ਅਮਰਜੀਤ ਕੌਰ ਅਮਰ

ਗ਼ਜ਼ਲ

ਕਹਿ ਕੇ ਦਰਦ ਕਹਾਣੀ ਉਹ ਤਾਂ ਦਿਲ ਤੋਂ ਭਾਰ ਉਤਾਰ ਗਿਆ।
ਉਸਦਾ ਹੱਸ -ਹੱਸ ਦੁਖੜਾ ਦੱਸਣਾ ਦਿਲ ‘ਤੇ ਕਹਿਰ ਗੁਜ਼ਾਰ ਗਿਆ।

ਧਰਤ  ਨਸ਼ੀਲੀ, ਜ਼ਹਿਰੀ  ਮੌਸਮ, ਰੁੱਤਾਂ  ਟੂਣੇ ਹਾਰੀਆਂ।
ਸਾਫ਼ ਹਵਾ ਤੇ ਪਾਣੀ ਅੰਮ੍ਰਿਤ ਕਿੱਥੇ ਉਹ ਗੁਲਜ਼ਾਰ ਗਿਆ।

ਇਸ ਦੇ ਸਿਰ ਤੇ ਮਹਿਲ- ਮੁਨਾਰੇ, ਝੂਠ ਵਿਕੇ ਹਰ ਥਾਂ ਸੱਜਣਾ,
ਸੱਚੇ ਸੌਦੇ  ਵਾਲਾ ਦੱਸ ਹੁਣ  ਕਿੱਥੇ ਵਣਜ ਵਪਾਰ ਗਿਆ।

ਰੋਂਦੀ ਫਿਰਦੀ  ਖਲਕਤ ਸਾਰੀ, ਫ਼ਸਲ ਪਿਆਰ ਦੀ ਉਜੱੜੀ ਹੈ,
ਦਿਲ ਦੀ ਧਰਤੀ ਜਾਪੇ ਕੋਈ ਜ਼ਹਿਰੀ ਬੀਜ ਖਿਲਾਰ ਗਿਆ।

ਬੇਰੁਜ਼ਗਾਰੀ ਦੇਸ਼ ਨਿਕਾਲਾ ਦਿੱਤਾ  ਆਖਿਰ ਹਰ  ਇੱਕ ਨੂੰ,
ਕਦ ਉਹ ਆਪਣੇ ਦੇਸ਼ ਮੁੜੇਗਾ ਜੋ ਹੈ ਵਤਨੋਂ ਪਾਰ ਗਿਆ।

ਆਪਣੇ ਹੀ ਘਰ ਅੰਦਰ ਅੱਜਕਲ੍ਹ ਕੋਈ ਵੀ ਮਹਿਫ਼ੂਜ਼ ਨਹੀਂ,
ਹੁਣ ਤਾਂ ਹਾਲਤ ਐਸੀ ਹੋ ਗਈ ਸਭ ਉਤੋਂ ਤੋਂ ਇਤਬਾਰ ਗਿਆ।

ਨਾ ਜੀਣੇ  ਦਾ ਰਾਹ  ਲੱਭੇ ਨਾ  ਮਰਨੇ ਦਾ  ਹੀ ਵੱਲ੍ਹ ਆਵੇ,
ਬਣ ਕੇ ਜਦ ਅਣਜਾਣ ਜਿਹਾ ਉਹ ਦਿਲ ਤੋਂ ‘ਅਮਰ’ ਵਿਸਾਰ ਗਿਆ।