December 10, 2025

ਰਾਣੀ ਸ਼ਰਮਾ

ਜਾਣ-ਪਹਿਚਾਣ

15 ਅਗਸਤ, 1996
ਪਿੰਡ : ਬਰਾਸ, ਪਾਤੜਾਂ
ਜ਼ਿਲ੍ਹਾ : ਪਟਿਆਲਾ
ਸੰਪਰਕ : 70873-38299

ਮੇਰੇ ਲਈ ਤਾਂ ਕਵਿਤਾ ਮੇਰੀ ਰੂਹ ਦਾ ਸਕੂਨ ਹੈ । ਅੰਦਰ ਘੁਟਣ ਹੈ, ਬਸ ਕਦੀ ਕੁਝ ਲਿਖ ਲਵਾਂ ਤਾਂ ਸਕੂਨ ਮਿਲਦਾ ਹੈ।
ਪੜ੍ਹਾਈ : ਬਾਰ੍ਹਵੀਂ
ਕਿੱਤਾ : ਘਰੇਲੂ ਔਰਤ
ਕਵਿਤਾ ਛਪੀਆਂ : ਅਖ਼ਬਾਰ ਵਿੱਚ ਇਕ ਦੋ ਵਾਰ ਕਵਿਤਾ ਛਪੀ ਹੈ

ਗ਼ਜ਼ਲ

ਮੁਹੱਬਤ ਦੀ ਕਹਾਣੀ ਦਾ ਇਹੋ ਅੰਜ਼ਾਮ ਹੁੰਦਾ ਹੈ।
ਨਿਭਾਵੇ ਜੋ ਵਫ਼ਾ ਦਿਲ ਤੋਂ ਉਹੀ ਨਾਕਾਮ ਹੁੰਦਾ ਹੈ ।

ਜੁਦਾ ਹੋ ਕੇ ਵੀ ਤੇਰੇ ਨਾਲ ਤਾਂ ਸ਼ਿਕਵਾ ਨਹੀਂ ਕੋਈ,
ਮੇਰਾ ਅਪਣੇ ਹੀ ਲੇਖਾਂ ‘ਤੇ ਸਦਾ ਇਲਜ਼ਾਮ ਹੁੰਦਾ ਹੈ ।

ਚੁਫ਼ੇਰੇ ਨੇਰ੍ਹ ਹੈ ਯਾਰਾ ਸਵੇਰਾ ਬਣ ਕੇ ਤੂੰ ਆਜਾ,
ਉਦ੍ਹੇ ਸਿੱਲ੍ਹੇ ਖ਼ਤਾਂ ਅੰਦਰ ਇਹੋ ਪੈਗ਼ਾਮ ਹੁੰਦਾ ਹੈ ।

ਇਕੱਲੇ ਹਾਂ ਤੁਰੇ ਫਿਰਦੇ ਰਹੀ ਨਾ ਜੀਣ ਦੀ ਹਸਰਤ,
ਭਰੀ ਮਹਿਫ਼ਿਲ ‘ਚ ਵੀ ਖ਼ਾਲੀ ਦਿਲੇ ਦਾ ਜਾਮ ਹੁੰਦਾ ਹੈ ।

ਕਮੀ ਸਭਨਾਂ ‘ਚ ਹੁੰਦੀ ਏ ਮੁਕੰਮਲ ਕੌਣ ਹੈ ਏਥੇ,
ਕਹੋ ਉਸਨੂੰ ਕਿ ਪਾ ਕੇ ਸ਼ੋਰ ਕਿਉਂ ਬਦਨਾਮ ਹੁੰਦਾ ਹੈ ।

ਗ਼ਜ਼ਲ

ਪੰਧ ਮੁਕਾਇਆਂ ਮੁੱਕੇ ਨਾ ਇਸ ਭਟਕਣ ਦਾ।
ਮਨ ‘ਤੇ ਬੋਝ ਬੜਾ, ਖ਼ਾਬਾਂ ਦੇ ਟੁੱਟਣ ਦਾ।

ਵਸਲਾਂ ਦਾ ਪਰਛਾਵਾਂ ਢਲਦਾ ਜਾਂਦਾ ਏ,
ਵੇਲਾ ਸਿਰ ‘ਤੇ ਆਇਆ ਲਗਦੈ ਵਿਛੜਣ ਦਾ।

ਤੂੰ ਤੇ ਅਪਣੇ ਦਿਲ ਦੀ ਗੱਲ ਸੁਣਾ ਦਿੱਤੀ,
ਮੈਨੂੰ ਵੀ ਤਾਂ ਦੇ ਮੌਕਾ ਕੁਝ ਆਖਣ ਦਾ।

ਉੱਤੋਂ-ਉੱਤੋਂ ਪਿਆਰ ਜਤਾ ਕੇ ਤੁਰ ਜਾਣਾ,
ਵਕਤ ਨਹੀਂ ਏ ਇੱਕ-ਦੂਜੇ ਨੂੰ ਸਮਝਣ ਦਾ।

ਆਖ਼ਿਰ, ਹੁੰਦੀ ਛਣਛਣ ਤੋਂ ਉਕਤਾ ਗਈ ਏ,
ਸ਼ੌਕ ਬੜਾ ਸੀ ਜਿਸਨੂੰ ਝਾਂਜਰ ਪਹਿਨਣ ਦਾ।

ਦੁਨੀਆ ਕੋਲੋਂ ਅੱਖ ਬਚਾ ਕੇ ਰੋਇਆ ਕਰ,
ਵਕਤ ਰਿਹਾ ਨਾ ਭੇਤ ਦਿਲਾਂ ਦੇ ਦੱਸਣ ਦਾ।

ਗ਼ਜ਼ਲ

ਤੇਰੀ ਗੱਲ ਅਧੂਰੀ ਵਿੱਚੋਂ।
ਕਰ ਦੇਵਾਂ ਜੇ ਪੂਰੀ ਵਿੱਚੋਂ।

ਬਹਿਕੇ ਵੀ ਗੱਲ ਹੋ ਸਕਦੀ ਏ,
ਕੀ ਲੱਭਨਾਂ ਏ ਦੂਰੀ ਵਿੱਚੋਂ।

ਐਵੇਂ ਹੱਥ ਫੈਲਾ ਨਈਂ ਹੁੰਦੇ,
ਹੁੰਦੀ ਏ ਮਜਬੂਰੀ ਵਿੱਚੋਂ।

ਮੁੜਦਾ ਹੋਇਆ ਸੋਚ ਰਿਹਾ ਏ,
ਕੀ ਬਚਿਆ ਮਜ਼ਦੂਰੀ ਵਿੱਚੋਂ।

ਦੱਸ ਰਾਂਝੇ ਨੇ ਕੀ ਖੱਟਿਆ ਏ,
ਹੀਰੇ ਤੇਰੀ ਚੂਰੀ ਵਿੱਚੋਂ।