ਦੇ ਸੁਮੇਲ ਵਿਚ ਕਈ ਖਾਮੀਆਂ ਪਾਈਆਂ ਜਾਂਦੀਆਂ ਹਨ। ਅਸਲ ਵਿੱਚ ਭਾਸ਼ਾ ਦੇ ਵਿਗਾੜ ਨਾਲ ਸੱਭਿਆਚਾਰਕ ਵਿਗਾੜ ਵੀ ਹੁੰਦਾ ਹੈ। ਇਸ ਲਈ ਅਖਬਾਰਾਂ ਅਤੇ ਟੈਲੀਵਿਜ਼ਨ ਦੇ ਭਾਸ਼ਾਈ ਪੱਖਾਂ ਵੱਲ ਪੂਰਾ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਸਾਰੀ ਜਾਣਕਾਰੀ ਮੀਡੀਆ ਰਾਹੀਂ ਹੀ ਲੋਕਾਂ ਤੱਕ ਪਹੁੰਚਦੀ ਹੈ।
ਵਿਦੇਸ਼ਾਂ ਵਿਚ ਵਧਿਆ ਮਾਂ ਬੋਲੀ ਦਾ ਸਤਿਕਾਰ
ਯੂਨੈਸਕੋ ਦੀ ਰਿਪੋਰਟ ਅਨੁਸਾਰ ਇਸ ਸਮੇਂ ਦੁਨੀਆ ਵਿੱਚ 6900 ਅਤੇ ਭਾਰਤ ਵਿਚ 427 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਰਿਪੋਰਟ ਵਿੱਚ ਉਨ੍ਹਾਂ ਬੋਲੀਆਂ ਦੀ ਸੂਚੀ ਦਿੱਤੀ ਗਈ ਹੈ, ਜੋ ਅਗਲੇ 50 ਸਾਲਾਂ ਵਿੱਚ ਅਲੋਪ ਹੋਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਪੰਜਾਬੀ ਉਨ੍ਹਾਂ ਵਿਚੋਂ ਇੱਕ ਹੈ। ਹਾਲਾਂਕਿ, ਇਹ ਖ਼ਬਰ ਤੱਥਾਂ ‘ਤੇ ਅਧਾਰਤ ਨਹੀਂ ਲੱਗਦੀ। ਹਾਂ ਸਥਿਤੀ ਜ਼ਰੂਰ ਨਾਜ਼ੁਕ ਜਾਪਦੀ ਹੈ ਪਰ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ। ਪੰਜਾਬੀ ਲਗਭਗ 133 ਦੇਸ਼ਾਂ ਵਿੱਚ ਬੋਲੀ ਜਾਂਦੀ ਹੈ ਅਤੇ 120 ਮਿਲੀਅਨ ਲੋਕਾਂ ਦੀ ਮਾਂ ਬੋਲੀ ਹੈ। ਇਹ ਵਿਸ਼ਵ ਪੱਧਰ ‘ਤੇ 12ਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ। ਕੈਨੇਡਾ ਵਿਚ, ਅੰਗਰੇਜ਼ੀ ਅਤੇ ਫਰਾਂਸੀਸੀ ਤੋਂ ਬਾਅਦ, ਪੰਜਾਬੀ ਸੰਸਦ ਵਿਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਤੀਜੀ ਭਾਸ਼ਾ ਹੈ। 2021 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਪੰਜਾਬੀ ਕੈਨੇਡਾ ਵਿਚ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ, ਲਗਭਗ 5,20,000 ਲੋਕ ਇਸ ਨੂੰ ਆਪਣੀ ਮਾਂ ਬੋਲੀ ਵਜੋਂ ਦਾਅਵਾ ਕਰਦੇ ਹਨ। ਕੈਨੇਡਾ ਵਿਚ ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿਚ 49 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਬਰਤਾਨੀਆ ਵਿਚ ਹੁਣ ਪੰਜਾਬੀ ਦੂਜੀ ਸਭ ਤੋਂ ਵੱਡੀ ਬੋਲੀ ਬਣ ਗਈ ਹੈ।
ਮਾਂ ਬੋਲੀ ਨੂੰ ਸੰਭਾਲਣ ਲਈ ਯਤਨਾਂ ਦੀ ਲੋੜ
ਪੰਜਾਬੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬੀ ਭਾਈਚਾਰੇ ਅੰਦਰ ਇਸ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਯਤਨ ਜਾਰੀ ਹਨ। ਮਾਪਿਆਂ ਨੂੰ ਬੋਲੀ ਪ੍ਰਤੀ ਪਿਆਰ ਪੈਦਾ ਕਰਨਾ ਚਾਹੀਦਾ ਹੈ ਅਤੇ ਘਰਾਂ ਵਿਚ ਪੰਜਾਬੀ ਬੋਲਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਪੰਜਾਬੀ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਵੀ ਪ੍ਰਫੁੱਲਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਨੇੜਲੇ ਵਿਦਿਅਕ ਅਦਾਰਿਆਂ ਵਿਚ ਪੜ੍ਹਾਉਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਪੰਜਾਬੀ ਪੜ੍ਹਨ ਵਾਲਿਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣੇ ਚਾਹੀਦੇ ਹਨ ਅਤੇ ਪੰਜਾਬੀ ਨੂੰ ਗਿਆਨ-ਵਿਗਿਆਨ ਦੀ ਭਾਸ਼ਾ ਬਣਾਉਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਇਸ ਮੰਤਵ ਲਈ ਪੰਜਾਬੀ ਵਿਚ ਕਿਤਾਬਾਂ ਅਤੇ ਭਾਸ਼ਨਾਂ ਨੂੰ ਵਿਸ਼ਵ ਦਾ ਗਿਆਨ ਪ੍ਰਦਾਨ ਕਰਨ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ ਅਤੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਪ੍ਰਸਾਰਿਤ ਕੀਤਾ ਜਾਣਾ ਚਾਹੀਦਾ ਹੈ। ਪੰਜਾਬੀ ਪਾਠਕਾਂ ਦੀ ਗਿਣਤੀ ਵਧਣੀ ਚਾਹੀਦੀ ਹੈ ਅਤੇ ਪੰਜਾਬੀ ਵਿਚ ਕੰਮ ਕਰਨ ਵਾਲੇ ਲੇਖਕਾਂ ਅਤੇ ਪੱਤਰਕਾਰਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ। ਆਮ ਲੋਕ ਪੱਧਰ ਦੇ ਸੈਮੀਨਾਰ, ਕਾਨਫਰੰਸਾਂ ਅਤੇ ਲੋਕ ਮੇਲਿਆਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕ ਇਨ੍ਹਾਂ ਵਿੱਚ ਭਾਗ ਲੈ ਕੇ ਆਪਣੀ ਭਾਸ਼ਾ ਅਤੇ ਵਿਰਸੇ ਪ੍ਰਤੀ ਮਾਣ ਪੈਦਾ ਕਰ ਸਕਣ। ਜਿੱਥੇ ਵੀ ਪੰਜਾਬੀ ਭਾਈਚਾਰਾ ਮੌਜੂਦ ਹੈ, ਉਸ ਨੂੰ ਸਥਾਨਕ ਭਾਈਚਾਰੇ ਨਾਲ ਭਾਸ਼ਾਈ ਇਕਸੁਰਤਾ ਕਾਇਮ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਪੰਜਾਬੀ ਬੋਲੀ ਨੂੰ ਸੰਭਾਲਣ ਲਈ ਅਜਿਹੇ ਵਾਰਸ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਜ਼ਰੂਰੀ ਹਨ, ਤਾਂ ਜੋ ਉਨ੍ਹਾਂ ਵਿਚ ਆਪਣੇ ਪੁਰਖਿਆਂ ਦੀ ਬੋਲੀ ਪ੍ਰਤੀ ਖਿੱਚ ਪੈਦਾ ਹੋ ਸਕੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਹੋਰ ਬੋਲੀਆਂ ਅਤੇ ਪਰੰਪਰਾਵਾਂ ਨੂੰ ਅਪਣਾ ਲੈਣਗੀਆਂ।
ਨਿਰਸੰਦੇਹ ਪੰਜਾਬੀ ਬੋਲੀ ਦਾ ਭਵਿੱਖ ਅਜੇ ਵੀ ਸੰਭਾਵਨਾਵਾਂ ਭਰਪੂਰ ਹੈ ਅਤੇ ਸਾਨੂੰ ਇਸ ਬਾਬਤ ਸਕਾਰਾਤਮਕ ਸੋਚ ਰੱਖਣੀ ਚਾਹੀਦੀ ਹੈ। ਇਹ ਜ਼ਰੂਰੀ ਨਹੀਂ ਕਿ ਕੁਝ ਕੁ ਸ਼ਬਦਾਂ ਦੀ ਵਰਤੋਂ ਦੇ ਘਟਣ ਨਾਲ ਪੂਰੀ ਬੋਲੀ ਹੀ ਅਲੋਪ ਹੋ ਜਾਵੇ। ਸੁਰਜੀਤ ਪਾਤਰ ਦੀਆਂ ਇਹ ਸਤਰਾਂ ‘ਸਾਡੇ ਸਭਨਾਂ ਦੇ ਮਰਨ ਬਾਅਦ ਹੀ ਮੁੱਕੇਗੀ ਸਾਡੀ ਭਾਸ਼ਾ’ ਇਸ ਗੱਲ ਦਾ ਵਧੀਆ ਨਿਤਾਰਾ ਕਰਦੀਆਂ ਹਨ। ਮਸ਼ਹੂਰ ਅਮਰੀਕੀ ਚਿੰਤਕ ਰਾਲ਼ਫ ਵਾਲਡੋ ਐਮਰਸਨ ਨੇ ਕਿਹਾ ਹੈ ਕਿ ਭਾਸ਼ਾ ਇੱਕ ਸ਼ਹਿਰ ਵਾਂਗ ਹੈ, ਜਿਸ ਦੀ ਉਸਾਰੀ ਵਿਚ ਹਰ ਕੋਈ ਪੱਥਰ ਜੋੜਦਾ ਹੈ। ਸੋ, ਹਰੇਕ ਪੰਜਾਬੀ ਦਾ ਫ਼ਰਜ਼ ਬਣਦਾ ਹੈ ਕਿ ਉਹ ਮਾਂ ਬੋਲੀ ਦੇ ਵਿਕਾਸ ਲਈ ਆਪਣੇ-ਆਪਣੇ ਹਿੱਸੇ ਦੇ ਪੱਥਰ ਜੋੜੇ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਕੰਮ ਕਰੇ। ਆਮੀਨ!

Read more
ਅਨੁਵਾਦ ਇੱਕ ਖੋਜ ਕਾਰਜ
ਸੰਦੂਕੜੀ ਖੋਲ੍ਹ ਨਰੈਣਿਆ
ਬਾਰਾਂ ਦਾ ਨਹਿਰੀ ਨਿਜ਼ਾਮ : ਆਧੁਨਿਕਤਾ ਦੀ ਬਸਤੀਵਾਦੀ ਘਾੜਤ