February 6, 2025

ਈਰਾਨੀ ਮਜ਼ਦੂਰ ਕਵੀ ਸਬੀਰ ਹਕਾ

ਜਾਣ-ਪਹਿਚਾਣ

ਸ਼ਹਿਰ : ਤਹਿਰੀਨ
ਦੇਸ਼ : ਈਰਾਨ

”ਮੈਂ ਥੱਕਿਆ ਹੋਇਆ ਹਾਂ, ਬੇਹੱਦ ਥੱਕਿਆ ਹੋਇਆ। ਮੈਂ ਜੰਮਣ ਤੋਂ ਪਹਿਲਾਂ ਹੀ ਥੱਕਿਆ ਹੋਇਆ ਹਾਂ। ਮੇਰੀ ਮਾਂ ਮੈਨੂੰ ਆਪਣੇ ਗਰਭ ‘ਚ ਪਾਲ਼ਦੀ ਹੋਈ ਮਜ਼ਦੂਰੀ ਕਰ ਰਹੀ ਸੀ, ਉਦੋਂ ਤੋਂ ਹੀ ਮੈਂ ਇੱਕ ਮਜ਼ਦੂਰ ਹਾਂ। ਮੈਂ ਆਪਣੀ ਮਾਂ ਦੀ ਥਕਾਵਟ ਮਹਿਸੂਸ ਕਰ ਸਕਦਾ ਹਾਂ। ਉਸ ਦੀ ਥਕਾਵਟ ਹੁਣ ਮੇਰੇ ਜਿਸਮ ਦਾ ਹਿੱਸਾ ਹੈ।” ਆਪਣੀ ਇੱਕ ਮੁਲਾਕਤ ‘ਚ ਉਪੋਰਕਤ ਸ਼ਬਦ ਕਹਿਣ ਵਾਲਾ ਤਹਿਰੀਨ ‘ਚ 1986 ‘ਚ ਜੰਮਿਆ ਸਬੀਰ ਹਕਾ ਉਸਾਰੀ ਮਜ਼ਦੂਰ ਰਿਹਾ ਹੈ ਤੇ ਆਪਣੇ ਹੱਡੀ ਹੰਢਾਏ ਤਜਰਬਿਆਂ ਨੂੰ ਉਸ ਨੇ ਆਪਣੀਆਂ ਕਵਿਤਾਵਾਂ ‘ਚ ਪਰੋਇਆ ਹੈ। ਉਸ ਦੀਆਂ ਕਵਿਤਾਵਾਂ ‘ਚ ਇੱਕ ਮਜ਼ਦੂਰ ਦੀ ਦੁਸ਼ਵਾਰੀਆਂ ਭਰੀ ਜ਼ਿੰਦਗੀ ਨੂੰ ਦੇਖਣ ਦਾ ਸਹਿਜ ਨਜ਼ਰੀਆ ਝਲਕਦਾ ਹੈ। ਉਸ ਦੀਆਂ ਕਵਿਤਾਵਾਂ ਫ਼ਾਰਸੀ ਤੋਂ ਅੰਗਰੇਜ਼ੀ, ਹਿੰਦੀ ਹੋ ਕੇ ਪੰਜਾਬੀ ਰੂਪ ਵਿੱਚ ਪੇਸ਼ ਹੋ ਰਹੀਆਂ ਹਨ। ਇਸ ਕਰਕੇ ਉਨ੍ਹਾਂ ਦੇ ਕਲਾਤਮਕ ਸੁਹੱਪਣ ਵਿਚ ਫ਼ਰਕ ਪੈ ਸਕਦਾ ਹੈ, ਪਰ ਮਜ਼ਦੂਰਾਂ ਦੇ ਅਹਿਸਾਸ ਉਂਝ ਹੀ ਬਰਕਰਾਰ ਹਨ।’

ਤੂਤੀਆਂ

ਕੀ ਤੁਸੀਂ ਕਦੇ ਤੂਤੀਆਂ ਦੇਖੀਆਂ ਨੇ?
ਧਰਤੀ ‘ਤੇ ਇਹ ਜਿੱਥੇ ਡਿੱਗਦੀਆਂ ਨੇ
ਉੱਥੇ ਲਾਲ ਰਸ ਦੇ ਧੱਬੇ ਛੱਡ ਦਿੰਦੀਆਂ ਹਨ

ਡਿੱਗਣ ਤੋਂ ਵੱਧ ਤਕਲੀਫਦੇਹ ਕੁਝ ਨਹੀਂ
ਮੈਂ ਕਿੰਨੇ ਹੀ ਮਜ਼ਦੂਰਾਂ ਨੂੰ ਦੇਖਿਆ ਹੈ
ਇਮਾਰਤਾਂ ਤੋਂ ਡਿੱਗਦੇ ਹੋਏ
ਡਿੱਗ ਕੇ ਤੂਤੀਆਂ ਬਣਦੇ ਹੋਏ

ਮੌਤ ਦਾ ਡਰ

ਉਮਰ ਭਰ ਮੈਂ ਇਸ ਗੱਲ ‘ਚ ਯਕੀਨ ਕੀਤਾ
ਕਿ ਝੂਠ ਬੋਲਣਾ ਗਲਤ ਹੁੰਦਾ ਹੈ
ਗਲਤ ਹੁੰਦਾ ਹੈ ਕਿਸੇ ਨੂੰ ਪ੍ਰੇਸ਼ਾਨ ਕਰਨਾ
ਉਮਰ ਭਰ ਮੈਂ ਇਸ ਗੱਲ ਨੂੰ ਪ੍ਰਵਾਨ ਕੀਤਾ ਹੈ
ਕਿ ਮੌਤ ਜ਼ਿੰਦਗੀ ਦਾ ਇੱਕ ਹਿੱਸਾ ਹੈ
ਫੇਰ ਵੀ ਮੈਨੂੰ ਮੌਤ ਤੋਂ ਡਰ ਲਗਦਾ ਹੈ
ਡਰ ਲਗਦਾ ਹੈ
ਦੂਜੀ ਦੁਨੀਆਂ ‘ਚ ਵੀ ਮਜ਼ਦੂਰ ਬਣੇ ਰਹਿਣ ਤੋਂ

ਆਸਥਾ

ਮੇਰਾ ਪਿਉ ਇੱਕ ਮਜ਼ਦੂਰ ਸੀ
ਆਸਥਾ ਨਾਲ਼ ਭਰਿਆ ਇੱਕ ਮਨੁੱਖ
ਜਦ ਵੀ ਉਹ ਨਮਾਜ਼ ਪੜ੍ਹਦਾ ਸੀ
(ਅੱਲ੍ਹਾ) ਉਹਦੇ ਹੱਥ ਦੇਖ ਸ਼ਰਮਿੰਦਾ ਹੋ ਜਾਂਦਾ ਸੀ

ਦੋਸਤੀ

ਮੈਂ (ਰੱਬ) ਦਾ ਦੋਸਤ ਨਹੀਂ ਹਾਂ
ਇਸ ਦਾ ਸਿਰਫ ਇੱਕੋ ਕਾਰਨ ਹੈ
ਜਿਸਦੀਆਂ ਜੜ੍ਹਾਂ ਬਹੁਤ ਪੁਰਾਣੇ ਅਤੀਤ ‘ਚ ਹਨ
ਜਦੋਂ ਸਾਡਾ ਛੇ ਜਣਿਆਂ ਦਾ ਪਰਿਵਾਰ
ਇੱਕ ਤੰਗ ਕਮਰੇ ‘ਚ ਰਹਿੰਦਾ ਸੀ
ਤੇ (ਰੱਬ) ਕੋਲ ਸੀ ਇੱਕ ਬਹੁਤ ਵੱਡਾ ਮਕਾਨ
ਜਿਸ ‘ਚ ਉਹ ਕੱਲਾ ਹੀ ਰਹਿੰਦਾ ਸੀ

ਮੇਰਾ ਪਿਉ

ਜੇ ਮੈਂ ਆਪਣੇ ਪਿਉ ਬਾਰੇ
ਕੁਝ ਕਹਿਣ ਦੀ ਹਿੰਮਤ ਕਰਾਂ
ਤਾਂ ਯਕੀਨ ਮੰਨਿਓ
ਉਸ ਦੀ ਜ਼ਿੰਦਗੀ ਨੇ
ਉਸ ਨੂੰ ਭੋਰਾ ਆਨੰਦ ਨਹੀਂ ਦਿੱਤਾ।

ਉਹ ਬੰਦਾ
ਆਪਣੇ ਪਰਿਵਾਰ ‘ਤੇ ਮਰਦਾ ਸੀ,
ਪਰਿਵਾਰ ਦੀਆਂ ਕਮੀਆਂ ਲੁਕਾਉਣ ਲਈ
ਉਹਨੇ ਆਪਣੀ ਜ਼ਿੰਦਗੀ ਨੂੰ
ਸਖ਼ਤ ਤੇ ਖੁਰਦਰਾ ਬਣਾ ਲਿਆ।

ਤੇ ਹੁਣ ਮੈਨੂੰ
ਆਪਣੀਆਂ ਕਵਿਤਾਵਾਂ ਛਪਵਾਉਂਦਿਆਂ
ਸਿਰਫ਼ ਇਕ ਗੱਲ ਦੀ ਸੰਗ ਲੱਗਦੀ ਹੈ
ਕਿ ਮੇਰਾ ਪਿਉ ਪੜ੍ਹ ਨਹੀਂ ਸਕਦਾ!