January 19, 2026

ਨਵਰੂਪ ਕੌਰ

ਅਣਕਿਹਾ

ਕੋਰੇ ਵਰਕੇ ‘ਤੇ
ਲਿਖ ਆਪਣਾ ਨਾਮ
ਖ਼ੁਸ਼ਖ਼ਤ ਕਰਕੇ
ਵੇਲ ਬੂਟੀਆਂ ਵੀ ਪਾ ਦੇ
ਚਾਰ ਚੁਫ਼ੇਰ
ਸੁਰੱਖਿਆ ਜ਼ਰੂਰੀ ਹੈ।
ਬਦ ਨਜ਼ਰਾਂ ਤੋਂ।
ਚਸ਼ਮ ਏ ਬਦ ਦੂਰ।

ਸਿਰਫ਼ ਮੈਂ ਹੀ ਪੜ੍ਹ ਸਕਾਂ
ਤੇਰੀ ਲਿਖੀ ਅਣਲਿਖੀ ਇਬਾਰਤ
ਸ਼ਬਦਾਂ ਵਿਚਕਾਰਲੀ
ਖ਼ਾਲੀ ਥਾਂ ਜਿਹਾ
ਸੱਖਣਾਪਨ ਵੀ ਨਾਲ ਨਾਲ।

ਮਹਿਕਦੇ ਹਰਫ਼ਾਂ ਵਿੱਚ
ਪਿਘਲਿਆ ਤਨ ਬਦਨ
ਸ਼ਬਦ ਸ਼ਬਦ ਵਾਕ ਵਾਕ
ਸਾਹਾਂ ਚ ਘੁਲ ਜਾਵੇ
ਸਹਿਜ ਸੁਭਾਅ।

ਤੂੰ ਵਾਰ ਵਾਰ
ਮੇਰਾ ਹੀ ਨਾਮ ਲਿਖਦਾ
ਨਾ ਅੱਕਦਾ ਨਾ ਥੱਕਦਾ
ਹਰ ਵਾਰ ਰੰਗਾਂ ‘ਚੋਂ ਲੱਭਦਾ ਹੈਂ
ਖ਼ੁਸ਼ਬੂ ਦਾ ਆਕਾਰ।

ਮੇਰੀ ਜਿੰਦ ਲਰਜ਼ਦੀ
ਕੰਬਦੀ ਤਾਰ ਸਿਤਾਰ ਦੀ।
ਟੁਣਕਦੀ ਹੈ ਮੇਰੇ ਅੰਦਰਵਾਰ।
ਬੰਸਰੀ ਦੇ ਪੋਰ ਵਿੱਚ
ਸਾਹ ਤੁਰਦੇ ਸੰਗੀਤ ਜਨਮਦੇ।

ਬਾਂਸ ਦੇ ਟੋਟੇ ਵਿੱਚ
ਜੇ ਅੱਜ ਸੁਰਾਂ ਦਾ ਮੇਲਾ
ਭਰਿਆ ਹੈ
ਤਾਂ ਤੂੰ ਗੈਰ ਹਾਜ਼ਰ ਹੋ ਕੇ ਵੀ
ਹਾਜ਼ਰ ਹੈਂ ਮਹਿਕ ਵਾਂਗ।

ਕੋਰੇ ਵਰਕੇ ‘ਤੇ ਲਿਖਿਆ
ਤੇਰਾ ਹਰ ਹਰਫ਼ ਸੁਗੰਧੀਆਂ ਵੰਡਦਾ
ਤਨ ਮਨ ਮਹਿਕਾ ਦਿੰਦਾ
ਸੰਦਲੀ ਪੌਣ ਲੰਘ ਜਾਂਦੀ ਹੈ
ਮਨ ਦੀ ਬਗੀਚੀ ਵਿੱਚੋਂ।