November 11, 2024

ਸੁਖਜੀਤ ਕੌਰ ਆਹਲੂਵਾਲੀਆ

ਮੁਹੱਬਤਾਂ ਦੀ ਗਾਥਾ

ਡੂੰਘੇ ਗਹਿਰੇ ਅਹਿਸਾਸ
ਮੇਰੀ ਸਮਝ ਤੋਂ ਬਾਹਰ ਨੇ
ਮੈਂ ਸਰਲ ਤੇ ਸਾਦੀ ਜਹੀ
ਭਾਸ਼ਾ ਹੀ ਜਾਣਦੀ ਹਾਂ
ਜਿਵੇਂ ਰੁੱਖਾਂ ਦੀ ਜੀਰਾਂਦ
ਫੁੱਲਾਂ ਦੀ ਬਾਗਾਤ
ਚਹਿਕਦੇ ਪਰਿੰਦੇ
ਝਰਨਿਆਂ ਦਾ ਗੀਤ
ਪੰਜਾਂ ਪਾਣੀਆਂ ਦੀ ਗਾਥਾ
ਕੋਇਲ ਦੀ ਕੁਹੂ ਕੁਹੂ
ਅੰਬੀਆਂ ਨੂੰ ਬੂਰ
ਹਵਾਵਾਂ ਦੇ ਬੁੱਲੇ
ਸੂਰਜ ਦੀ ਲਾਲੀ
ਆਥਣ ਦਾ ਵੇਲਾ
ਘਰਾਂ ਨੂੰ ਮੁੜਦੇ
ਵਗਾਂ ਦਾ ਝੁਰਮਟ
ਸੁਰਮਈ ਅੰਬਰ
ਤਾਰਿਕਾ ਮੰਡਲ
ਮਮਟੀ ਤੇ ਦੀਵਾ
ਨਿੰਮੀ-ਨਿੰਮੀ ਲੋਅ
ਮਾਂ ਦੀ ਲੋਰੀ
ਸ਼ਬਦਾਂ ਦੀ ਮਿੱਠਤ
ਨੈਣਾਂ ‘ਚ ਨੀਂਦਰ
ਸੁਫਨੇ ਸਲੋਨੇ
ਨਿੱਕੇ ਨਿੱਕੇ ਸੰਵਾਦ
ਨਿੱਕੇ ਨਿੱਕੇ ਬੋਲ
ਮੁਹੱਬਤਾਂ ਦੀ ਗਾਥਾ।