ਜਗਜੀਤ ਸੰਧੂ
ਰੱਬ ਨਾ ਕਰੇ ਜੇ ਆਜੇ
ਖੋਟ ਦਿਲ ਵਿਚ ਬੰਦੇ ਦੇ
ਫਿਰ ਸੋਂਹਾ ਕਸਮਾਂ ਵਾਅਦੇ
ਲਾਰੇ ਇਕੋ ਹੁੰਦੇ ਨੇ
ਬੁੱਤ ‘ਚੋਂ ਨਿਕਲੇ ਰੂਹ
ਹਨੇਰਾ ਖੁੱਲ੍ਹੀਆਂ ਅੱਖਾਂ ‘ਚ
ਫਿਰ ਅੰਬਰ ਸੂਰਜ ਚੰਨ ‘ਤੇ
ਤਾਰੇ ਇਕੋ ਹੁੰਦੇ ਨੇ
ਸ਼ਤਰੰਜ ਦੇ ਮੋਹਰੇ ਡੱਬੇ ‘ਚ
ਜਦ ਬੰਦ ਹੋ ਜਾਂਦੇ ਨੇ
ਫਿਰ ਪਿਆਦੇ ਰਾਜੇ
ਜਿੱਤੇ ਹਾਰੇ ਇਕੋ ਹੁੰਦੇ ਨੇ
ਸੱਜਣਾਂ ਦੇ ਤੁਰ ਜਾਣ ਤੋਂ ਬਾਅਦ
ਦਿੱਤੇ ਤੋਹਫੇ ਵੀ
ਫਿਰ ਰੱਖੇ ਸੁੱਟੇ ਸਾਂਭੇ ਖਿਲਾਰੇ
ਇਕੋ ਹੁੰਦੇ ਨੇ
ਛੱਡ ਜਾਂਦੇ ਜਦ ਰਾਜੇ
ਜੂਹਾ ਆਪਣੇ ਮਹਿਲ ਦੀਆਂ
ਫਿਰ ਬਲਖ ਬੁਖਾਰੇ ਕੱਚੇ ਢਾਰੇ
ਇਕੋ ਈ ਹੁੰਦੇ ਨੇ
ਚੁੱਕਣੀ ਪੈ ਜੇ ਲਾਸ਼ ਪੁੱਤ ਦੀ
ਪਿਓ ਨੂੰ ਮੋਢਿਆਂ ‘ਤੇ
ਫੁੱਲ ਅਰਥੀ ਵਾਲੇ
ਹੋਲੇ ਭਾਰੇ ਇਕੋ ਹੁੰਦੇ ਨੇ
ਪੀ ਕੇ ਦਾਰੂ ਰੈਲੀਆਂ ਦੇ ਵਿੱਚ
ਜੋਸ਼ ਦਿਖਾਉਂਦੇ ਨੇ
ਫਿਰ ਮੁਰਦਾ ਜਿੰਦਾਬਾਦ ਦੇ ਨਾਅਰੇ
ਇਕੋ ਹੁੰਦੇ ਨੇ
ਜਿਉਣ ਲਈ ਤੇ ਮਰਨ ਲਈ
ਦੋ ਬੂੰਦਾਂ ਕਾਫੀ ਆ
ਫਿਰ ਪਾਣੀ ਅੰਮ੍ਰਿਤ ਜ਼ਹਿਰ ਤੇ ਪਾਰੇ
ਇਕੋ ਹੁੰਦੇ ਨੇ
ਵੇਖਣ ਨੂੰ ਇਹ ਜਾਪਣ
ਭਾਵੇਂ ਵੱਖਰੇ ਵੱਖਰੇ ਜੇ
ਆਸ਼ਕ, ਸ਼ਾਇਰ ਤੇ ਪਾਗਲ
ਸਾਰੇ ਇਕੋ ਹੁੰਦੇ ਨੇ
Read more
ਲਵਪ੍ਰੀਤ
ਰਾਣੀ ਸ਼ਰਮਾ
ਜੋਬਨਰੂਪ ਛੀਨਾ