February 6, 2025

ਲਵਪ੍ਰੀਤ ਸਿੰਘ

ਜਾਣ-ਪਹਿਚਾਣ

07 ਜੁਲਾਈ, 1995
ਪਿੰਡ : ਮਚਾਕੀ ਕਲਾਂ
ਜ਼ਿਲ੍ਹਾ : ਫ਼ਰੀਦਕੋਟ
ਸੰਪਰਕ : 96468-20739

ਮੇਰਾ ਨਾਮ ਲਵਪ੍ਰੀਤ ਸਿੰਘ ਹੈ ਅਤੇ ਮੇਰਾ ਜਨਮ 7 ਜੁਲਾਈ, 1995 ਨੂੰ ਹੋਇਆ।  ਮੇਰੇ ਪਿੰਡ ਦਾ ਨਾਮ ਮਚਾਕੀ ਕਲਾਂ ਅਤੇ ਜ਼ਿਲ੍ਹਾ ਫ਼ਰੀਦਕੋਟ ਹੈ।  ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੀ. ਐੱਚ. ਡੀ. ਪੰਜਾਬੀ ਕਰ ਰਿਹਾ ਹਾਂ।  ਮੇਰੇ ਖੋਜ- ਕੋਰਸ ਦਾ ਵਿਸ਼ਾ ਵੀ ਆਧੁਨਿਕ ਪੰਜਾਬੀ, ਹਿੰਦੀ ਅਤੇ ਉਰਦੂ ਗ਼ਜ਼ਲ ਦਾ ਤੁਲਨਾਤਮਕ ਅਧਿਐਨ ਹੈ।  ਕਵਿਤਾ ਲਿਖਣ ਦੀ ਰੁਚੀ ਮੇਰੇ ਅੰਦਰ ਐੱਮ. ਏ. ਪੰਜਾਬੀ ਕਰਨ ਦੌਰਾਨ ਪੈਦਾ ਹੋਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਐੱਮ ਏ ਪੰਜਾਬੀ ਕਰਦਿਆਂ ਮੇਰਾ ਝੁਕਾਅ ਲਾਇਬ੍ਰੇਰੀ ਵੱਲ ਵਧਿਆ। ਪੰਜਾਬੀ ਯੂਨੀਵਰਸਿਟੀ ਵਿੱਚ ਬਣੀ ਗੰਡਾ ਸਿੰਘ ਰੈਫ਼ਰੈਂਸ ਵਿਚ ਬੈਠ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਨਾਵਲ, ਕਹਾਣੀਆਂ ਪੜ੍ਹਨ ਦੇ ਨਾਲ਼- ਨਾਲ਼ ਮੇਰੇ ਅੰਦਰ ਕਵਿਤਾ ਅਤੇ ਗ਼ਜ਼ਲ ਪੜ੍ਹਨ ਦੀ ਰੁਚੀ ਪੈਦਾ ਹੋਣ ਲੱਗੀ।  ਮੈਂ ਕਵਿਤਾ ਦੀ ਪਹਿਲੀ ਕਿਤਾਬ ‘ਓਥੋਂ ਤੀਕ’ ਨਵਤੇਜ ਭਾਰਤੀ ਦੀ ਅਤੇ ਡਾ. ਜਗਤਾਰ ਦੀ ਕਿਤਾਬ ‘ਹਰ ਮੋੜ ਤੇ ਸਲੀਬਾਂ’ ਪੜ੍ਹਣੀ ਸ਼ੁਰੂ ਕੀਤੀ। ਉਸ ਤੋਂ ਬਾਅਦ ਮੈਨੂੰ ਕਿਤਾਬਾਂ ਨਾਲ ਮੁਹੱਬਤ ਹੋ ਗਈ। ਇਨ੍ਹਾਂ ਕਿਤਾਬਾਂ ਨੇ ਮੈਨੂੰ ਇਕ ਨਵਾਂ ਜੀਵਨ ਤੇ ਮੇਰੀ ਜ਼ਿੰਦਗੀ ਨੂੰ ਬਦਲ ਦਿੱਤਾ।  ਕਵਿਤਾ ਵਿਅਕਤੀ ਤੇ ਮਨੋਭਾਵਾਂ ਦਾ ਪ੍ਰਗਟਾਵਾ ਹੁੰਦਾ ਹੈ, ਜਿਸ ਨੂੰ ਆਪਣੀ ਸੂਝਬੂਝ ਨਾਲ ਸਫ਼ਿਆਂ ਉੱਤੇ ਸਿਰਜਦਾ ਹੈ।  2017 ਵਿਚ ਮੈਂ ਆਪਣੇ ਮਨੋਭਾਵਾਂ ਨੂੰ ਸ਼ਬਦਾਂ ਦਾ ਰੂਪ ਦੇ ਕੇ ਕੋਰੇ ਸਫ਼ਿਆ ‘ਤੇ ਲਿਖਣਾ ਸ਼ੁਰੂ ਕੀਤਾ ਅਤੇ ਨਿਰੰਤਰ ਹੁਣ ਵੀ ਲਿਖ ਰਿਹਾ ਹਾਂ।

ਗੁਜ਼ਾਰਿਸ਼

ਜਾਪਦਾ ਹੈ ਏਦਾਂ
ਜਿਵੇਂ ਰੁੱਸ ਗਏ ਹੋਣ ਸ਼ਬਦ

ਕਈ ਮਹੀਨਿਆਂ ਤੋਂ
ਨਹੀਂ ਉੱਤਰੀ ਕੋਈ ਕਵਿਤਾ

ਜਾਪਦੈ!
ਜਿਵੇਂ ਮੈਂ ਆਪਣੀ ਹੋਂਦ ਦੇ
ਭੁੱਲ ਗਿਆ ਹੋਵਾਂ ਅਰਥ
ਉਦਾਸੀ ‘ਚ ਡੁੱਬਿਆ
ਮਹਿਸੂਸ ਕਰ ਰਿਹਾ ਹਾਂ
ਅੰਦਰ ਹੀ ਅੰਦਰ
ਚਲਦੀ ਭਟਕਣ…

ਜ਼ਰਾ ਤੁਰਦਾ ਹਾਂ
ਤਾਂ!
ਲੜਖੜਾਅ ਜਾਂਦੇ ਨੇ
ਮੇਰੇ ਕਦਮ…

ਸ਼ਬਦੋ ਗੁਜ਼ਾਰਿਸ਼ ਹੈ
ਤਹਾਨੂੰ!
ਆ ਸੰਭਾਲੋ
ਮੈਨੂੰ!…

ਮੇਰੀ ਹੋਣੀ ਦੇ ਅਰਥ
ਭਰ ਦਿਓ ਮੇਰੇ ਅੰਦਰ
ਤੇ ਮੈਨੂੰ ਕਰ ਦਿਓ ਜਿਉਂਣ ਜੋਗਾ…

ਹਾਦਸਾ

ਸਟੇਸ਼ਨ ‘ਤੇ ਖੜ੍ਹਾ
ਟ੍ਰੇਨ ਦੀ ਉਡੀਕ ‘ਚ….
ਆਲੇ ਦੁਆਲੇ
ਚਹਿਲ ਪਹਿਲ, ਭੱਜ ਦੌੜ
ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ
ਮੇਰੇ
ਕੰਨਾਂ ਵਿਚ ਗੂੰਜ ਰਹੀਆਂ ਸਨ

ਅਚਾਨਕ
ਇਕ ਸਪੀਕਰ ਦੀ ਆਵਾਜ਼
ਮੇਰੇ ਕੰਨਾਂ ‘ਚ ਪੈਣੀ ਸ਼ੁਰੂ ਹੋਈ
ਪਿਆਰੇ ਯਾਤਰੀ ਓ
”ਕਿਸੇ ਵੀ
ਲਾਵਾਰਿਸ ਚੀਜ਼ ਨੂੰ
ਹੱਥ ਨਾ ਲਾਓ”

ਇਹ ਆਵਾਜ਼ ਅਜੇ
ਮੇਰੇ ਕੰਨਾਂ ਤੋਂ
ਚੱਜ ਨਾਲ ਪਰ੍ਹੇ ਵੀ ਨਹੀਂ ਹੋਈ ਸੀ
ਕਿ….ਅਚਾਨਕ!
ਇਕ ਹਾਦਸਾ ਵਾਪਰਦਾ ਹੈ

ਇਕ ਬਜ਼ੁਰਗ ਔਰਤ
ਕਿਸੇ ਨੌਜਵਾਨ ਨਾਲ ਟਕਰਾਅ ਕੇ
ਧੜੰਮ ਦੇਣੇ ਹੇਠਾਂ ਜਾ ਡਿੱਗੀ

ਚਾਰੇ ਪਾਸੇ
ਭੱਜ ਦੌੜ
ਵਕਤ ਦੇ ਨਾਲੋ-ਨਾਲ
ਬੇ-ਲਗਾਮ ਹੋਈ ਲੋਕਾਂ ਦੀ ਭੀੜ
ਪਰ
ਉਸ ਔਰਤ ਨੂੰ ਕੋਈ ਚੁੱਕਣ ਦੀ ਹਿੰਮਤ
ਕਿਸੇ ਤੋਂ ਨਾ ਹੋਈ

ਹਜ਼ਾਰਾਂ ਤੁਰਦੇ ਫਿਰਦੇ….ਬੰਦੇ !
ਪਰ ਅਫ਼ਸੋਸ
ਕੋਈ ਜਿਊਂਦਾ ਜਾਗਦਾ ਨਹੀਂ ਲੱਗਾ
ਸਭ ਭੱਜੀ ਜਾ ਰਹੇ ਸਨ
ਕਿਸੇ ਲਾਵਾਰਿਸ ਚੀਜ਼ ਵਾਂਗ

ਪਲਕ ਝਪਕਦੇ ਹੀ
ਕੀ ਤੋਂ ਕੀ ਵਾਪਰ ਗਿਆ
ਤੇ ਮੈਂ ਵੀ
ਦੂਰ ਖੜ੍ਹਾ ਬਸ ਦੇਖਦਾ ਰਿਹਾ
ਐਨੇ ਨੂੰ ਟ੍ਰੇਨ ਦੇ ਚੱਲਣ ਦਾ ਹਾਰਨ ਵੱਜ ਗਿਆ

ਟ੍ਰੇਨ ਦੇ ਚੱਲਣ ਦੀ ਆਵਾਜ਼ ਦੇ ਨਾਲ ਨਾਲ
ਮੇਰੇ ਕੰਨਾਂ ‘ਚ
ਓਹੀ ਆਵਾਜ਼
ਉੱਚੀ ਉੱਚੀ ਗੂੰਜਣ ਲੱਗੀ

ਕਿਸੇ ਲਾਵਾਰਿਸ ਚੀਜ਼ ਨੂੰ
ਹੱਥ ਨਾ ਲਾਓ……