January 19, 2026

ਰਾਜਬੀਰ ਮੱਤਾ

ਜਾਣ-ਪਹਿਚਾਣ

07 ਦਸੰਬਰ, 1988
ਪਿੰਡ : ਮੱਤਾ, ਤਹਿਸੀਲ ਜੈਤੋ
ਜ਼ਿਲ੍ਹਾ : ਫ਼ਰੀਦਕੋਟ
ਸੰਪਰਕ : 84376-01702

ਕਵਿਤਾ ਕੇਵਲ ਮਨੁੱਖੀ ਭਾਵਾਂ ਦੇ ਪ੍ਰਗਟਾਵੇ ਦਾ ਸਾਧਨ ਹੀ ਨਹੀਂ, ਸਗੋਂ ਅਸਲ ਜੀਵਨ ਦੀ ਹੋਂਦ ਦਾ ਹਿੱਸਾ ਵੀ ਬਣਦੀ ਹੈ। ਇਕ ਮਨੁੱਖ ਦੇ ਜਨਮ ਤੋਂ ਆਖ਼ਰੀ ਸਾਹ ਤੱਕ ਕਵਿਤਾ ਉਸ ਦੇ ਜੀਵਨ ਦੀ ਤਰਜਮਾਨੀ ਕਰਦੀ ਹੈ। ਇਹ ਵਿਚਾਰ ਨੇ ਨੌਜਵਾਨ ਕਵੀ ਰਾਜਬੀਰ ਮੱਤਾ ਦੇ। ਰਾਜਬੀਰ ਮੱਤਾ ਦੀਆਂ ਕਿਤਾਬਾਂ ‘ਅੱਖਰਾਂ ਦੀ ਡਾਰ” (ਛਪਾਈ ਅਧੀਨ ਸ਼ਾਹਮੁਖੀ ਵਿਚ ‘ਅੱਖਰਾਂ ਦੀ ਡਾਰ’) ਅਤੇ ‘ਟੁੱਟਿਆ ਕੱਚ, ਸੁਫ਼ਨੇ ਤੇ ਬੰਦੇ’ (ਛਪਾਈ ਅਧੀਨ ਨਵੀਂ ਕਿਤਾਬ)। ਉਸ ਦੀਆਂ ਕਵਿਤਾਵਾਂ ਰੋਜ਼ਾਨਾ ‘ਅਜੀਤ’, ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ, ਪੰਜਾਬੀ ਜਾਗਰਣ ਅਤੇ ਵਿਕਾਸ ਸੰਦੇਸ਼ ਵਿਚ ਵੀ ਛਪ ਚੁੱਕੀਆਂ ਹਨ। ਉਹ ਪੰਜਾਬੀ ਮੈਗਜ਼ੀਨ : ਪ੍ਰੀਤਲੜੀ, ਸਾਹਿਤਕ ਏਕਮ, ਰਾਗ, ਨਕਸ਼ ਆਦਿ ਅਤੇ ਸਾਂਝੀਆਂ ਕਿਤਾਬਾਂ : ਬੀਜ ਬਿਰਖ, ਸਾਂਝ, ਮਾਂ ਦੇ ਸੁਪਨਿਆਂ ਦੀ ਪਰਵਾਜ਼ ਵਿਚ ਵੀ ਛਪ ਚੁੱਕਾ ਹੈ। ਉਸ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਸਨਮਾਨ, ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਪੰਜਾਬੀ ਵਿਭਾਗ ਵੱਲੋਂ ਸਨਮਾਨ, ਸਾਹਿਤ ਵਿਚਾਰ ਮੰਚ ਫ਼ਰੀਦਕੋਟ ਵੱਲੋਂ ਸਨਮਾਨ ਅਤੇ ਵੱਖ ਵੱਖ ਸਾਹਿਤ ਸਭਾਵਾਂ ਵੱਲੋਂ ਵਿਸ਼ੇਸ਼ ਸਨਮਾਨ ਪ੍ਰਾਪਤ ਹੋ ਚੁੱਕਾ ਹੈ।

ਸਾਡੀ ਕਵਿਤਾ

ਬਰਸੀਮ ਦੇ
ਫੁੱਲਾਂ ‘ਤੇ ਬੈਠੀਆਂ
ਤਿੱਤਲੀਆਂ ਦੇ ਰੰਗ ਗਿਣਦੀ …

ਖ਼ਾਲ ਦੇ ਪਾਣੀ ‘ਚ
ਘਾਹ ਦੀਆਂ ਤਿੜਾਂ ਦੀ
ਸਹਿਜਤਾ ਨੂੰ ਮਾਪਦੀ …

ਵੱਟਾਂ ਉੱਤੇ ਉੱਗੇ ਗਾਚੇ ‘ਤੇ ਪਈਆਂ
ਸ਼ਰਮਾਕਲ ਬੂੰਦਾਂ ਨਿਹਾਰਦੀ…

ਡੱਡੂਆਂ ਦੀ ਟਰੈਂ – ਟਰੈਂ ਨਾਲ਼
ਰੁੱਖਾਂ ਦੇ ਪੱਤਿਆਂ ਦਾ
ਸਾਜ ਸੁਣਦੀ …

ਕਣਕਾਂ, ਕਪਾਹਾਂ , ਜਵਾਰਾਂ
ਤੇ ਸਰਮਾਂ ਦੇ ਓਰਿਆਂ ‘ਚ
ਆਪ ਮੁਹਾਰੇ ਹੀ ਉੱਗ ਪੈਂਦੀ ਏ
ਸਾਡੀ ਕਵਿਤਾ …

ਏਹਨੂੰ ਕਿਸੇ ਅਖ਼ਬਾਰ ਦੀ
ਸੁਰਖੀ ਬਣਨ ਦਾ
ਚਾਅ ਨਈਂ ਹੁੰਦਾ …
ਇਹ ਤਾਂ ਸਾਡੇ ਪਿੰਡ ਆਲੇ
ਬਾਰੂ ਦੀ ਬਾਟੀ ‘ਚੋਂ
ਚਾਹ ਦਾ ਘੁੱਟ ਭਰਕੇ
ਆਥਣ ਨੂੰ
ਸੌ ਖੇਤ ਗਾਹ ਦਿੰਦੀ ਏ …

ਪਕੌੜੀਆਂ ਲਈ ਰੋਂਦੇ
ਨਿਆਣਿਆਂ ਦੇ ਪਾਟੇ ਝੱਗਿਆਂ ‘ਚੋਂ
ਲਾਲੇ ਦੀ ਤੱਕੜੀ ਵਿਚਦੀ
ਹੁੰਦੀ ਹੋਈ
ਪਹੁੰਚ ਜਾਂਦੀ ਏ ਰੋਡੂ ਕੀ ਚੱਕੀ ‘ਤੇ
ਆਟਾ ਬਣਨ …

ਤੇ ਅਗਲੇ ਦਿਨ ਫਿਰ
ਲਾਲੇ ਦੀ ਹੱਟੀ ‘ਤੇ ਆ ਕੇ
ਸਾਡੀਆਂ ਝੋਲੀਆਂ ‘ਚ ਪੈ ਜਾਂਦੀ ਏ
ਸਾਡੇ ਸਾਹਾਂ ਨਾਲ ਸਾਂਝ ਪਾਉਂਦੀ
ਸਾਡੇ ਲਹੂ ‘ਚ ਰਚ ਜਾਂਦੀ ਏ …

ਸਾਡਿਆਂ ਘਰਾਂ , ਪਿੰਡਾਂ
ਤੇ ਖੇਤਾਂ ‘ਚ
ਕਣਕਾਂ, ਕਪਾਹਾਂ ਦੇ ਓਰਿਆਂ ‘ਚ
ਆਪ ਮੁਹਾਰੇ ਹੀ ਉੱਗ ਪੈਂਦੀ ਏ …
ਸਾਡੀ ਕਵਿਤਾ…

ਸਮਰਪਣ….

ਸੰਘਣੇ ਸਿਆਲਾਂ ਦੀਆਂ
ਧੁੰਦਲੀਆਂ ਰਾਤਾਂ ‘ਚ
ਅਕਸਰ ਮੇਰੀ ਕਵਿਤਾ
ਮੈਨੂੰ ਸਵਾਲ ਕਰਦੀ ਏ
ਕਿ
”ਮੈਂ ਕਿਹਨਾਂ ਨੂੰ ਹੋਣਾ ਏ
ਸਮਰਪਿਤ ?”

ਤਾਂ ਮੇਰੇ ਮੂੰਹੋਂ
ਆਪ ਮੁਹਾਰੇ ਹੀ
‘ਵਾਜ਼ਾਂ ਨਿਕਲਦੀਆਂ
ਖੂਬਸੂਰਤ ਮਹਿਲਾਂ ਨੂੰ,

ਲਿਸ਼ਕਦੀਆਂ ਕਾਰਾਂ ਨੂੰ,
ਅਮੀਰ ਬਾਪ ਦੀਆਂ ਵਿਗੜੀਆਂ ਔਲਾਦਾਂ ਨੂੰ,
ਜਾਂ ਟੁੱਚੇ ਲੀਡਰਾਂ ਦੀ
ਸਰਮਾਏਦਾਰੀ ਨੂੰ ਨਹੀਂ …

ਸਗੋਂ ਤੂੰ
ਸਮਰਪਿਤ ਹੋਣਾ ਏ

ਛੁੱਟੀ ਵਾਲੇ ਦਿਨ
ਖੇਤਾਂ ‘ਚ ਝੋਨਾਂ ਚੁਗਣ ਗਏ
ਜਵਾਕਾਂ ਦੀਆਂ ਆਸਾ ਨੂੰ …

ਮੰਡੀ ‘ਚ ਕੰਮ ਕਰਦੇ
ਛੋਟੂ ਹੋਰਾਂ ਦੀਆਂ ਭੁੱਖਾਂ ਨੂੰ …

ਅਪਣੇ ਜਵਾਕਾਂ ਨੂੰ ਪਾਲਣ ਲਈ
ਖੇਤਾਂ ‘ਚ ਕੰਮ ਕਰਦੇ
ਕਿਸਾਨ ਦੀ
ਗਿੱਚੀ ‘ਚੋਂ ਚੋਅ ਕੇ
ਗਿੱਟਿਆਂ ਤਕ ਆਏ ਮੁੜਕੇ ਨੂੰ …

ਤੇ
ਹਵਾ ਦੇ ਵੇਗ ਨਾਲ
ਵਾਰ ਵਾਰ ਰਸਤਾ ਭੁੱਲ ਕੇ ਵੀ
ਘਰ ਪਹੁੰਚਦੀਆਂ
ਕੀੜੀਆਂ ਦੇ ਹੌਸਲੇ ਨੂੰ …

ਜਾਂ ਸਮਰਪਿਤ ਹੋਣਾ ਏ ਤੂੰ

ਉਨ੍ਹਾਂ ਸਾਹਸੀ ਔਰਤਾਂ ਨੂੰ
ਜੋ ਤੇਜ਼ਾਬ ਨਾਲ ਮਚੇ
ਮੂੰਹ ਲੈ ਕੇ ਵੀ
ਜਿਊਂਦੀਆਂ
ਤੇ ਮੁੱਛਟੰਡੀ ਮੁੰਡੀਰ ਦਾ
ਮਜ਼ਾਕ ਉਡਾਉਂਦੀਆਂ
ਆਏ ਦਿਨ …