ਗ਼ਜ਼ਲ
ਹੋਰਾਂ ਵਾਂਗੂੰ ਨ੍ਹੇਰਾ ਢੋਂਦੇ, ਰਾਤ-ਬਰਾਤੇ ਜੀ ਲੈਣਾ ਸੀ।
ਦਿਲ ਨੂੰ ਜੇਕਰ ਅੱਗ ਨ ਲੱਗਦੀ, ਮੈਂ ਚਾਨਣ ਤੋਂ ਕੀ ਲੈਣਾ ਸੀ।
ਘਰ ਦੇ ਘੜਿਆਂ ਅੰਦਰ ਪੈ ਕੇ, ਸਿਆਣਾ ਪਾਣੀ ਸੋਚੇ ਅਕਸਰ,
ਮੈਨੂੰ ਨਦੀਏਂ ਵਗਦੇ ਨੂੰ ਵੀ, ਰੇਤਾ ਨੇ ਹੀ ਪੀ ਲੈਣਾ ਸੀ।
ਅੰਨ੍ਹੀ ਭੀੜ ‘ਚ ਅੱਖਾਂ ਵਾਲੇ, ਤੁਰਦੇ ਵੀ ਤਾਂ ਕਿੱਥੇ ਤੁਰਦੇ,
ਖੜ੍ਹ ਕੇ ਸਭ ਨੂੰ ਰਾਹ ਦੇਣਾ ਸੀ, ਬਚ ਕੇ ਰਸਤਾ ਵੀ ਲੈਣਾ ਸੀ।
ਤਲਵਾਰਾਂ ਨੂੰ ਕਲਮ ਬਣਾ ਕੇ, ਜੋ ਚਾਹੁੰਦੇ ਜਿਸ ਥਾਂ ਲਿਖਦੇ ਸਨ,
ਛਲਕਦੀਆਂ ਅੱਖਾਂ ਵਿਚ ਲਿਖਿਆ, ਪੜ੍ਹ ਕੇ ਉਨ੍ਹਾਂ ਕੀ ਲੈਣਾ ਸੀ।
ਮੇਰੀ ਖਾਤਰ ਰੇਤ, ਰੁਪਈਏ, ਪੱਥਰ, ਚੀਜ਼ਾਂ, ਢੇਰ ਬੜੇ ਸਨ,
ਪਰ ਮੈਂ ਥੋੜ੍ਹੀ ਛਾਂ ਲੱਭਦਾ ਸਾਂ, ਚੂਲੀ ਪਾਣੀ ਹੀ ਲੈਣਾ ਸੀ।
ਜੇ ਰੂਹ ਦੇ ਲੰਗਾਰ ਨ ਲਹਿੰਦੇ, ਚੁਪ ਹੀ ਰਹਿੰਦੇ, ਕੁਝ ਨਾ ਕਹਿੰਦੇ,
ਜੇ ‘ਕੱਲਾ ਦਾਮਨ ਹੀ ਫਟਦਾ, ਅੰਦਰ ਵੜ ਕੇ ਸੀ ਲੈਣਾ ਸੀ।
Read more
ਦਾਦਰ ਪੰਡੋਰਵੀ
ਸੁਰਿੰਦਰ ਸੀਰਤ
ਅਮਰਿੰਦਰ ਸੋਹਲ