January 17, 2025

ਕਵਿਤਾ : ਇਹੇ ਭੇਦਾਂ ਦੀ ਹੈ ਖੇਡ

ਸਾਗਰਪ੍ਰੀਤ

ਇਹੇ ਭੇਦਾਂ ਦੀ ਹੈ ਖੇਡ
ਨਹੀਂ ਤਰਕਾਂ ਦੀ ਗੱਲ,
ਇਹੇ ਅੱਖਾਂ ਅਤੇ ਨਜ਼ਰਾਂ ਦੇ
ਫ਼ਰਕਾਂ ਦੀ ਗੱਲ,ਉਹੀ ਕਾਸਿਆਂ ‘ਚ
ਡਿੱਗਦਾ ਹੈ ਭਾਨ ਬਣਕੇ,
ਉਹੀ ਤਖ਼ਤਾ ਤੇ
ਬਹਿੰਦਾ ਸੁਲਤਾਨ ਬਣਕੇ,

ਉਹੀ ਮੱਖੀਆਂ ਦੇ
ਗੂੰਜਦੇ ਹੋਏ ਗੌਣ ਬਣਦਾ,
ਉਹੀ ਮਿੱਟੀ ਵਿੱਚ
ਕੀੜੀਆਂ ਦੇ ਭੌਣ ਬਣਦਾ,

ਉਹੀ ਅੰਬਰਾਂ ਦੇ
ਕਾਸ਼ਨੀ ਜਿਹੇ ਰੰਗ ਬਣਦਾ,
ਉਹੀ ਕਣੀਆਂ ਦੀ
ਸੱਤ ਰੰਗੀ ਵੰਗ ਬਣਦਾ,

ਇਹ ਜੋ ਫੁੱਲਾਂ ‘ਚ
ਸਮਾਏ ਹੋਏ ਅਰਕਾਂ ਦੀ ਗੱਲ,
ਇਹੇ ਅੱਖਾਂ ਅਤੇ ਨਜ਼ਰਾਂ ਦੇ
ਫ਼ਰਕਾਂ ਦੀ ਗੱਲ,

ਉਹੀ ਫੁੱਲ ਬਣਦਾ ਤੇ ਉਹੀ ਬੂਰ ਬਣਦਾ,
ਉਹੀ ਫਿਰ ਭੌਰਿਆਂ ਦੇ ਪੂਰ ਬਣਦਾ,

ਨਿੱਕੇ-ਨਿੱਕੇ ਦਾਣਿਆਂ ‘ਚ ਵਾਸਾ ਓਸਦਾ,
ਰੱਤੀ ਉਸਦੀ ਦੀ ਤੇ ਤੋਲਾ ਮਾਸਾ ਓਸਦਾ,
ਉਹੀ ਕੂੰਜਾਂ ਲੰਬੇ ਸਫ਼ਰਾਂ ਤੇ ਘੱਲਦਾ ,
ਉਹੀ ਆਪੇ ਭੁੱਖਾਂ ਤੇਹਾਂ ਵਿੱਚ ਪਲਦਾ,

ਇਹ ਜੋ ਖੰਭਾਂ ਨੂੰ ਖਿਲਾਰ ਕੀਤੀ
ਮੜਕਾਂ ਦੀ ਗੱਲ
ਏਹੇ ਅੱਖਾਂ ਅਤੇ ਨਜ਼ਰਾਂ ਦੇ
ਫ਼ਰਕਾਂ ਦੀ ਗੱਲ,

ਉਹੀ ਤਪ ਕਰਦਾ ਤੇ
ਆਪੇ ਭੋਰਾ ਬਣਦਾ ,
ਉਹੀ ਤੇਗ਼ ਚੱਕਦਾ ਤੇ
ਆਪੇ ਘੋੜਾ ਬਣਦਾ,

ਉਹੀ ਚਿੜੀ ਬਣਦਾ ਤੇ
ਓਹੀ ਬਾਜ ਬਣਦਾ,
ਉਹੀ ਨਾਨਕ ਦੇ ਨਾਮ ਦਾ
ਜਹਾਜ਼ ਬਣਦਾ,

ਉਹੀ ਜਗਦੀ ਕੋਈ
ਜੋਤ ਇਲਾਹੀ ਬਣਦਾ,
ਉਹੀ ਸੰਤ ਤੇ ਉਹੀ ਹੈ
ਸਿਪਾਹੀ ਬਣਦਾ,

ਇਹੇ ਵਰਕੇ ਜੋ ਰੋੜ੍ਹ ਲੈਗੀ
ਸਰਸਾ ਦੀ ਗੱਲ,
ਇਹੇ ਅੱਖਾਂ ਅਤੇ ਨਜ਼ਰਾਂ ਦੇ
ਫ਼ਰਕਾਂ ਦੀ ਗੱਲ