ਜਦ ਪ੍ਰਭਾਤ ਨੇ ਖੰਭ ਆਪਣੇ ਅਸਮਾਨੀ ਫੈਲਾਏ,
ਸੁਣਿਆਂ ਮੈਂ ਕਿ ਮੈਖਾਨੇ ‘ਚੋਂ ਇਕ ਆਵਾਜ਼ ਪਈ ਆਏ,
”ਜਾਗੋ ਮੇਰੇ ਜੀਣ ਜੋਗਿਓ, ਭਰੋ ਆਪਣੇ ਪਿਆਲੇ,
ਜੀਵਨ ਲਘੂ-ਪਿਆਲੀ ਦੀ ਮਤ ਮਦਰਾ ਮੁੱਕ ਜਾਏ।
J J J J
ਭੋਜ ਵੀ ਹੋਵੇ, ਕਾਵਿ ਵੀ ਹੋਵੇ, ਨਾਲ ਹੋਏ ਪੈਮਾਨਾ,
ਪਹਿਲੂ ਮੇਰੇ ਵਿਚ ਤੂੰ ਹੋਵੇਂ ਛੇੜੇਂ ਮਧੁਰ ਤਰਾਨਾ,
ਫੇਰ ਅਸੀਂ ਜਿਹੜੇ ਵੀਰੇਨੇ, ਜਿਸ ਉਜਾੜ ਵੀ ਹੋਈਏ,
ਉਹੀ ਉਜਾੜ ਬਹਿਸ਼ਤ ਬਣੇ, ਫਿਰਦੌਸ ਉਹੀ ਵੀਰਾਨਾ।
J J J J
ਇਕਨਾਂ ਰੱਖੇ ਪਾਇ ਭੜੋਲੇ ਕੰਚਨ-ਵੰਨੇ ਦਾਣੇ,
ਇਕਨਾਂ ਬੁੱਕਾਂ ਭਰ ਦੋਹੱਥੀਂ ਡੋਲ੍ਹੇ ਵਿਚ ਜ਼ਮਾਨੇ,
ਜਦੋਂ ਕਿਆਮਤ ਨੇ ਕਬਰਾਂ ‘ਚੋਂ ਮੁਰਦੇ ਆਣ ਉਖੇੜੇ,
ਦੋਵੇਂ ਨਹੀਂ ਮੋਈ ਮਿੱਟੀ ਤੋਂ ਸੋਨੇ ਦੇ ਬਣ ਜਾਣੇ।
ਜਿਨ ਮਹਿਬੂਬਾਂ ਕਦੇ ਅਸਾਡੇ ਰੱਜਵੇਂ ਪਿਆਰ ਸਮਾਲੇ,
ਕਿਸਮਤ ਦੇ ਮੈਖ਼ਾਨੇ ਵਿਚੋਂ ਉਹ ਵੀ ਗਏ ਉਠਾਲੇ।
ਉੱਠ ਗਈ ਮਹਿਫ਼ਲ, ਲੱਦ ਗਏ ਸਾਕੀ, ਤੇ ਫਿਰ ਵਾਰੋ ਵਾਰੀ,
ਨੀਂਦ ਸਦੀਵੀ ਦੀ ਬੁੱਕਲ ਵਿਚ ਸੌਂ ਗਏ ਸਭ ਮਤਵਾਲੇ।
ਖਰਚ ਲਈਏ, ਖਰਚਾ ਲਈਏ, ਜੋ ਵੀ ਹੈ ਪੱਲੇ ਬਾਕੀ,
ਇਸ ਤੋਂ ਪਹਿਲਾਂ ਕਿ ਧਰਤੀ ਤੇ ਜਾਵੇ ਜਿੰਦ ਪਟਾਕੀ।
ਮਿੱਟੀ ਮਿੱਟੀ ਵਿਚ ਰਲ ਜਾਸੀ ਤੇ ਫਿਰ ਖਾਕੂ ਹੇਠਾਂ
ਪਏ ਰਹਾਂਗੇ ਬਿਨ ਪੈਮਾਨੇ, ਬਿਨ ਮਦਰਾ, ਬਿਨ ਸਾਕੀ।
ਆ ਖੱਯਾਮ ਦੇ ਨਾਲ ਭੁਲਾ ਦਾਨਿਸ਼ਮੰਦਾਂ ਦੇ ਦਾਅਵੇ।
ਇਹ ਪੱਥਰ ਤੇ ਲੀਕ ਵੇ ਬੀਬਾ, ਜੀਵਨ ਉੱਡਦਾ ਜਾਵੇ।
ਇੱਕੋ ਸੱਚ ਸਦੀਵ ਤੇ ਬਾਕੀ ਸਗਲਾ ਕੂੜ ਕਬਾੜਾ,
ਜਿਹੜਾ ਵੀ ਫੁੱਲ ਅੱਜ ਖਿੜੇ, ਕੱਲ੍ਹ ਤੱਕ ਮੁਰਝਾ ਵੀ ਜਾਵੇ।
Read more
ਬਾਬਾ ਬੁੱਲ੍ਹੇ ਸ਼ਾਹ : ਪੰਜਾਬੀ ਦੀ ਰਹੱਸਮਈ ਸੂਫ਼ੀ ਆਵਾਜ਼
ਸੂਫ਼ੀ ਕਾਵਿ : ਹਾਫ਼ਿਜ਼ ਸ਼ਿਰਾਜ਼ੀ
ਉਰਦੂ ਸ਼ਾਇਰੀ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਦਾ ਜ਼ਿਕਰ