January 19, 2026

ਸੰਦੀਪ ਐਦਲ

ਜਾਣ-ਪਹਿਚਾਣ

20 ਮਈ, 1993
ਪਿੰਡ : ਜਲਾਲਾਬਾਦ
ਜ਼ਿਲ੍ਹਾ : ਫ਼ਿਰੋਜ਼ਪੁਰ
ਸੰਪਰਕ : 95171-68676

ਸੰਦੀਪ ਐਦਲ ਨੇ ਬੀ. ਐੱਸ. ਸੀ. ਐਗਰੀਕਲਚਰਲ, ਬਰਜਿੰਦਰਾ ਕਾਲਜ, ਫ਼ਰੀਦਕੋਟ ਤੋਂ ਕੀਤੀ ਹੈ। ਐਮ. ਐਸ. ਸੀ. ਐਗਰੀਕਲਚਰਲ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ) ਤੋਂ ਕੀਤੀ ਹੈ। ਇਸ ਸਮੇਂ ਉਹ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਰਹਿ ਰਿਹਾ ਹੈ। ਉਸ ਨੂੰ ਕਵਿਤਾ ਵਿਰਸੇ ਵਿਚੋਂ ਪ੍ਰਾਪਤ ਹੋਈ ਹੈ। ਕੁਝ ਸਾਲ ਪਹਿਲਾਂ ਉਸ ਦੇ ਮਰਹੂਮ ਬਾਬਾ ਜੀ ਦੀ ਕਾਵਿ ਪੁਸਤਕ ‘ਦੁਖੀ ਮਜ਼ਦੂਰ ਦਾ ਦਿਲ’ ਛਪ ਚੁੱਕੀ ਹੈ। ਉਸ ਦੀ ਕਵਿਤਾ ‘ਚ ਮਜ਼ਦੂਰ ਵਰਗ ਦੇ ਹੱਡੀਂ ਹੰਡਾਏ ਦਰਦ ਨੂੰ ਪੇਸ਼ ਕੀਤਾ ਗਿਆ ਹੈ।

ਮੇਖ

ਸਿੱਕੇ ਪਿਗਲਾਏ ਗਏ,
ਅਸੀਂ ਜਦੋਂ ਵੀ ਗਿਆਨ ਸੁਣਨ ਦੀ ਗੱਲ ਕੀਤੀ ।

ਅੱਖੀਂ ਸਰੀਏ ਪੈਰੀਂ ਅੰਗਾਰ ਵਿਛੇ,
ਅਸੀਂ ਜਦੋਂ ਵੀ ਗਿਆਨ ਪੜ੍ਹਨ ਦੀ ਗੱਲ ਕੀਤੀ ।

ਉਹਨਾਂ ਛੁਰੀਆਂ ਤਿੱਖੀਆਂ ਕੀਤੀਆਂ ,
ਅਸੀਂ ਜਦੋਂ ਵੀ ਕਰਾਂਤੀ ਦੀ ਗੱਲ ਕੀਤੀ ।

ਹੁਣ ਯੁੱਗ ਬਦਲਿਆ ਬਦਲਿਆ ਹੈ,
ਉਹ ਗੁਲਦਸਤੇ ਤਾਂ ਦਿੰਦੇ ਹਨ ਪਰ ਕੰਡਿਆਂ ਸਮੇਤ,

ਪਰ ਉਹ ਨਹੀਂ ਜਾਣਦੇ ਕੇ,
ਸਾਡੀ ਜੁੱਤੀ ਵਿਚਲੀ ਮੇਖ ਜਿਓਂ ਦੀ ਤਿਉਂ ਹੈ ।

ਨੀਲੀ ਝੀਲ

ਨੀਲੀ ਝੀਲ ਦੇ ਕਿਨਾਰੇ
ਬੈਠਾ ਮਛੇਰਾ ਰੋ ਰਿਹਾ ਸੀ,
ਖ਼ੁਦਾ ਦੇ ਪੈਰ,
ਖੁਦ ਜਾ ਰਹੇ ਨੇ ਮੋਮਿਨਾਂ, ਕਾਫ਼ਿਰਾਂ ਦੇ ਘਰ,
ਇਹ ਵੀ ਹੋਣੀ ਦਾ ਹਿੱਸਾ ਹੈ।

ਸਾਰੀ ਰਾਤ
ਚਿੱਟੇ ਪੱਥਰ ‘ਤੇ ਬੈਠਾ ਰਿਹਾ ਉਹ ਕਾਲਾ ਕਾਂ,
ਤੇ ਕਾਲੀ ਰਾਤ ਦੀ ਬੁੱਕਲ ‘ਚ,
ਵਗਦੀ ਰਹੀ ਬਰਫ਼ੀਲੀ ਹਵਾ,
ਇੱਕ ਵਿਰਾਗ ਇਹ ਵੀ ਹੈ।

ਪਹੁ ਫੁਟਾਲੇ ਤੋਂ ਪਹਿਲਾਂ ਹੀ
ਨਿਕਲ ਪਏ ਨੇ ਪੰਛੀ ਤੇ ਕਾਮੇਂ
ਆਪਣੇ ਘਰ ਵੱਲ ਹੀ ਉਦਾਸੀਆਂ ਨੂੰ,
ਕੁਝ ਸਫ਼ਰਨਾਮੇ ਇੰਝ ਵੀ ਲਿਖੇ ਜਾਂਦੇ ਨੇ।

ਮੋਮ ਦੇ ਬੁੱਤ
ਹੈਰਾਨ ਕਰ ਰਹੇ ਨੇ
ਅੱਗ ਦੀਆਂ ਲਪਟਾਂ ਨੂੰ,
ਇੱਥੇ ਕੁਝ ਵੀ ਸਥਿਰ ਨਹੀਂ ਹੁੰਦਾ
ਇਤਿਹਾਸ ਲਿਖਦਾ ਨਹੀਂ ਦੁਹਰਾਉਂਦਾ ਹੈ ।

ਤੂੰ…

ਇੱਕ ਹਾਦਸੇ ਦੇ ਵਾਂਗ ਹੁੰਦਾ ਹੈ,
ਜਦ ਵੀ ਤੂੰ ਥੋੜ੍ਹਾ ਜਿਹਾ ਮੁਸਕਰਾ ਕੇ
ਝੂਠ ਬੋਲੇਂ ।
ਪਰ ਤੈਨੂੰ ਚੁੱਪ ਤੇ ਉਦਾਸ ਦੇਖਣਾ,
ਤਾਂ ਕਿਤੇ ਜ਼ਿਆਦਾ
ਦਰਦਨਾਕ ਹੈ ਮੇਰੇ ਲਈ।

ਮੈਂ ਤੇਰੇ ਡਿੱਗਦੇ ਹੰਝੂਆਂ ਨੂੰ
ਸਾਂਭ ਲਵਾਂਗਾ,
ਮੇਰੀ ਜਾਨ ! ਜੇ ਤੂੰ ਬਰਸਾਤ ‘ਚ ਰੋਈ ਤਾਂ,
ਮੇਰੇ ਤੋਂ ਸਾਰਾ ਅਸਮਾਨ ਨਹੀਂ ਸਾਂਭਿਆ ਜਾਣਾ ।

ਤੂੰ ਦੁਨੀਆਂ ਲਈ ਚਿੰਤਤ ਨਾ ਹੋਵੀਂ ,
ਮੈਂ ਤੇਰੇ ਲਈ ਤਲਵਾਰ ਤੇ ਢਾਲ ਵੀ ਬਣਾਂਗਾ,
ਪਰ ਮੈਂ ਹਜ਼ਾਰਾਂ ਮੌਤਾਂ ਦਾ ਜ਼ਿੰਮੇਵਾਰ ਨਹੀਂ ਬਣਨਾ,
ਨਾ ਹੀ ਖ਼ੂਨ ਦੀਆਂ ਨਦੀਆਂ ਦਾ
ਇਤਿਹਾਸ ਵਰਤਮਾਨ ਹੁੰਦੇ ਦੇਖਣਾ।
ਮੇਰੇ ਸੂਲੀ ਤੇ ਚੜ੍ਹਨ ਤੋਂ ਪਹਿਲਾਂ,
ਮੇਰੇ ਲਈ ਲਿਆਵੀਂ ਸਿਰਫ਼ ਤੇ ਸਿਰਫ਼ ਇੱਕ ਫੁੱਲ,
ਉਹ ਵੀ ਟਾਹਣੀ ਤੋਂ ਤੋੜ ਕੇ ਨਹੀਂ,
ਬਸ ਥੱਲੇ ਡਿੱਗਿਆ
ਅੱਧ ਮੋਇਆ ਜਿਹਾ ।
ਮੈਂ ਡਿੱਗੇ ਹਾਰਿਆਂ ਲਈ ਮਿਸਾਲ ਬਣਨਾ ਹੈ ।