January 17, 2025

ਤਰਲੋਚਨ ਲੋਚੀ

ਗ਼ਜ਼ਲ

ਕੈਸੇ  ਰੰਗ  ਦਿਖਾਏ  ਦੇਖ  ਮੁਕੱਦਰ  ਨੇ।
ਸਭ ਕੁਝ ਹੁੰਦਿਆਂ ਸੁੰਦਿਆਂ ਵੀ ਘਰ ਖੰਡਰ ਨੇ।

ਤੂੰ  ਫੁੱਲਾਂ  ਦੇ  ਸ਼ਹਿਰ  ਦਾ  ਵਾਸੀ  ਕੀ  ਜਾਣੇ,
ਸਾਨੂੰ  ਤਾਂ  ਖ਼ਾਬਾਂ  ਵਿੱਚ  ਦਿਸਦੇ  ਖੰਜਰ  ਨੇ ।

ਮਥੁਰਾ  ਵਿੱਚ  ਭਗਵਾਨ ਗੁਆਚਾ ਘਰ  ਲੱਭੇ,
ਘਰ  ਕੀ  ਲੱਭਣਾ ਥਾਂ ਥਾਂ  ਬਣ ਗਏ ਮੰਦਰ ਨੇ।

ਜਿੰਨੇ  ਮੇਰੇ  ਚਿਹਰੇ  ਤੋਂ ਤੂੰ  ਪੜ੍ਹ  ਲਏ ਨੇ,
ਉਸ  ਤੋਂ  ਬਹੁਤੇ  ਡਰ  ਤਾਂ  ਮੇਰੇ  ਅੰਦਰ  ਨੇ।

ਐਵੇਂ  ਲੋਚੀ  ਹਵਾ ‘ਚ  ਉੱਡਿਆ  ਫਿਰਦਾ  ਏਂ,
ਇਸ  ਮਿੱਟੀ  ਦੇ  ਥੱਲੇ ਬਹੁਤ  ਸਿਕੰਦਰ ਨੇ।