November 11, 2024

ਅਰਤਿੰਦਰ ਸੰਧੂ

ਚਿੜੀਆ ਘਰ

ਇੱਕ ਜੰਗਲ ਵਿਚ ਰਹਿ ਰਹੇ ਹਾਂ
ਨਾਮ…… ਸੱਭਿਅਤਾ

ਕਿਉਂਕਿ ਸੱਭਿਅਤਾ ਹੈ …ਕਾਨੂੰਨ ਹਨ
ਕਿਉਂਕਿ ਜੰਗਲ ਹੈ, ਬਿਰਖ ਹਨ

ਦਿਨ ਪ੍ਰਤੀ ਦਿਨ ਵਧਦੇ ਫੁੱਲਦੇ
ਨਵੀਂਆਂ ਸ਼ਾਖਾਂ ਛੱਡਦੇ ਬਿਰਖ
ਰੋਕ ਦੇਂਦੇ ਕੁਝ ਰਸਤੇ, ਕੁਝ ਵਾਸਤੇ
ਬਣਾ ਦੇਂਦੇ ਕੁਝ ਰਸਤੇ ਕੁਝ ਵਾਸਤੇ
ਆਪਣੇ ਉੱਪਰ ਵੱਲੋਂ, ਆਸਿਉਂ-ਪਾਸਿਉਂ
ਕਿਤੇ ਮੋੜ ਲੈਂਦੇ ਸ਼ਾਖਾਂ ਉੱਪਰ ਵੱਲ
ਕਿਸੇ ਨੂੰ ਰਸਤੇ ਦੇਣ ਵਾਸਤੇ
ਕਿਸੇ ਨੂੰ ਛਾਂ ਕਿਸੇ ਨੂੰ ਧੁੱਪ ਦੇਣ ਵਾਸਤੇ
ਇਕਸਾਰਤਾ ਵਰਗਾ ਕੁਝ ਨਹੀਂ
ਕਿਉਂਕਿ ਇਹ ਜੰਗਲ ਸੱਭਿਅਤਾ ਦਾ ਹੈ

ਸੱਭਿਅਤਾ ਹੈ… ਤਾਂ ਕਾਨੂੰਨ ਵੀ ਹਨ
ਤੇ ਕਾਨੂੰਨਾਂ ਰਾਹੀਂ
ਲਪੇਟੀ ਜਾ ਰਹੀ ਹੈ ਜੰਗਲ ਦੀ
ਤੇ ਜੰਗਲ ਵਿਚ ਵਸਦਿਆਂ ਦੇ
ਪੈਰਾਂ ਹੇਠਲੀ ਧਰਤ

ਕੀਤੀ ਜਾ ਰਹੀ ਹੈ ਨਿਸ਼ਚਿਤ
ਤੁਰਨ ਲਈ ਹੱਦ
ਹੂੰਝੇ ਜਾ ਰਹੇ ਹਨ ਚੰਦ ਤੇ ਤਾਰੇ
ਬੱਦਲ਼ ਤੇ ਬਾਰਿਸ਼ ਸਣੇ ਅਸਮਾਨ ਦੇ

ਖਿੱਚੀ ਜਾ ਰਹੀ ਹੈ ਨਿਰੰਤਰ
ਜੰਗਲ ਦੀ ਹਵਾ
ਸੁੰਗੜ ਰਹੇ ਹਨ ਜੰਗਲ ਵਿਚ
ਰਹਿੰਦਿਆਂ ਦੇ ਸਾਹ

ਨਿਸ਼ਚਿਤ ਕੀਤੀ ਜਾ ਰਹੀ ਹੈ
ਸਾਹਾਂ ਦੀ ਗਿਣਤੀ

ਦੱਸੇ ਜਾ ਰਹੇ ਹਨ ਬੋਲਣ ਵਾਸਤੇ
ਆਵਾਜ਼ ਦੇ ਨਾਪ ਤੋਲ
ਉਚਾਈ, ਚੌੜਾਈ ਗਹਿਰਾਈ
ਸਿਖਾਈ ਜਾ ਰਹੀ ਹੈ
ਵਿਸ਼ੇਸ਼ ਤਰ੍ਹਾਂ ਦੀ ਸੁਣਨ ਯੋਗਤਾ ਵੀ

ਦੱਸਿਆ ਜਾ ਰਿਹਾ
ਕਿਵੇਂ ਨਿਗਲ ਜਾਣੀ ਹੈ
ਸੰਘ ਵਿਚ ਤੜਪਦੀ
ਆਪਣੀ ਬੇਚੈਨ ਆਵਾਜ਼

ਪੂਰਾ ਸਿਲੇਬਸ ਦੱਸਦੇ ਨੇ ਇਹ ਕਾਨੂੰਨ
ਤੇ ਬਹੁਤ ਕੁਝ ਹੈ ਸਿੱਖਣ ਵਾਸਤੇ
ਕਿਉਂਕਿ ਇਹ ਜੰਗਲ ਸੱਭਿਅਤਾ ਦਾ ਹੈ
ਪਰ…ਸੱਭਿਅਤਾ ਜੰਗਲ ਦੀ ਨਹੀਂ
ਕਿ ਕਰ ਸਕੋ ਜੋ ਮਰਜ਼ੀ
ਤੇ ਤੁਸੀਂ ਜਾਨਵਰ ਨਹੀਂ
ਇਨਸਾਨ ਹੀ ਸਹੀ…
ਪਰ ਹੋ ਤਾਂ ਸੱਭਿਅਤਾ ਦੇ ਜੰਗਲ ਵਿਚ
ਜੋ ਚਿੜੀਆ ਘਰ ਹੈ ਹੁਣ…..