ਜਾਣ-ਪਹਿਚਾਣ
10 ਮਾਰਚ, 1983
ਪਿੰਡ : ਦੌਲਤਪੁਰਾ (ਗੋਸਲ)
ਜ਼ਿਲ੍ਹਾ : ਬਠਿੰਡਾ
ਸੰਪਰਕ : 97796-96042
ਸ਼ਾਇਰ ਗੁਰਵਿੰਦਰ ‘ਗੋਸਲ’ ਬਠਿੰਡਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ (ਗੋਸਲ) ਦਾ ਰਹਿਣ ਵਾਲਾ ਹੈ। ਉਸ ਦੀਆਂ ਰਚਨਾਵਾਂ ਪੰਜਾਬ ਦੇ ਕਈ ਅਖ਼ਬਾਰਾਂ ਰਸਾਲਿਆਂ ਵਿੱਚ ਛਪ ਚੁੱਕੀਆਂ ਹਨ। ਗੁਰਵਿੰਦਰ ‘ਗੋਸਲ’ ਮੌਜੂਦਾ ਸਮਾਜ ਵਿਚ ਫੈਲੀਆਂ ਭੈੜੀਆਂ ਕੁਰੀਤੀਆਂ ਨੂੰ ਆਪਣੀ ਕਲਮ ਰਾਹੀਂ ਬਹੁਤ ਸੰਜੀਦਗੀ ਨਾਲ ਬਿਆਨ ਕਰਦਾ ਹੈ। ਧੀਆਂ, ਭੈਣਾਂ ‘ਤੇ ਹੁੰਦੇ ਜ਼ੁਲਮ ਅਤੇ ਗੰਧਲੀ ਸਿਆਸਤ ਨੂੰ ਸ਼ਰਮਸਾਰ ਕਰਨ ਤੋਂ ਇਲਾਵਾ ਕਿਸਾਨ, ਮਜ਼ਦੂਰ ਦੇ ਦਰਦ ਨੂੰ ਵੀ ਉਹ ਖੁੱਭ ਕੇ ਲਿਖਦਾ ਹੈ। ਇੱਕ ਚੰਗੀ ਅਤੇ ਅਗਾਂਹਵਧੂ ਸੋਚ ਰੱਖਣ ਵਾਲਾ ਇਹ ਸ਼ਾਇਰ ਬਹੁਤ ਮਿਲਾਪੜੇ ਸੁਭਾਅ ਦਾ ਮਾਲਕ ਹੈ। ਅਫ਼ਸੋਸ ਉਹ ਭਾਵੇਂ ਤਿੰਨ ਸਾਲ ਤੋਂ ਇੱਕ ਐਕਸੀਡੈਂਟ ਸੱਟ ਨਾਲ ਜੂਝ ਰਿਹਾ ਹੈ ਪਰ ! ਫਿਰ ਵੀ ਪੰਜਾਬੀ ਮਾਂ-ਬੋਲੀ ਦੀ ਸੇਵਾ ਪੂਰੀ ਤਨਦੇਹੀ ਨਾਲ ਕਰ ਰਿਹਾ ਹੈ। ਗੱਲਬਾਤ ਦੌਰਾਨ ਉਸ ਦਾ ਕਹਿਣਾ ਹੈ ਕਿ ਜਦ ਤੱਕ ਉਸ ਦੇ ਸਵਾਸ ਚਲਦੇ ਰਹਿਣਗੇ, ਉਹ ਆਪਣੀ ਕਲਮ ਜ਼ਰੀਏ ਸਮਾਜ ਦੇ ਅਹਿਮ ਮੁੱਦਿਆਂ ਦੀ ਗੱਲ ਕਰੇਗਾ। ਸਾਡੀ ਵੀ ਦਿਲੀ ਅਰਦਾਸ ਹੈ ਕਿ ਇਹ ਸ਼ਾਇਰ ਜਲਦੀ ਸਹਿਤਯਾਬ ਹੋਵੇ ਅਤੇ ਪੰਜਾਬੀ ਮਾਂ-ਬੋਲੀ ਦੀ ਇਸੇ ਤਰ੍ਹਾਂ ਸੇਵਾ ਕਰਦਾ ਰਹੇ।
ਗ਼ਜ਼ਲ
ਜੇ ਸੱਜਣ ਤੂੰ ਮੁੜ ਵਤਨਾਂ ਨੂੰ ਆਇਆ ਹੁੰਦਾ।
ਸਾਵਣ ਰੁੱਤੇ ਮਨ ਇਉਂ ਨਾ ਮੁਰਝਾਇਆ ਹੁੰਦਾ।
ਉਫ਼! ਉਸ ਦਾ ਘਰ ਵੀ ਹੱਸਦਾ ਵੱਸਦਾ ਹੋਣਾ ਸੀ,
ਤੂੰ ਜੇ ਮੱਚਦੀ ਅੱਗ ‘ਤੇ ਤੇਲ ਨਾ ਪਾਇਆ ਹੁੰਦਾ।
ਅੱਜ ਹੱਕਾਂ ਖਾਤਿਰ ਸਾਨੂੰ ਰੁਲਣਾਂ ਪੈਂਦਾ ਨਾ,
ਜੇਕਰ ਚੰਗਾ ਹਾਕਮ ਤਖ਼ਤ ਬਿਠਾਇਆ ਹੁੰਦਾ।
ਮੈਂ ਮੰਜੇ ਉੱਤੋਂ ਨਈਂ ਉੱਠਣਾ ਸੀ ਜੀਵਨ ਭਰ,
ਤੂੰ ਨਾ ਜੇਕਰ ਮੇਰਾ ਸਾਥ ਨਿਭਾਇਆ ਹੁੰਦਾ।
ਮੈਂ ਸੱਚੀਂ ਫੁੱਲਾਂ ਨਾਲ ਸਜਾਉਂਦਾ ਵਿਹੜੇ ਨੂੰ,
ਜੇ ਕਾਸ਼ ! ਕਿਤੇ ਤੂੰ ਸਾਡੇ ਘਰ ਆਇਆ ਹੁੰਦਾ।
ਕਾਤਲ ਬੇਦੋਸ਼ਿਆਂ ਦੇ ਵੀ ਹੁੰਦੇ ਜੇਲ੍ਹਾਂ ਵਿੱਚ,
ਜੇ ਸਰਕਾਰਾਂ ਨੇ ਇਨਸਾਫ਼ ਦਿਵਾਇਆ ਹੁੰਦਾ।
ਅੱਜ ਦੁੱਖ ਵੀ ਐਨਾ ਦੁੱਖ ਨਾ ਦਿੰਦਾ ‘ਗੋਸਲ’ ਨੂੰ,
ਜੇ ਅਪਣਿਆਂ ਨੇ ਆ ਕੇ ਦੁੱਖ ਵੰਡਾਇਆ ਹੁੰਦਾ।
ਗ਼ਜ਼ਲ
ਉਂਝ ਤਾਂ ਉਹ ਮੇਰੀ ਪਿੱਠ ਉੱਤੇ, ਗੁੱਝੇ ਤੀਰ ਚਲਾਉਂਦੇ ਨੇ।
ਝੂਠੀ ਹਮਦਰਦੀ ਕਰ ਕੇ ਉਹ, ਅੱਖੀਉਂ ਨੀਰ ਵਹਾਉਂਦੇ ਨੇ।
ਇਨਸਾਨਾਂ ਵਿਚ ਅੱਜਕਲ੍ਹ ਵੇਖੋ, ਦਇਆ ਨਈਂ ਹੈ ਕਿਧਰੇ ਵੀ,
ਵਿਰਲੇ ਬੰਦੇ ਹੀ ਨੇ ਜਿਹੜੇ, ਜਾਂਦੀ ਜਾਨ ਬਚਾਉਂਦੇ ਨੇ।
ਮਤਲਬ ਦੀ ਇਸ ਦੁਨੀਆਂ ਅੰਦਰ, ਅਪਣੇ ਵੀ ਹੁਣ ਅਪਣੇ ਨਈਂ,
ਮੂੰਹੋ ਮਿੱਠੇ ਬਗ਼ਲ ‘ਚ ਛੁਰੀਆਂ, ਝੂਠਾ ਪਿਆਰ ਜਤਾਉਂਦੇ ਨੇ।
ਮੈਂਨੂੰ ਤਾਂ ਵਿਸ਼ਵਾਸ ਰਿਹਾ ਨਾ, ਸੱਚੀਂ ਲੀਡਰ ਲੋਕਾਂ ‘ਤੇ,
ਵੋਟਾਂ ਲੈ ਕੇ ਤਿੱਤਰ ਹੁੰਦੇ, ਮੁੜ ਨਾ ਨਜ਼ਰੀਂ ਆਉਂਦੇ ਨੇ।
ਜਿਸਮ ਵਪਾਰੀ ਤਾਂ ਵੇਖੇ ਮੈਂ, ਅਕਸਰ ਛੱਡ ਹੀ ਜਾਂਦੇ ਹਨ,
ਜਿਹੜੇ ਰੂਹ ਦੇ ਸਾਥੀ ਹੋਵਣ, ਓਹੀ ਤੋੜ ਨਿਭਾਉਂਦੇ ਨੇ।
ਮੈਂ ਤਾਂ ਦੇਣਾ ਦੇ ਨਈਂ ਸਕਦਾ, ਸੱਚੀਂ ਉਹਨਾਂ ਵੀਰਾਂ ਦਾ,
ਔਖੇ ਵੇਲੇ ਨਾਲ਼ ਖੜ੍ਹਨ ਜੋ, ਨਾਹੀਂ ਪਿੱਠ ਦਿਖਾਉਂਦੇ ਨੇ।
ਦੁੱਖੜੇ ਦੇਵਣ ਵਾਲੇ ਸੱਜਣ, ਚੰਗੇ ਲੱਗਣ ਮੈਨੂੰ ਹੁਣ,
ਕਿਉਂਕਿ ਏਹੋ ਦੁੱਖ ‘ਗੋਸਲ’ ਤੋਂ, ਗ਼ਜ਼ਲਾਂ ਗੀਤ ਲਿਖਾਉਂਦੇ ਨੇ।
ਗ਼ਜ਼ਲ
ਕਰ-ਕਰ ਮਿੱਠੀਆਂ ਗੱਲਾਂ ਦਿਲ ਭਰਮਾਉਂਦੇ ਨੇ।
ਝੂਠੇ ਬੰਦੇ ਨਕਲੀ ਚਿਹਰੇ ਲਾਉਂਦੇ ਨੇ।
ਅਫ਼ਸਰ, ਲੀਡਰ ਵੇਖੇ ਕੁਝ ਮੈਂ ਐਸੇ ਵੀ,
ਰਿਸ਼ਵਤ ਲੈ ਕੇ ਝੂਠ ‘ਤੇ ਪਰਦਾ ਪਾਉਂਦੇ ਨੇ।
ਮੈਂ ਹੰਕਾਰੀ ਲੋਕਾਂ ਕੋਲੋਂ ਡਰਦਾ ਹਾਂ,
ਫ਼ੱਕਰ ਬੰਦੇ ਹੀ ਬਸ ਮੈਨੂੰ ਭਾਉਂਦੇ ਨੇ।
ਸੁੱਖ ਵੇਲੇ ਹਰ ਬੰਦਾ ਨੇੜੇ ਹੁੰਦਾ ਹੈ,
ਦੁੱਖਾਂ ਦੇ ਵਿਚ ਵਿਰਲੇ ਸਾਥ ਨਿਭਾਉਂਦੇ ਨੇ।
ਦੁੱਖਾਂ ਅੱਗੇ ਹਾਰ ਕਦੀ ਨਾ ਮੰਨੀ ਦੀ,
ਇਹ ਤਾਂ ਸਾਨੂੰ ਜੀਵਨ ਜਾਚ ਸਿਖਾਉਂਦੇ ਨੇ।
ਉਹ ਵੀ ਇਕ ਦਿਨ ‘ਗੋਸਲ’ ਉੱਜੜ ਜਾਂਦੇ ਹਨ,
ਜਿਹੜੇ ਹੋਰਾਂ ਦੇ ਘਰ ਅੱਗਾਂ ਲਾਉਂਦੇ ਨੇ।
J J J
Read more
ਦਾਦਰ ਪੰਡੋਰਵੀ
ਸੁਰਿੰਦਰ ਸੀਰਤ
ਅਮਰਿੰਦਰ ਸੋਹਲ