November 11, 2024

ਡਾ. ਕਮਲ

ਜਾਣ-ਪਹਿਚਾਣ

01 ਜਨਵਰੀ, 1985
ਸ਼ਹਿਰ : ਅੰਮ੍ਰਿਤਸਰ
ਜ਼ਿਲ੍ਹਾ : ਅੰਮ੍ਰਿਤਸਰ
ਸੰਪਰਕ : 88470-47881

ਮੇਰੀ ਸਾਰੀ ਪੜ੍ਹਾਈ ਖਿੰਡ-ਪੁੰਡ ਕੇ ਹੋਈ। ਮੈਨੂੰ ਮਾਝੇ,ਮਾਲਵੇ,ਦੁਆਬੇ ਤਿੰਨਾ ਥਾਵਾਂ ‘ਤੇ ਪੜ੍ਹਣ ਦਾ ਮੌਕਾ ਮਿਲਿਆ ਮਾਂ ਦੀ ਸਰਕਾਰੀ ਨੌਕਰੀ ਕਾਰਨ ਅਕਸਰ ਪੜ੍ਹਣ ਵਾਲੀਆਂ ਸੰਸਥਾਵਾਂ ਬਦਲਦੀਆਂ ਰਹਿੰਦੀਆ। ਮਾਨਸਿਕ ਟਿਕਾਊ ਦੀ ਘਾਟ ਕਰਕੇ ਨੰਬਰ ਘੱਟ ਆਉਂਦੇ ਪਰ ਵਿਦਿਆਰਥੀ ਬਹੁਤ ਵਧੀਆ ਸਾਂ। ਜਦੋਂ ਬੀ ਏ ਤੋਂ ਬਾਅਦ ਨੰਬਰਾਂ ਵੱਲ ਚੇਤਨ ਹੋਇਆ ਤਾਂ ਕਿਸੇ ਵੀ ਜਮਾਤ ਵਿੱਚ ਪਹਿਲੇ ਦਰਜੇ ਤੋਂ ਘੱਟ ਤੇ ਸੰਤੁਸ਼ਟੀ ਨਹੀਂ ਹੋਈ। ਬੀ ਐੱਡ ਤੋਂ ਬਾਅਦ ਐਮ ਏ ਪੰਜਾਬੀ ਰੈਗੂਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ। ਉਥੇ ਡਾ. ਸੁਹਿੰਦਰ ਬੀਰ ਦੀ ਨਿਗਰਾਨੀ ਹੇਠ ਪੀ ਐਚ ਡੀ ਦਾ ਖੋਜ ਕਾਰਜ ਕੀਤਾ। ਇਸ ਮਗਰੋਂ ਬੀ ਬੀ ਕੇ ਡੀ ਏ ਵੀ ਤੋਂ ਅਧਿਆਪਨ ਦਾ ਸਫ਼ਰ ਸ਼ੁਰੂ ਹੋਇਆ। ਮਜੂਦਾ ਸਮੇਂ ਵਿਚ ਸ਼ਹਿਜ਼ਾਦਾ ਨੰਦ ਕਾਲਜ ਅਮ੍ਰਿਤਸਰ ਵਿਖੇ ਅਧਿਅਆਪਨ ਦੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਹਾਂ।  ਲਿਖਣ ਦਾ ਸ਼ੌਕ ਸੀ ਤੇ ਪੜ੍ਹਣ ਦਾ ਸ਼ੌਦਾਅ। ਮਾਂ ਨੂੰ ਹਿੰਦੀ ਰਸਾਲੇ ਪੜ੍ਹਣ ਦਾ ਸ਼ੌਕ ਸੀ ਮੈਨੂੰ ਜੋ ਹੱਥ ਵਿਚ ਆ ਜਾਏ। ਖ਼ਾਸ ਤੌਰ ‘ਤੇ ਕਾਮਿਕਸ ਪੜ੍ਹਣ ਦਾ ਬਹੁਤ ਜਨੂੰ ਸੀ। ਗ਼ਜ਼ਲ ਦੀ ਗੁੜ੍ਹਤੀ ਨਾਨਕਿਆਂ ਤੋਂ ਮਿਲੀ। ਉਸਤਾਦ ਸ਼ਾਇਦ ਸਰਦਾਰ ਹਜ਼ਾਰਾ ਸਿੰਘ ਮੁਸ਼ਤਾਕ ਮੇਰੇ ਨਾਨਾ ਜੀ ਨੇ। ਜਨਾਬ ਉਲਫਤ ਬਾਜਵਾ ਜੀ ਸਾਡੇ ਤੋਂ ਅਗਲੀ ਗਲੀ ਵਿਚ ਸਨ। ਚੜ੍ਹਦੀ ਉਮਰੇ ਸਾਰਿਆਂ ਵਾਂਗ ਸ਼ਿਵ ਦਾ ਪ੍ਰਭਾਵ ਕਬੂਲਿਆ,ਪਰ ਲਿਖਤ ਉਪਰ ਕਿਸੇ ਦਾ ਪ੍ਰਭਾਵ ਨਹੀਂ ਸੀ, ਸਗੋਂ ਜੀਵਨ ਦੀ ਆਬਜ਼ਰਵੇਸ਼ਨ ਦਾ ਪ੍ਰਭਾਵ ਹੈ। ਮੇਰੀ ਸ਼ਾਇਰੀ,ਕਾਵਿ ਮੁਹਾਂਦਰੇ ਦੀ ਵੱਖਰਤਾ ਬਾਰੇ ਅਕਸਰ ਪੁੱਛਿਆ ਜਾਂਦਾ ਰਿਹਾ ਹੈ। ਆਪਣੇ ਅਨੁਭਵ ਨੂੰ ਪੇਸ਼ ਕਰਨ ਲਈ ਮੈਨੂੰ ਗ਼ਜ਼ਲ ਦਾ ਕਾਵਿ ਰੂਪ ਹੀ ਢੁੱਕਵਾਂ ਲੱਗਾ।

ਗ਼ਜ਼ਲ

ਚਾਵਾਂ ਦਾ ਲਾੜਾ ਚੱਪਣੀ ਤੋਂ ਤਿਲਕਿਆ ਤੇ ਮਰ ਗਿਆ।
ਜਿਵੇਂ ਦਲਿਤ ਬਾਲ ਜਲ ਨੂੰ ਵਿਲਕਿਆ ਤੇ ਮਰ ਗਿਆ।
ਉਹ ਮੇਰੀ ਝੂਠੀ ਉਚਾਈ ਤੋਂ ਡਰਦਾ ਬੇ ਵਫ਼ਾ ਹੋ ਗਿਆ,
ਅਤੇ ਮੈਂ ਪੌੜ੍ਹੇ ਪੀੜ ਦੇ ਤੋਂ ਤਿਲਕਿਆ ਤੇ ਮਰ ਗਿਆ।
ਉਹ ਇਸ ਕਦਰ ‘ਡੁੱਬ’ ਗਿਆ ਸੀ ਸੋਚਾਂ ਦੇ ਵਿਚ ਕਿ,
ਆਪਣੀ ਫੁੱਲੀ ਲੋਥ ਤੇ ਹੀ ‘ਤਰ’ ਗਿਆ ਤੇ ਮਰ ਗਿਆ।
ਪੀਲੀਏ ਦੇ ਨਾਲ ਉਸਦੇ ਨੈਨ ਪੀਲੇ ਵੇਖ ਕੇ ਈ,
ਸੂਰਜਮੁਖੀ ਦਾ ਫ਼ੁੱਲ ਪੀਲਾ ਡਰ ਗਿਆ ਤੇ ਮਰ ਗਿਆ।
ਬੁੱਲ੍ਹ ਸੁੱਕੇ ਬਾਲ ਦੇ ਰੰਗ ਨੀਲਾ, ਗੋਦੀ ‘ਚ ਮੁੱਕਿਆ,
ਭੁੱਖੀ ਮਾਂ ਦਾ ਥਣ ਥਾਂਏ ਢਿਲਕਿਆ ਤੇ ਮਰ ਗਿਆ।

ਗ਼ਜ਼ਲ

ਹੱਟੀ ਲਈ, ਚੱਟੀ ਪਈ, ਰਾਸ ਗਵਾਈ, ਮੈਂ ਪਾਗਲ।
ਸੜ ਗਈ ਪੱਗ, ਲੱਗੀ ਅੱਗ, ਆਪ ਮਚਾਈ, ਮੈਂ ਪਾਗਲ।
ਮੈਂ ਹੀ ਖ਼ਾਕ, ਤੇ ਮੈਂ ਹੀ ਪਾਕ, ਮੈਂ ਹੀ ਫ਼ਰਸ ਤੇ ਅਰਸ,
ਆਪੇ ਜੱਚਾ, ਆਪੇ ਬੱਚਾ, ਤੇ ਮੈਂ ਆਪੇ ਦਾਈ ਮੈਂ ਪਾਗਲ।
ਮੈਂ ਤਿੜਕਿਆਂ, ਮੈਂ ਹੀ ਸਾਬਤ, ਮੈਂ ਹੀ ਖਲਕ ਮੈਂ ਖਾਲਕ,
ਕਮਲਾ, ਰਮਲਾ, ਯਮਲਾ, ਮੈਂ ਹੀ ਹੋਸ਼ ਗਵਾਈ, ਮੈਂ ਪਾਗਲ।
ਮੈਂ ਹੀ ਮਾਤ ਪਿਤਾ ਹਾਂ ਮੈਂ ਹੀ, ਮੈਂ ਵਾਂ ਅੰਗ ਤੇ ਸਾਕ,
ਮੈਂ ਹੀ ਆਦਮ ਤੇ ਹਵਾ ਮੈਂ ਹੀ ਚਾਚੀ ਤਾਈ ਮੈਂ ਪਾਗਲ।
ਮੈਂ ਹੀ ਅਕਲਾਂ ਸ਼ਕਲਾਂ ਵਾਲਾ ਬਦਸੂਰਤ ਮੈਂ ਮੂਰਖ,
ਮੈਂ ਅੱਧਾ, ਮੈਂ ਹੀ ਪੌਣਾ, ਮੈਂ ਸਵਾ, ਮੈਂ ਢਾਈ ਮੈਂ ਪਾਗਲ।
ਮੈਂ ਹੀ ਗ਼ਜਰਾ ਮੈਂ ਹੀ ਮੁਜਰਾ ਮੈਂ ਹੀ ਪਾਨ ਸੁਪਾਰੀ,
ਵਾਰਾਂ ਨੋਟ, ਦੇਵਾਂ ਦਾਦ ਤੇ ਮੈਂ ਹੀ ਗ਼ਜ਼ਲ ਸੁਣਾਈ ਮੈਂ ਪਾਗਲ।

ਗ਼ਜ਼ਲ

ਮੇਰੇ ਸੱਜਣ ਇਹ ਕੀ ਕਰਿਆ ਹੋਇਆ ਏ!
ਦਿਲ ਦੀ ਥਾਂ ‘ਤੇ ਪੱਥਰ ਧਰਿਆ ਹੋਇਆ ਏ।
ਉਸ ਨੂੰ ਤੇ ਸਗੋਂ ਸ਼ੌਕ ਹੈ ਭਿੱਜ ਕੇ ਆਵਣ ਦਾ,
ਪਰ ਦਿਲ ਬੱਦਲ ਦੇਖ ਕੇ ਡਰਿਆ ਹੋਇਆ ਹੈ।
ਤੈਨੂੰ ਚੁੰਮਣ ਪਿੱਛੋਂ ਪਤਾ ਇਹ ਲੱਗਾ ਹੈ ਕਿ,
ਤੇਰੇ ਅੰਦਰ ਜ਼ਹਿਰ ਹੀ ਭਰਿਆ ਹੋਇਆ ਹੈ।
ਬਿੱਲੀਆਂ ਅੱਖਾਂ ਕੱਕੇ ਵਾਲ ਉੱਚਾ ਕੱਦ,ਹੋਂਠ ਨੇ ਲਾਲ,
ਜਾਮ ਨੂੰ ਕੰਢਿਆਂ ਤੀਕਰ ਭਰਿਆ ਹੋਇਆ ਹੈ।
ਏਹ ਆਖੂੰ ਓਹ ਆਖੂੰ ਉਹ ਮਿਲਿਆ ਤੇ ਬੁੱਲ੍ਹ ਸੀ ਲਏ,
ਜਾਹ! ਦਿਲਾ ਤੇਰਾ ਵੀ ਸਰਿਆ ਹੋਇਆ ਹੈ।
ਪੋਹ ਮਾਘ ਵਿਚ ਤੂੰ ਮੇਰਾ ਹੱਥ ਪਕੜਿਆ ਸੀ,
ਜੇਠ ਹਾੜ ਵਿਚ ਵੀ ਇਹ ਠਰਿਆ ਹੋਇਆ ਹੈ।
ਉਹ ਕਿਸੇ ਯੁੱਗ ਗ਼ੈਰ ਦੀ ਪੌੜੀ ਚੜ੍ਹਿਆ ਸੀ,
ਸਦੀਆਂ ਤੋਂ ਮੇਰਾ ਮੁੱਖ ਉਤਰਿਆ ਹੋਇਆ ਹੈ।
ਤੂੰ ਸ਼ਿਅਰਾਂ ਵਿਚ ਦਰਦ ਵੇਖ ਕੇ ਚੌਂਕ ਗਿਓਂ,
ਮੈਨੂੰ ਵੇਖ ਮੈਂ ਦਿਲ ਤੇ ਜਰਿਆ ਹੋਇਆ ਹੈ।