January 17, 2025

ਪਰਮਜੀਤ ਰਾਮਗੜ੍ਹੀਆ

ਪੁੱਤ ਚੜ੍ਹੇ  ਜਹਾਜ਼ੀਂ, ਬਾਪੂ ਖੇਤੀ ਕਰਦਾ….

ਸੁਣੋ ਇੱਕ ਵਾਰਤਾ, ਵਿੱਚ ਕੋਰੜੇ ਛੰਦ।
ਕ੍ਰਿਤੀ ਪੰਜ ਆਬ ਦਾ, ਕਰਜ਼ੇ ਵਿੱਚ ਬੰਦ।
ਸੱਪਾਂ ਦੇ ਸਿਰ ਚੜ੍ਹ, ਜਾਨ ਤਲੀ ਧਰਦਾ।
ਪੁੱਤ ਚੜ੍ਹੇ ਜਹਾਜ਼ੀਂ, ਬਾਪੂ ਖੇਤੀ ਕਰਦਾ।

ਹਾੜੀ ਸੌਣੀ ਬੀਜਕੇ, ਬਚਦਾ ਨਹੀਂ ਧੇਲਾ।
ਮੰਡੀ ਦਾਣੇ ਰੁੜ੍ਹਗੇ, ਸਾਡਾ ਕਾਹਦਾ ਮੇਲਾ।
ਮੂਲ ਸੂਦ ਜੋੜਕੇ, ਸੇਠ ਵਹੀ ਭਰਦਾ।
ਪੁੱਤ ਚੜ੍ਹੇ ਜਹਾਜ਼ੀਂ, ਬਾਪੂ ਖੇਤੀ ਕਰਦਾ।

ਚੜ੍ਹੇ ਚੇਤ ਬੀਜ ਤਾ, ਇਸ ਵਾਰ ਕਮਾਦ।
ਸੀ.ਓ.ਜੇ. ਪਚਾਸੀ ਨੂੰ, ਪਾਈ ਪੂਰੀ ਸੀ ਖਾਦ।
ਬੈਗਾਲੋਨੀ ਘੋਲ ਵੀ, ਗੁੱਲੀਆਂ ‘ਤੇ ਤਰਦਾ।
ਪੁੱਤ ਚੜ੍ਹੇ ਜਹਾਜ਼ੀਂ, ਬਾਪੂ ਖੇਤੀ ਕਰਦਾ।

ਰੈੱਡ ਟਾਟ, ਸੋਕੜਾ, ਤੇ ਤੀਜੀ ਕਾਂਗਿਆਰੀ।
ਕਹਿੰਦੇ ਇਹ ਭੈੜੀ, ਇੱਕ ਖਾਸ ਬਿਮਾਰੀ।
ਚੌਥਾ ਰੱਬੀਂ ਮਾਰ ਤੋਂ, ਕਿਸਾਨ ਹੈ ਡਰਦਾ।
ਪੁੱਤ ਚੜ੍ਹੇ ਜਹਾਜ਼ੀਂ, ਬਾਪੂ ਖੇਤੀ ਕਰਦਾ।

ਮੌਢੇ ਮੌਢੇ ਹੋ ਗਿਆ, ਮਾਖਿਓ ਮਿੱਠਾ ਗੰਨਾ।
ਗੋਡੇ ਉੱਤੇ ਮਾਰ ਕੇ, ਕਿੰਝ ਆਗ ਨੂੰ ਭੰਨਾ।
ਕੜਾਹੇ ਰੌ ਕਾੜ੍ਹ ਕੇ, ਗੁੜ ਖਾਵੇ ਘਰਦਾ।
ਪੁੱਤ ਚੜ੍ਹੇ ਜਹਾਜ਼ੀਂ, ਬਾਪੂ ਖੇਤੀ ਕਰਦਾ।

ਉਮਰ ਠਾਟੋਂ ਲੰਘੀਂ, ਨਾ ਹੁਣ ਹੁੰਦੇ ਧੰਦੇ।
ਸ਼ਹਿਰੋਂ ਲੈ ਆਇਆ, ਕੰਮ ਨੂੰ ਕਾਮੇ ਬੰਦੇ।
ਜੀਵਨ ਸਾਥੀ ਬਾਝੋਂ, ਜਾਵੇ ਬੰਦਾ ਹਰਦਾ।
ਪੁੱਤ ਚੜ੍ਹੇ ਜਹਾਜ਼ੀਂ, ਬਾਪੂ ਖੇਤੀ ਕਰਦਾ।

ਰਾਮੂੰ ਸ਼ਾਮੂੰ ਕ੍ਰਿਸ਼ਨਾ, ਭਰਦੇ ਸੀ ਭਰੀਆਂ।
ਤਾਰੇ ਦਾਤਰ ਨਾਲ਼, ਕਿੰਝ ਪਾਂਤਾਂ ਕਰੀਆਂ।
ਚਿਣ ਗੰਨਾ ਚੰਦਾ ਵੀ, ਟਰਾਲੀ ਨੂੰ ਭਰਦਾ।
ਪੁੱਤ ਚੜ੍ਹੇ ਜਹਾਜ਼ੀਂ, ਬਾਪੂ ਖੇਤੀ ਕਰਦਾ।

ਪਰਮ ਫੋਟੋ ਤੱਕ ਕੇ, ਲਿਖ ਦਿੱਤੀ ਕਹਾਣੀ।
ਸਮਾਂ ਖੁੰਝੇ ਜੇ ਮਾੜਾ, ਲੰਘੇ ਸਿਰ ਤੋਂ ਪਾਣੀ।
ਲੇਖਕਾਂ ਦੇ ਘੋਲ ਨੂੰ, ਮੈਂ ਸਜਦਾ ਕਰਦਾ।
ਪੁੱਤ ਚੜ੍ਹੇ ਜਹਾਜ਼ੀਂ, ਬਾਪੂ ਖੇਤੀ ਕਰਦਾ।