February 6, 2025

ਮੋਹਨ ਸਪਰਾ

ਇਕ ਕਵਿਤਾ ਦੀ ਆਮਦ

ਪਿਛਲੇ ਦਿਨੀਂ
ਸੜਦੇ ਆਕਾਸ਼ ‘ਚ
ਇਕ ਪਾਗਲ ਬੱਦਲ ਸਿਸਕਿਆ
ਅਤੇ ਬਰਸ ਗਿਆ
ਚਾਂਦੀ ਹੀ ਚਾਂਦੀ
ਅਸੀਂ ਸਹਿਜ ਹੋਏ
ਅਤੇ ਉਨ੍ਹਾਂ ਨੇ ਸੋਚਿਆ—
ਬੱਸ ਗੁਆਇਆ ਹੀ ਗੁਆਇਆ ਹੈ ਅਸੀਂ
ਅਸੀਂ ਮੰਨਿਆ
ਆਮਦ : ਇਕ ਕਵਿਤਾ ਦੀ
ਹਨੇਰੇ ਵਿਚ ਬਲਦੀ ਮਸ਼ਾਲ ਜਿਵੇਂ
ਸੋਕੇ ਵਿਚ ਮਾਨਸੂਨ ਆਉਣ ਦੀ ਖ਼ਬਰ
ਚਿਹਰਿਆਂ ਦਾ ਰੰਗ ਬਦਲ ਦਿੰਦੀ ਹੈ ਜਿਵੇਂ
ਪਰ ਸਾਨੂੰ
ਉਹ ਨੰਨ੍ਹਾ ਖਰਗੋਸ਼ ਲੱਗਣ ਲੱਗਾ
ਅਸੀਂ ਰੰਗ-ਬਰੰਗੀਆਂ ਪਤੰਗਾਂ ਉਡਾਣ ਲੱਗੇ
ਖ਼ੁਦ ਬਖ਼ੁਦ,
ਪਰ ਉਹ ਨੰਨ੍ਹਾ ਖਰਗੋਸ਼
ਗੁੰਮ ਸੁੰਮ, ਹੱਡ-ਮਾਸ ਦਾ ਟੁਕੜਾ
ਆਪਣੇ ਆਉਣ ਦੀ ਮਜਬੂਰੀ ਵੀ ਤਾਂ
ਨਹੀਂ ਦੱਸ ਸਕਿਆ
ਸੁਪਨੇ ਵਿਚ ਡੁੱਬੇ ਦਿਨ ਰਾਤ
ਅੱਖਾਂ ਵਿਚ ਭਰਦੇ ਰਹੇ
ਭਵਿੱਖ ਦੇ ਤਾਜ ਮਹਲ
ਉਂਝ ਇਹ ਜਾਣਦੇ ਹੋਏ
ਕਿ ਇੱਥੇ ਇਨ੍ਹਾਂ ਇਨਸਾਨਾਂ ਦੀ ਬਸਤੀ ਵਿਚ
ਕੁਝ ਵੀ ਨਹੀਂ ਹੁੰਦਾ
ਤੈਅਸ਼ੁਦਾ
ਤੇ ਅਸੀਂ ਫਿਰ ਵੀ ਅਪਣਾਏ ਰਹਿੰਦੇ ਹਾਂ
ਨਾਟਕਾਂ ਸਦਕਾ
ਹਰ ਕਿਸੇ ਦੀ ਯਾਤਰਾ ਦੇ

ਅਰਥਵਾਨ ਹੋਣ
ਅਤੇ ਕੁਝ ਕਰਨ ਦੇ ਵਿੱਚ ਦੇ ਫ਼ਾਸਲੇ
ਨਾ ਸਮਝਦੇ ਹੋਏ
ਸੱਤਾ ਦੀ ਲਿਜ਼ਲਿਜੀ ਸਿਆਸਤ ‘ਤੇ
ਨਫ਼ਰਤ ਦੀ ਥੁੱਕ ਸੁੱਟਣ ਤੋਂ ਵੀ ਡਰਦੇ ਹਾਂ
ਅਸੀਂ ਕੰਬਖ਼ਤ
ਇਸ ਤਰ੍ਹਾਂ
ਕਿੱਥੇ ਮਿਲਦਾ ਹੈ
ਸਾਡੀ ਸੋਚ ਨੂੰ ਕਿਨਾਰਾ
ਅਤੇ ਕਿੱਥੋਂ
ਅਰਥਵਾਨ ਜ਼ਿੰਦਗੀ ਦੀ ਸ਼ੁਰੂਆਤ ਦੀ
ਤਲਾਸ਼ ਕੀਤੀ ਜਾਏ
ਇਹ ਸਭ ਤਾਂ ਸਹਿਜ ਬਹਾਨਾ ਹੁੰਦਾ ਹੈ
ਹੋ ਜਾਂਦਾ ਹੈ
ਉਹ ਸਾਡੇ ਤੋਂ ਦੂਰ ਖੜ੍ਹੇ ਹੋ ਕੇ
ਸਾਡੇ ਇਤਿਹਾਸ-ਭੂਗੋਲ ਦੇ ਫ਼ੈਸਲੇ
ਕਰਦੇ ਜਾਂਦੇ ਹਨ
ਅਤੇ ਅਸੀਂ
ਉਨ੍ਹਾਂ ਫ਼ੈਸਲਿਆਂ ਨੂੰ ਸਾਜਿਸ਼ ਆਖ
ਜੀਣ ਦਾ ਢੋਂਗ ਕਰਦੇ ਰਹਿੰਦੇ ਹਾਂ।