January 17, 2025

ਮਦਨ ਬੰਗਾ

ਗ਼ਜ਼ਲ

ਜਜ਼ਬਾਤ ਜਦ ਮੈਂ ਵਰਕਿਆਂ ਅੰਦਰ ਸਮੇਟਦਾਂ।
ਇਉਂ ਜਾਪਦੈ ਜਿਉ ਅੱਗ ਦੀਆਂ ਲਪਟਾਂ ਲਪੇਟਦਾਂ।

ਤੈਨੂੰ ਪਤਾ ਕੀ ਖ਼ੁਦ ਨੂੰ ਮਿਟਾਉਂਦਾ ਹਾਂ ਕਿੰਨੀ ਵੇਰ,
ਮੈਂ ਵਾਹ ਕੇ ਤੇਰਾ ਨਾਮ ਜਦ ਰੇਤਾ ‘ਤੇ ਮੇਟਦਾਂ।

ਤੇਰੇ ਬਗ਼ੈਰ ਬੈਠਦਾਂ ਕੰਡਿਆਂ ਦੇ ਪੀੜ੍ਹੇ ‘ਤੇ
ਤੇਰੇ ਬਗ਼ੈਰ ਕੱਚ ਦੇ ਬਿਸਤਰ ‘ਤੇ ਲੇਟਦਾਂ।

ਅਰਮਾਨ ਦੀ ਗੁੱਡੀ ਤਾਂ ਕੱਟ ਗਈ ਹੈ ਕਦੋਂ ਦੀ,
ਹੁਣ ਕੱਚੀਆਂ ਸਾਹਾਂ ਦੀਆਂ ਡੋਰਾਂ ਵਲ੍ਹੇਟਦਾਂ।