November 8, 2024

ਭੁਪਿੰਦਰ ਦੂਲੇ

ਭੁਪਿੰਦਰ ਦੂਲੇ ਉੱਘੇ ਗ਼ਜ਼ਲਗੋ ਰਣਧੀਰ ਸਿੰਘ ਚੰਦ ਦੇ ਸਪੁੱਤਰ ਹਨ। ਇੱਥੇ ਇਹ ਵਰਨਣਯੋਗ ਹੈ ਕਿ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ‘ਪੰਜਾਬੀ ਨਕਸ਼’ ਵਿਚ ਬਾਪ ਅਤੇ ਬੇਟੇ ਦੋਵਾਂ ਇਕੱਠਿਆਂ ਦੀ ਗ਼ਜ਼ਲ ਪੜ੍ਹਨ ਨੂੰ ਮਿਲੇਗੀ।

ਗ਼ਜ਼ਲ

ਧੁਨਾਂ, ਸ਼ਬਦਾਂ, ਸੁਰਾਂ ਨੂੰ ਪਹਿਨ ਕੇ ਸੁਰਜੀਤ ਹੋ ਜਾਣਾ।
ਕਿਸੇ ਵਿਰਲੇ ਦੇ ਕਰਮਾਂ ਵਿਚ ਹੈ ਸੰਗੀਤ ਹੋ ਜਾਣਾ।

ਹਵਾ ਦੀ, ਰੰਗ ਦੀ, ਖ਼ੁਸ਼ਬੂ ਦੀ, ਦਿਲ ਦੀ ਛੇੜ ਝਰਨਾਹਟ,
ਤੇ ਮੋਹ ਦੀ ਚਾਸ਼ਣੀ ਭਰ ਜ਼ਿੰਦਗੀ ਦਾ ਗੀਤ ਹੋ ਜਾਣਾ।

ਇਲਾਹੀ ਇਲਮ ਬਣਨਾ, ਨੂਰ ਦੀ ਇਕ ਨਹਿਰ ਹੋ ਵਗਣਾ,
ਹਵਾ ਵਾਂਗਰ ਚੁਫੇਰੇ ਹੋ ਕੇ ਬੇਪਰਤੀਤ ਹੋ ਜਾਣਾ।

ਤੇਰੇ ਸੀਨੇ ‘ਚੋਂ ਝਰਨਾ ਸਰਗਮਾਂ ਦਾ ਫੁੱਟਣਾ ਹਰਦਮ,
ਕਿਵੇਂ ਤੂੰ ਸਹਿ ਲਵੇਂਗਾ ਬੁੱਲ੍ਹੀਆਂ ਦਾ ਸੀਤ ਹੋ ਜਾਣਾ।

ਤੂੰ ਅੰਬਰ, ਧਰਤ ਹਾਂ ਮੈਂ, ਇਸ ‘ਚ ਹੈ ਆਪਣਾ ਵੀ ਕੁਝ ਹਿੱਸਾ,
ਕਿ ਧੁੱਪ ਦਾ ਚਾਨਣੀ ਵਿਚ ਬਦਲਣਾ ਤੇ ਸੀਤ ਹੋ ਜਾਣਾ।

ਅਜੇ ਵੀ ਸਾਂਭਿਆ ਦਿਲ ਦੀ ਕਿਸੇ ਨੁੱਕਰੇ ਪਿਐ ਉਹ ਪਲ,
ਅਚਾਨਕ ਵੇਖ ਕੇ ਮੈਨੂੰ ਤੇਰਾ ਭੈਭੀਤ ਹੋ ਜਾਣਾ।