November 2, 2024

ਅਕਰਮ ਰਹਿਮਾਨ

ਗ਼ਜ਼ਲ

ਜੀਂਦੇ ਜੀ ਨਈਂ ਮੰਨਦੇ ਲੋਕੀ ਮੁਨਕਰ ਨੇ ਕਿਰਦਾਰਾਂ ਦੇ।
ਮੋਇਆਂ ਬਾਅਦ ਮੁਜੱਸਮੇ ਲੱਗਦੇ ਸਾਡੇ ਜਏ ਫ਼ਨਕਾਰਾਂ ਦੇ।

ਸੋਚ ਸਮਝ ਕੇ ਕਰੀਂ ਇਸ਼ਾਰਾ ਚਾਰ-ਚੁਫ਼ੇਰੇ ਅੱਖਾਂ ਨੇ,
ਪਹਿਲੇ ‘ਕੱਲ੍ਹੇ ਕੰਨ ਹੁੰਦੇ ਸੀ ਸ਼ਹਿਰ ਦੀਆਂ ਦੀਵਾਰਾਂ ਦੇ।

ਪੀਰ ਫ਼ਕੀਰ ਨੂੰ ਕੱਢ ਕੇ ਤੇਰਾ ਸਾਰਾ ਸ਼ਹਿਰ ਮੁਨਾਫ਼ਿਕ ਏ,
ਤੁੰਮੇ ਵਰਗੀ ਫ਼ਿਤਰਤ ਵਾਲੇ ਮਿੱਠੇ ਨੇ ਗੁਫ਼ਤਾਰਾਂ ਦੇ।

ਕੋਈ ਡਰਦਾ ਗੱਲ ਨਈਂ ਕਰਦਾ ਸਭ ਨੂੰ ਜਾਨ  ਪਿਆਰੀ ਏ,
ਰਾਤੀਂ ਜਿਹੜੇ ਚੋਰ ਫੜੀਚੇ  ਬੰਦੇ ਨੇ ਸਰਦਾਰਾਂ ਦੇ।

ਮੁੱਲਾਂ, ਪੰਡਤ, ਫ਼ਾਦਰ ਸਾਰੇ ਅੰਦਰ ਵੜ ਕੇ ਬਹਿ ਗਏ ਨੇ,
ਠੇਕੇ ਜੂ ਮਨਸੂਖ ਨੇ ਅੱਜ-ਕੱਲ੍ਹ ਮਜ਼੍ਹਬੀ  ਠੇਕੇਦਾਰਾਂ ਦੇ।