February 6, 2025

ਅਜੈ ਤਨਵੀਰ

ਗ਼ਜ਼ਲ

ਕੌਣ ਹਨ ਇਹ ਲੋਕ ਜੋ ਨਵੀਆਂ ਹੀ ਪਿਰਤਾਂ ਪਾ ਰਹੇ।
ਮੋਢਿਆਂ ‘ਤੇ ਧਰ ਸਲੀਬਾਂ ਮਕਤਲਾਂ ਵੱਲ ਜਾ ਰਹੇ।

ਹੇ, ਖੁਦਾ ਦਿਸਦਾ ਰਹੇ ਮੰਜ਼ਰ ਇਹ ਮੈਨੂੰ ਉਮਰ ਭਰ,
ਬਿਰਖ ਪਤਝੜ ਵਿੱਚ ਵੀ ਨਗ਼ਮੇ ਖੁਸ਼ੀ ਦੇ ਗਾ ਰਹੇ।

ਮੁਲਕ ਸਾਡਾ ਦੇਖ ਲੈ ਕਿੰਨੀ ਤਰੱਕੀ ਕਰ ਗਿਆ,
ਲੋਕ ਬੂਟਾਂ ਦੀ ਜਗ੍ਹਾ ਚਪਲਾਂ ‘ਚ ਤਸਮੇ ਪਾ ਰਹੇ।

ਰਾਤ ਪੈਂਦੇ ਸਾਰ ਹੀ ਸਾਡੀ ਚੁਰਾਉਂਦੇ ਰੌਸ਼ਨੀ,
ਜੁਗਨੂੰਆਂ ਤੇ ਬਲਬ ਇਹ ਇਲਜ਼ਾਮ ਕੈਸਾ ਲਾ ਰਹੇ।

ਹੈ ਇਨ੍ਹਾਂ ਦੇ ਨਾਲ ਮੇਰੀ ਸਾਂਝ ਤਾਂ ਕੋਈ ਜ਼ਰੂਰ,
ਇਸ ਤਰਾਂ ਦੇ ਦੌਰ ਵਿੱਚ ਮੈਨੂੰ ਮਿਲਣ ਜੋ ਆ ਰਹੇ।

ਉਹ ਕਿਵੇਂ ਕਵਿਤਾ ‘ਚ ਕਰਦੇ ਗੱਲ ਰਿਸ਼ੀ ਸ਼ੰਭੂਕ ਦੀ,
ਜੋ ਦੁਸ਼ਾਲੇ ਲੈਣ ਲਈ ਹਾਕਮ ਦੇ ਸੋਹਿਲੇ ਗਾ ਰਹੇ।