November 3, 2024

ਹਰਿੰਦਰ ਫ਼ਿਰਾਕ

ਜਾਣ-ਪਹਿਚਾਣ

ਪਿੰਡ : ਬੰਡਾਲਾ ਨੌ
ਤਹਿਸੀਲ : ਜ਼ੀਰਾ
ਜ਼ਿਲ੍ਹਾ : ਫ਼ਿਰੋਜ਼ਪੁਰ
ਸੰਪਰਕ : 95010-83493

ਮੈਂ, ਹਰਿੰਦਰ ਫ਼ਿਰਾਕ ਪੰਜਾਬ ਯੂਨੀਵਰਸਿਟੀ ਵਿੱਚ ਇਤਿਹਾਸ ਦਾ ਵਿਦਿਆਰਥੀ ਹਾਂ। ਇਤਿਹਾਸ ਦੇ ਨਾਲ ਨਾਲ ਮੇਰੀ ਸਾਹਿਤ ਵਿਚ ਵੀ ਰੁਚੀ ਹੈ। ਇਤਿਹਾਸ ਨੂੰ ਸਾਹਿਤ ਦੇ ਦ੍ਰਿਸ਼ਟੀਕੋਣ ਤੋਂ ਸਮਝਣ ਵਾਚਣ ਦਾ ਕਾਰਜ ਵੀ ਦਿਲਚਸਪ ਅਤੇ ਲੋੜੀਂਦਾ ਹੈ। ਕਵਿਤਾ ਲਿਖਣ-ਪੜ੍ਹਨ ਦਾ ਮੇਰਾ ਸ਼ੌਕ ਬਚਪਣ ਤੋਂ ਹੀ ਬਾਦਸਤੂਰ ਜਾਰੀ ਹੈ। ਹਾਲ ਹੀ ਵਿੱਚ ਮੈਂ ਆਪਣਾ ਪਹਿਲਾਂ ਕਾਵਿ ਸੰਗ੍ਰਹਿ ‘ਅਜੇ ਨਾ ਆਉਣਾ’ ਲੋਕ ਅਰਪਣ ਕੀਤਾ ਹੈ। ਇਸ ਕਾਰਜ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਮੇਰੇ ਸਾਥੀਆਂ ਦਾ ਵੀ ਅਹਿਮ ਯੋਗਦਾਨ ਰਿਹਾ। ਵੱਖ-ਵੱਖ ਵਿਭਾਗਾਂ ਤੋਂ ਮੇਰੇ ਕਰੀਬੀ ਦੋਸਤਾਂ ਦੀ ਮੰਡਲੀ ਨੇ ‘ਚਿੰਤਨ ਮੰਡਲੀ ਪ੍ਰਕਾਸ਼ਨ’ ਹੇਠ ਆਪਣੀ ਇਹ ਪਹਿਲੀ ਪੁਸਤਕ ਪ੍ਰਕਾਸ਼ਿਤ ਕੀਤੀ ਹੈ। ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੇ ਬਾਕੀ ਸਾਥੀਆਂ ਦੀਆਂ ਸਾਹਿਤਕ ਅਤੇ ਖੋਜ-ਭਰਪੂਰ ਰਚਨਾਵਾਂ ਛਾਪਣ ਲਈ ਕਾਰਜਸ਼ੀਲ ਹਾਂ।

ਮਨੁੱਖ

ਮਨੁੱਖ!
ਪਿਆਰ ਭਾਲਦੈ
ਮਨੁੱਖ ਕੋਲੋਂ ਅੱਕ
ਬਿੱਲੀਆਂ ‘ਚੋਂ,
ਕੁੱਤਿਆਂ ‘ਚੋਂ
ਲਕੀਰਾਂ ‘ਚੋਂ,
ਤਸਵੀਰਾਂ ‘ਚੋਂ
ਇੱਥੋਂ ਤੱਕ ਕੇ ਦੀਵਾਰਾਂ ‘ਚੋਂ

ਬਿੱਲੀਆਂ, ਕੁੱਤਿਆਂ
ਲਕੀਰਾਂ, ਤਸਵੀਰਾਂ
ਦੀਵਾਰਾਂ, ਜਿਨ੍ਹਾਂ ਵਿੱਚੋਂ
ਮਨੁੱਖ ਮਨਫ਼ੀ ਨਹੀਂ

ਕਦੇ ਸੀ!
ਮਨੁੱਖ ਨੇ ਅੰਨ-ਮਾਸ ਭਾਲਿਆ
ਅੱਗ ਭਾਲੀ
ਰੱਬ ਭਾਲਿਆ
ਜੰਗ, ਯੁੱਧ, ਜ਼ਮੀਨ ਭਾਲੀ
ਮਿੱਟੀ ‘ਚੋਂ ਆਕਾਰ ਭਾਲੇ
ਸੈਂਕੜੇ ਧਰਤੀਆਂ
ਸੱਤ ਸਮੁੰਦਰ ਭਾਲੇ

ਹੁਣ ਭਾਲਦੈ ਮਨੁੱਖ
ਪਿਆਰ…

ਕਾਰਾਵਾਸ

ਕਾਰਾਵਾਸ!
ਸਿਰਫ਼ ਮਹਾਂਨਗਰ ਵਿਚ ਨਹੀਂ ਹੁੰਦੇ
ਜੇ ਮਨ ਵਿਚ ਵੀ ਹੁੰਦੈ ਮਹਾਂਨਗਰ
ਅੱਖਾਂ ਵਿਚ ਵੀ ਹੁੰਦੈ ਕਾਰਾਵਾਸ

ਇਨ੍ਹਾਂ ਕਾਰਾਵਾਸਾਂ ਵਿਚ
ਨਹੀਂ ਹੁੰਦੀ
ਕੋਈ ਖਿੜਕੀ
ਬੱਸ ਇਕ ਦਰਵਾਜ਼ਾ ਹੁੰਦਾ ਹੈ

ਜੋ!
ਕਦੇ ਕਦਾਈਂ
ਰਾਤ ਬਰਾਤੇ
ਤਾੜ ਲੈਣ ਲਈ ਹੀ ਖੁੱਲ੍ਹਦਾ ਹੈ

ਖੁੱਲ੍ਹਦਾ ਹੋਇਆ
ਮਾਰਦਾ ਹੈ ਐਨੀ ਤਿੱਖੀ ਚੀਖ਼
ਕਿ ਰੱਬ ਦੀ ਰੂਹ ਉੱਤੇ
ਆ ਜਾਂਦੀ ਹੈ ਤਰੇੜ

ਇਸ ਦੀਆਂ ਸਿੱਲੀਆਂ ਕੰਧਾਂ ਉੱਤੇ
ਲਾਲਸਾ ਦੀਆਂ ਮੋਟੀਆਂ ਛਿਪਕਲੀਆਂ
ਸੁਪਨਿਆਂ ਦੇ ਛੋਟੇ ਭੰਬਟਾਂ ਨੂੰ
ਲੰਘਾ ਜਾਂਦੀਆਂ ਹਨ
ਸਬੂਤਾ ਹੀ

ਇਹ ਕਾਰਾਵਾਸ ਹੈ
ਏਨਾ ਅਜੀਬ
ਕਿ ਵੇਂਹਦਿਆਂ-ਵੇਂਹਦਿਆਂ
ਸਾਰਾ ਮਹਾਂਨਗਰ
ਇਸ ਵਿਚ ਹੋ ਜਾਂਦਾ ਹੈ ਕੈਦ
ਰਹਿੰਦਾ ਹੈ
ਧੁਖਦਾ-ਮੱਚਦਾ

ਇਸ ਕਾਰਾਵਾਸ ਦੇ ਅੰਤ ਦਾ
ਨਹੀਂ ਮਿਲ ਰਿਹਾ
ਕੋਈ ਤੋੜ