ਜਾਣ-ਪਹਿਚਾਣ
20 ਅਪ੍ਰੈਲ, 1992
ਪਿੰਡ : ਸਾਦਿਕ
ਜ਼ਿਲ੍ਹਾ : ਫ਼ਰੀਦਕੋਟ
ਸੰਪਰਕ : 98550-51941
ਸਤਨਾਮ ਸਾਦਿਕ (20 ਅਪ੍ਰੈਲ, 1992) ਦਾ ਜਨਮ ਪਿੰਡ ਸਾਦਿਕ, ਜ਼ਿਲ੍ਹਾ ਫ਼ਰੀਦਕੋਟ ਵਿੱਚ ਹੋਇਆ। ਉਹ ਜ਼ਿਆਦਾਤਰ ਖੁੱਲ੍ਹੀਆਂ ਕਵਿਤਾਵਾਂ ਲਿਖਦੇ ਹਨ । ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਕੋਈ ਨਾ ਕੋਈ ਸੁਨੇਹਾ ਹੁੰਦਾ ਹੈ । ਉਨ੍ਹਾਂ ਦੀ ਪਲੇਠੀ ਕਾਵਿ ਪੁਸਤਕ ‘ਸਮਾਂ ਰੇਖਾ ਤੇ ਸੱਚ’ ਪ੍ਰਕਾਸ਼ਿਤ ਹੋ ਚੁੱਕੀ ਹੈ।
ਮਜ਼ਦੂਰ-ਕਿਸਾਨ
ਸਾਡੀਆਂ ਜ਼ਮੀਰਾਂ ਤੁਹਾਡੀਆਂ ਰਖ਼ੇਲਾਂ ਨਹੀਂ
ਸਾਡੇ ਜਿਹਨ ਕੋਈ ਕੋਠੇ ਨਹੀਂ
ਅਸਾਡੀ ਆਪਣੀ ਹਿਕਮਤ ਹੈ।
ਸਾਡੇ ਸਵੈ ਵਿੱਚ ਪਲਦਾ ਹੈ ਇਕ ਸੂਰਜ
ਸਾਡੇ ਤੋਂ ਰੌਸ਼ਨ ਹੁੰਦੇ ਹਨ ਕਈ ਗ੍ਰਹਿ
ਅਸੀਂ ਕਿਰਤ ਦੇ ਜਾਏ
ਤਲਵੇ ਨਹੀਂ ਚੱਟਦੇ
ਇਹ ਤੇਰੀ ਅੱਖ ਦਾ ਹੀ ਕੋਈ ਕਾਣ ਹੈ
ਜਾਂ ਕਿ ਤੇਰੀ ਸੋਚ ਨੂੰ ਲਕਵਾ
ਕਿ ਤੂੰ ਚਾਹੁੰਣਾ ਹੈ
ਅਸੀਂ ਝੁਕ ਜਾਈਏ ਗ਼ੁਲਾਮਾਂ ਵਾਂਗੂੰ
ਤੇ ਕਹੀਏ ਜੀ ਹਜ਼ੂਰ
ਜੋ ਕਦੇ ਹੋ ਨਹੀਂ ਸਕਦਾ।
ਅਸੀਂ ਕੁਦਰਤ ਦੇ ਕਰਿੰਦੇ
‘ਮਜ਼ਦੂਰ-ਕਿਸਾਨ’
ਅਸਾਨੂੰ ਬਖ਼ਸ਼ ਹੈ
ਮਿੱਟੀ ‘ਚੋਂ ਜੀਵਨ ਪੈਦਾ ਕਰਨ ਦੀ
ਅਸਾਂ ਸਬਰ-ਸਬੂਰੀ ਦਾ ਨੇਮ ਕਰਦਿਆਂ
ਮੁੜਕੇ ਸੰਗ ਰੰਗਿਆ ਹੈ
ਧਰਤੀ ਨੂੰ ਰੰਗੀਨੀਆਂ ਵਿੱਚ।
ਅਸਾਨੂੰ ਨਹੀਂ ਆਉਂਦਾ
ਕਿਸੇ ਦੇ ਚਾਵਾਂ ਨੂੰ ਰੌਂਦ ਕੇ
ਪੀਣਾ ਜਾਮ ਤਰੱਕੀਆਂ ਦਾ
ਅਸੀਂ ਸਿੰਜਣਾ ਨਹੀਂ ਚਾਹੁੰਦੇ ‘ਆਪਣਾ-ਆਪ’
ਅਗਲੇਰੀਆਂ ਨਸਲਾਂ ਦੇ ਖੂਨ ਨਾਲ
‘ਅਸੀਂ ਤੇਰੀ ਅੱਖ ਦੇ ਤਾਰੇ ਬਣੀਏ ਤਾਂ ਕਿਉਂ?’
ਅਸਾਥੋਂ ਸਾਡੀ ਨਜ਼ਰ ਕਿਤੇ ਵੱਡੀ ਹੈ
ਅਸੀਂ ਇਸ ‘ਚ ਡਿੱਗਣਾ ਨਹੀਂ ਚਾਹੁੰਦੇ।
ਕਣਕ ਦੇ ਦਾਣੇ ਵਿਚਲੀ ਡੰਡੀ
ਡਾਲਰ ਦੇ ਚਿੰਨ੍ਹ ਦੀ ਡੰਡੀ ਤੋਂ ਕਿਤੇ ਕੀਮਤੀ ਹੈ
ਤੈਥੋਂ ਪੜ੍ਹ ਨਹੀਂ ਹੋਣਾ ਇਹ ਆਰਥਿਕ ਢਾਂਚਾ
ਅਸਾਡੀ ਅਰਥ-ਵਿਵਸਥਾ
‘ਵੰਡ ਛਕੋ’ ਦੇ ਜਜ਼ਬਾਤਾਂ ‘ਚੋਂ ਗੁਜ਼ਰਦੀ
ਕੁਦਰਤ ਦੇ ਮਹਾਨ ਨੇਮਾਂ ਵਿੱਚ
ਸਭ ਤੋਂ ਵਧੇਰੇ ਸ਼ਕਤੀਸ਼ਾਲੀ ਹੈ।
ਆਸ ਜੇਕਰ ਇਉਂ ਹੀ ਰੱਖੀ…
ਵਰਵਰਾ ਰਾਓ ਦੇ ਨਾਂਅ
ਅਸੀਂ ਮਾਰ ਦਿੱਤੇ ਜਾਵਾਂਗੇ
ਜੇ ਬਚਣ-ਬਚਾਉਣ ਖੇਡਦੇ
ਤੇ ਇਉਂ ਹੀ ਲੁਕਦੇ ਰਹੇ
ਸਾਡੇ ਹੀ ਪਿਆਰਾਂ ਨੇ
ਸਾਨੂੰ ਲਤਾੜ ਕੇ ਲੰਘਣਾ ਹੈ
ਸਮੇਂ ਤੋਂ ਵਫ਼ਾ ਦੀ ਆਸ ਜੇਕਰ ਇਉਂ ਹੀ ਰੱਖੀ।
ਕੁੱਬੇ ਨੂੰ ਭਰਮ ਹੈ
ਸੂਰਜ ਨੂੰ ਪਿੱਠ ‘ਤੇ ਢੋਹਣ ਦਾ
ਹਨੇਰਾ ਢਾਹੁੰਦਿਆਂ
ਉਸ ਨਾਲ ਇਹ ਹਾਦਸਾ ਹੋਇਆ ਹੈ ।
ਅੰਨੀ ਅੱਖ
ਹੁਣ ਕਰੇ ਤਾਂ ਸੁਰਮੇ ਦਾ ਕੀ ਕਰੇ!
ਕਵੀ
ਜੇਲ੍ਹ ‘ਚ ਬੈਠਾ ਸੋਚਦਾ ਹੈ
ਸਧਾਰਣ ਹੋਣਾ ਕਿੰਨਾ ਚੰਗਾ ਹੁੰਦਾ ਹੈ
ਤੇ ਸਧਾਰਣਤਾ ‘ਤੇ ਸਹਿਜੇ ਹੀ
ਕਵਿਤਾ ਲਿਖ
ਪਛਤਾਉਣ ਲੱਗਦਾ ਹੈ
ਕਵੀ, ਮੱਛਰ ਤੇ ਸੁੱਤੀ ਰਾਤ
ਖਿਆਲਾਂ ‘ਚ ਬਿੰਬ ਸਿਰਜਣਾ
ਚੇਤਿਆਂ ਤੋਂ ਚੱਕੀਆਂ ਪਿਸਵਾਉਣਾ
ਖ਼ਾਅਬਾਂ ‘ਤੇ ਪਟਿਆਂ ਦਾ ਫਿਰਨਾ
ਆਮ ਬੰਦੇ ਨੂੰ
ਸਧਾਰਣ ਹੀ ਲੱਗਦਾ ਹੈ ।
ਆਖੋ ਇਸ
ਬੇਵਜਾਹ ਵੱਜਦੀ ਆਜ਼ਾਦੀ ਦੀ ਟੱਲੀ ਨੂੰ ਆਖੋ
ਕਿ ਜਵਾਕਾਂ ‘ਚੋਂ
ਤੇਰਾ ਚਾਅ ਮਨਫ਼ੀ ਹੋ ਗਿਆ
ਹੁਣ ਤੂੰ ਸਿਰਫ਼ ਸਿਰ ਦਾ ਖੌ ਹੈ
ਸਿਰ ਦਾ ਖੌ।
ਸਾਡਾ ਅੰਦਰ ਵੀ
ਮਜ਼ਦੂਰੀ ਕਰਦਾ ਕਰਦਾ
ਸਾਡੀ ਮਈਅਤ ਤੋਂ ਕੁਝ ਚਿਰ ਪਹਿਲਾਂ
ਸਾਡੇ ਨਾਲ ਯੁੱਧ ਲੜੇਗਾ
ਅਸੀਂ ਮਰਨ ਵਾਂਗਰ ਮਰ ਵੀ ਨਹੀਂ ਸਕਦੇ
ਕਿਉਂ ਅਸਾਂ ਮਿੱਟੀ ਖਾਧੀ
ਮਿੱਟੀ ਢੋਈ
ਆਨੇ ਮਿੱਟੀਆਂ ਨਾਲ ਪੂੰਝੇ
ਮਿੱਟੀ ‘ਚ ਗੜੁੱਚ
ਮਿੱਟੀ ਹੋ ਵੀ ਨਹੀਂ ਸਕੇ
ਉੱਗਣਾ ਤਾਂ ਸਾਨੂੰ ਆਇਆ ਹੀ ਨਹੀਂ
ਫੁੱਲਾਂ ਦੀ ਨਾਰਾਜ਼ਗੀ ਜਾਇਜ਼ ਹੈ
ਇਹ ਕਿਵੇਂ ਸਾਨੂੰ ਸੱਦਣ
ਬਾਪੂ ਜੀ ਆਖ !
ਤੁਰਨ ਵੇਲੇ ਤੁਰਦਿਆਂ ਤੁਰਦਿਆਂ ਲੱਗਾ
ਖੜ੍ਹੇ ਕਿਉਂ ਹਾਂ !
ਖੜ੍ਹਣ ਵੇਲੇ ਖੜ੍ਹ ਨਹੀਂ ਸਕੇ
ਲੜਣ ਵੇਲੇ ਲੜ ਨਹੀਂ ਸਕੇ
ਅਸੀਂ ਭਗੌੜੇ ਹੁੰਦੇ ਤਾਂ ਕਿੱਦਾ ਹੁੰਦੇ
ਸਾਡੀਆਂ ਹੀ ਲਕੀਰਾਂ ਦੇ ਸੰਗਲਾਂ
ਸਾਨੂੰ ਨੂੜ ਲਿਆ
ਇਹ ਆਵਾਜ਼
ਡਰ ਦੀ ਸਭ ਤੋਂ ਬੁਲੰਦ ਆਵਾਜ਼ ਹੈ
ਕੀਤਾ ਕੀ ਜਾ ਸਕਦਾ ਸੀ
ਚੁੱਪ ਰਹਿ ਕੇ ਚੀਕਣ ਤੋਂ ਬਿਨਾਂ !
ਹੁਣ ਤਾਂ ਇਉਂ ਜਿਹੇ ਲੱਗਦਾ
ਅਸੀਂ ਮਾਰ ਦਿੱਤੇ ਜਾਵਾਂਗੇ
ਜੇ ਬਚਣ-ਬਚਾਉਣ ਖੇਡਦੇ
ਇਉਂ ਹੀ ਲੁਕਦੇ ਰਹੇ
ਸਾਡੇ ਹੀ ਪਿਆਰਾਂ ਨੇ
ਸਾਨੂੰ ਲਤਾੜ ਕੇ ਲੰਘਣਾ ਹੈ
ਸਮੇਂ ਤੋਂ ਵਫ਼ਾ ਦੀ ਆਸ
ਜੇਕਰ ਇਉਂ ਹੀ ਰੱਖੀ।
ਸਾਡਾ ਹੋਣਾ
ਸਾਡਾ ਹੋਣਾ ਸਮੇਂ ਦੀ ਸਭ ਤੋਂ ਵੱਡੀ ਸਾਜਿਸ਼ ਹੈ
ਤੂੰ ਇਨਕਾਰੀ ਹੋਵੇਗਾ ਤਾਂ ਕਿਵੇਂ !
ਤੂੰ ਵਾਅ ਲਗਦੀ ਸਭ ਕਰੇਗਾ
ਪਰ, ਭੁੱਲ ਜਾਵੇਂਗਾ ਇਕ ਗੱਲ
ਕਿ ਸਾਡਾ ਹੋਣਾ
ਸਮੇਂ ਦੀ ਸਭ ਤੋਂ ਵੱਡੀ ਸਾਜਿਸ਼ ਹੈ
ਹਵਾਵਾਂ ਤੁਗਲਕੀ ਫ਼ੁਰਮਾਨਾਂ ਨਾਲ ਨਹੀਂ ਸਹਿਮਦੀਆਂ
ਪਾਣੀਆਂ ਦੇ ਸਿਰ ਸੋਟਿਆਂ ਨਾਲ ਨਹੀਂ ਪਾਟਦੇ
ਖੇਤਾਂ ਨੂੰ ਕਤਲ ਨਹੀਂ ਕੀਤਾ ਜਾ ਸਕਦਾ
ਸਮੇਂ ਨੂੰ ਬੰਨ ਨਹੀਂ ਵੱਜਦੇ।
ਅਸੀਂ ਖੇਤਾਂ ਵਿੱਚ
ਬੱਦਲਾਂ ਦੀ ਛਾਂਵੇ ਭੱਜਦਿਆਂ
ਬਚਪਨ ਦਾ ਫਾਇਦਾ ਚੱਕਿਆ
ਅਸੀਂ ਪੋਂਹਦੀਆਂ ਰਾਤਾਂ ਦਾ
ਨਿੱਘੇ ਹੌਂਸਲਿਆਂ ਨਾਲ ਸਰਦ ਤੋੜਿਆ
ਅਸੀਂ ਮਘਦੇ ਕੋਲਿਆਂ ਨੂੰ ਚੁੰਮਿਆ
ਇਉਂ ਜਵਾਨੀ ਤੋਂ ਸੀਰ ਕਟਾਇਆ
ਸਾਡੇ ਜੁੱਸਿਆਂ ਅੰਦਰ
ਕਿਰਤ ਦਾ ਲਹੂ ਦੌੜਦਾ
ਸਾਡੇ ਦਿਲਾਂ ਨੂੰ
ਗੁਲਾਮੀ ਦੀਆਂ ਲੀਲਾਵਾਂ
ਤੋਂ ਉੱਕਾ ਹੀ ਨਫ਼ਰਤ ਹੈ ।
ਤੂੰ ਸਮਝ ਨਹੀਂ ਸਕਿਆ
ਤੂੰ ਜਾਣ ਵੀ ਨਹੀਂ ਸਕਦਾ
ਪਰ ਪਹਿਚਾਣ ਨਹੀਂ ਭੁੱਲੇਂਗਾ
ਅਸੀਂ ਲੋਹੇ ਦੇ ਖ਼ਿਆਲਾਂ ਵਾਲੇ
ਤੇਰੇ ਸੀਨੇ ਅੰਦਰ ਹਮੇਸ਼ਾਂ ਤੱਕਲੇ ਬਣਕੇ ਚੁੱਭਦੇ ਰਹਾਂਗੇ
ਅਸੀਂ ਤੇਰੇ ਭਗਵੇ ਬਗੀਚੇ ‘ਤੇ
ਹਲ ਫੇਰ ਕੇ
ਏਥੇ ਸਰਬੱਤ ਦੇ ਭਲੇ ਵਾਲੇ ਫੁੱਲਾਂ ਨੂੰ
ਉਗਾਉਣਾ ਹੈ
ਅਸੀਂ ਬਸੰਤ ਨੂੰ
ਬਰਾਬਰਤਾ ਦੀ ਭਾ ਮਾਰਦੇ ਰੰਗਾਂ ਨਾਲ
ਰੰਗੀਨੀਆਂ ਦੇਣੀਆਂ ਹਨ।
ਸਾਡਾ ਆਦਿ-ਅੰਤ
ਨਾ ਹੋਇਆ ਨਾ ਹੀ ਹੋਣਾ
ਅਸੀਂ ਇਉਂ ਹੀ ਵਿਗਸਦੇ ਰਹਿਣਾ
ਪੌਣਾਂ ਦਾ ਤਰਾਨਾ ਹੈ
ਸਾਡਾ ਹੋਣਾ ਸਮੇਂ ਦੀ ਸਭ ਤੋ ਵੱਡੀ ਸਾਜਿਸ਼ ਹੈ

Read more
ਬਲਵਿੰਦਰ ਸੰਧੂ
ਹਰਮੀਤ ਵਿਦਿਆਰਥੀ
ਅਮਰਜੀਤ ਕੌਂਕੇ