ਜਾਣ-ਪਹਿਚਾਣ
26 ਮਾਰਚ, 1984
ਪਿੰਡ : ਸਿੰਬੜੋ, ਨਾਭਾ
ਜ਼ਿਲ੍ਹਾ : ਪਟਿਆਲਾ
ਸੰਪਰਕ : 85910-10636
ਇੱਕ ਕਿਸਾਨ ਪਰਿਵਾਰ ਵਿੱਚੋਂ ਹਾਂ। ਨੌਵੀਂ ਦਸਵੀਂ ਕਲਾਸ ਵਿਚ ਪੜ੍ਹਦਿਆਂ ਲਿਖਣ ਦੀ ਚੇਟਕ ਜਿਹੀ ਲੱਗੀ। ਪਰ ਉਦੋਂ ਕਵਿਤਾ ਗ਼ਜ਼ਲ ਬਾਰੇ ਕੋਈ ਜਾਣਕਾਰੀ ਨਹੀਂ ਸੀ। ਬਸ ਮਨ ਦੇ ਭਾਵ ਉਲੀਕਣੇ ਸ਼ੁਰੂ ਕੀਤੇ। ਝਿਜਕ ਏਨੀ ਸੀ ਕਿ ਬੀ ਏ, ਐੱਮ ਏ ਤੱਕ ਕਿਸੇ ਨੂੰ ਨਾ ਦੱਸਿਆ। ਫਿਰ ਸੂਲ ਸੁਰਾਹੀ ਮੈਗਜ਼ੀਨ (ਨੰਗਲ ਤੋਂ) ਵਿਚ ਕੁਝ ਰਚਨਾਵਾਂ ਬਲਵੀਰ ਸਿੰਘ ਸੈਣੀ ਹੁਰਾ ਛਾਪੀਆਂ। ਉਸ ਤੋਂ ਬਾਅਦ ਕਈ ਮੈਗਜ਼ੀਨਾਂ ਵਿਚ। ਦੋ ਵਾਰੀ ਹੁਣ ਮੈਗਜ਼ੀਨ ਵਿਚ ਤੇ ਦੋ ਵਾਰੀ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਸ਼ਾਇਰੀ ਤਪਦੇ ਥਲ ਉੱਣੇ ਵਰਦੀਆਂ ਕਣੀਆਂ ਵਾਂਗ ਹੈ, ਜੋ ਮਨ ਨੂੰ ਸਕੂਨ ਦੇਣ ਦੇ ਨਾਲ ਧੁਖਾਈ ਵੀ ਰੱਖਦੀ ਹੈ। ਇਸ ਲਈ ਕੋਈ ਵਿਸ਼ੇਸ਼ ਤਰ੍ਹਾਂ ਮਾਹੌਲ ਦੀ ਜ਼ਰੂਰਤ ਨਹੀਂ। ਸ਼ਾਇਰੀ ਤੁਹਾਨੂੰ ਆਪ ਲੱਭ ਲੈੰਦੀ ਹੈ ਕਦੇ ਰੌਲੇ-ਰੱਪੇ ਅੰਦਰ ਵੀ, ਕਦੇ ਪੱਠੇ ਵੱਢਦਿਆਂ, ਕਦੇ ਸਫ਼ਰ ਕਰਦਿਆਂ ਕਿਸੇ ਵੇਲੇ ਵੀ ਕੁਦਰਤ ਦੀ ਰਹਿਮਤ ਹੋ ਸਕਦੀ ਹੈ।
ਪੜ੍ਹਾਈ : ਐਮ ਏ(ਪੰਜਾਬੀ), ਬੀ ਐਡ, ਨੈੱਟ, ਪੀ ਐੱਚ ਡੀ
ਗ਼ਜ਼ਲ
ਬਣਾ ਕੇ ਝੁੱਗੀਆਂ ਜੋ ਰਹਿ ਰਹੇ ਨੇ,
ਕਈ ਪੁਸ਼ਤਾਂ ਤੋਂ ਇੱਟਾਂ ਪੱਥਦੇ ਨੇ।
ਉਨੀਂਦੇ ਰਾਤ ਦੇ ਥੱਕੇ ਤੇ ਟੁੱਟੇ,
ਹੁਣੇ ਮਜ਼ਦੂਰ ਭੁੱਖੇ ਘਰ ਮੁੜੇ ਨੇ।
ਚਿੜੀ ਦੇ ਬੋਟ ਨਿੱਕੇ ਜੇਰੇ ਵੱਡੇ,
ਤੂਫਾਨਾਂ ਨਾਲ ਜੋ ਲੜਦੇ ਰਹੇ ਨੇ,
ਤਮਾਸ਼ਾ ਦੇਖਦੇ ਖੜ-ਖੜ ਕੇ ਲੋਕੀ,
ਦੋ ਨਿੱਕੇ ਬਾਲ ਰੱਸੀ ਤੇ ਤੁਰੇ ਨੇ।
ਸ਼ਿਕਾਰੀ ਮਾਰਨੇ ਸੀ ਜੋ ਪਰਿੰਦੇ,
ਇਕੱਠੇ ਜਾਲ ਹੀ ਉਹ ਲੈ ਉਡੇ ਨੇ,
ਛੁਡਾਕੇ ਖੇਤ ਜੋ ਗਹਿਣੇ ਪਿਆ ਸੀ,
ਉਹ ਛਾਵੇਂ ਬੈਠ ਟਾਹਲੀ ਦੀ ਰੋਏ ਨੇ।
ਵਿਦੇਸ਼ੀ ਤੋਰ ਕੇ ਪੁੱਤ ਬੁੱਢੇ ਮਾਪੇ,
ਉਡੀਕਾਂ ਕਰਦੇ ਹੁਣ ਸ਼ੀਸ਼ੇ ਜੜੇ ਨੇ।
ਗ਼ਜ਼ਲ
ਰੱਜਿਆ ਨੂੰ ਫਿਰ ਰਜਾਇਆ ਜਾ ਰਿਹਾ ਏ।
ਭੁੱਖਿਆਂ ਦਾ ਮਾਸ ਖਾਇਆ ਜਾ ਰਿਹਾ ਏ।
ਖੁਸ਼ ਨੇ ਗੰਜੇ ਕੰਘੀਆਂ ਹਾਕਮ ਤੋਂ ਲੈ ਕੇ,
ਵਾਲ਼ਾਂ ਦਾ ਸੁਪਨਾ ਦਿਖਾਇਆ ਜਾ ਰਿਹਾ ਏ।
ਆ ਗਏ ਨੇ ਚੋਰ ਸਾਰੇ ਸਾਧ ਬਣਕੇ,
ਗਿਰਗਿਟਾਂ ਨੂੰ ਮਾਤ ਪਾਇਆ ਜਾ ਰਿਹਾ ਏ।
ਮੰਗਦੇ ਨੇ ਜੋ ਵੀ ਅਪਣੇ ਹੱਕ ਏਥੇ,
ਡੰਡਿਆਂ ਦਾ ਮੀਂਹ ਵਰਾਇਆ ਜਾ ਰਿਹਾ ਏ।
ਲੋਕਤੰਤਰ ਨਾਮ ਦਾ ਹੀ ਲੋਕਤੰਤਰ,
ਤਖ਼ਤ ਤਾਨਾਸ਼ਾਹ ਬਿਠਾਇਆ ਜਾ ਰਿਹਾ ਏ।
ਤੋੜ ਸ਼ਾਹੀ ਐਨਕਾਂ ਓ ਸ਼ਾਇਰਾ ਹੁਣ,
ਡੁੱਬਦਾ, ਤਰਦਾ ਦਿਖਾਇਆ ਜਾ ਰਿਹਾ ਏ।
ਗ਼ਜ਼ਲ
ਮੋਮ ਜਿਹੇ ਬੁੱਲ੍ਹਾਂ ਦੇ ਉੱਤੇ ਗੀਤ ਜੋ ਅੱਗ ਦੇ ਗਾਏਗਾ।
ਰੌਸ਼ਨੀਆਂ ਦੀ ਲੀਕ ਹਨੇਰੇ ਦੇ ਮੱਥੇ ਤੇ ਪਾਏਗਾ।
ਸਾਰਾ ਨਗਰ ਉਸਾਰਨ ਵਾਲਾ ਘਰ ਨਾ ਪੱਕਾ ਕਰ ਸਕਿਆ,
ਆਈ ਜਦ ਵੀ ਬਾਰਿਸ਼ ਕੋਠਾ ਤਿਪ-ਤਿਪ ਕਰ ਢਹਿ ਜਾਏਗਾ।
ਕੰਧਾਂ ਦੇ ਨਾਲ ਕਰਕੇ ਗੱਲਾਂ ਉਮਰ ਲੰਘਾਈ ਜਾਣੀ ਨਾ,
ਜਿਹੜਾ ਭਰੇ ਹੁੰਗਾਰਾ ਤੇਰਾ ਕੋਈ ਇਕ ਤੇ ਆਏਗਾ।
ਦੋਵਾਂ ਨੇ ਇੱਕ ਦੂਜੇ ਬਾਝੋਂ ਜੀਅ ਲੈਣਾ ਇਹ ਜਾਣਦਿਆਂ,
ਆਖ ਰਹੇ ਨੇ ਦੋਵੇਂ ਹੁਣ, ‘ਜੋ ਵੱਖ ਹੋਇਆ ਮਰ ਜਾਏਗਾ।
ਕੌਣ ਚੁਰਾਹੇ ਖੜਕੇ ਹੋਕਾ ਦਿੰਦਾ ਹੈ ਇਹ ਜਾਗਣ ਦਾ,
ਸੁੱਤਿਆਂ ਦੀ ਬਸਤੀ ਦੇ ਅੰਦਰ ਅਪਣੀ ਜਾਨ ਗਵਾਏਗਾ।
ਸਾਂਭ ਲਏ ਸੀ ਤੇਰੇ ਹੁੰਦਿਆਂ ਸਾਂਝੇ ਪਲ, ਇਹ ਜਾਣਦਿਆਂ,
ਲੰਘ ਰਿਹਾ ਜੋ ਪੱਤਣੋਂ ਪਾਣੀ ਮੁੜ ਨਾ ਵਾਪਸ ਆਏਗਾ।
ਜਨਮ-ਜਮਾਂਤਰ ਤੋਂ ਸਾਲਾਂ ਫਿਰ ਦਿਨਾਂ ਪਲਾਂ ਤੱਕ ਸਿਮਟ ਗਿਆ,
ਰੂਹ ਦਾ ਰਿਸ਼ਤਾ ਸੋਚਿਆ ਨਾ ਸੀ ਜਿਸਮਾਂ ਤੱਕ ਰਹਿ ਜਾਏਗਾ।
ਹੁੰਦਾ ਸੀ ਤੂੰ ਦਿਲ ਦਾ ਜਾਨੀ ਜਾਂ ਜਿੰਦੜੀ ਦਾ ਵੈਰੀ ਸੀ,
ਵਾਅਦਾ ਤੇਰੇ ਨਾਲ ਜ਼ਮਾਨਾ ਜਾਣ ਕਦੇ ਨਾ ਪਾਏਗਾ।

Read more
ਐੱਸ. ਨਸੀਮ
ਪੰਜਾਬ ਸਿੰਘ
ਹਰਜਿੰਦਰ ਕੰਗ